ਪਿੰਡ ਸੰਧਾਰਸੀ ਨੇੜਲੀ ਰੂਪ ਐਲੂਮੀਨੀਅਮ ਫੈਕਟਰੀ `ਚ ਨਿਕਲ ਰਿਹਾ ਧੂਆ ਰਾਹਗੀਰਾਂ ਦੇ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ
-ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਵੱਲੋਂ ਫੈਕਟਰੀ ਪਬੰਧਕਾਂ ਖਿਲਾਫ ਕਾਰਵਾਈ ਨਾਲ ਕਰਨ `ਤੇ ਲੱਗਿਆ ਸਵਾਲੀਆ ਨਿਸ਼ਾਨ?
ਰਾਜਪੁਰਾ, 2 ਅਗਸਤ (ਗੁਰਪ੍ਰੀਤ ਧੀਮਾਨ)-ਇਥੋਂ ਨੇੜਲੇ ਪਿੰਡ ਸੰਧਾਰਸੀ ਤੋਂ ਘਨੋਰ ਰੋਡ `ਤੇ ਸਥਿੱਤ ਰੂਪ ਐਲੂਮੀਨੀਅਮ ਨਾਮਕ ਫੈਕਟਰੀ `ਚੋਂ ਨਿਕਲਦੇ ਕਾਲੇ ਰੰਗ ਦੇ ਗਾੜੇ ਧੂਏ ਕਾਰਣ ਜਿਥੇ ਵਾਤਾਵਾਰਣ ਗੰਧਲਾ ਹੋ ਰਿਹਾ ਹੈ ਉਥੇ ਇਸ ਧੂਏ ਕਾਰਣ ਰਾਹਗੀਰਾਂ ਨੂੰ ਆ ਰਹੀ ਪ੍ਰੇਸ਼ਾਨੀ ਦੇ ਚਲਦਿਆਂ ਹਰ ਸਮੇੇਂ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਪਰ ਸਬੰਧਤ ਵਿਭਾਗ ਸਭ ਕੁੱਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਕਰਨ ਸਬੰਧੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ?
ਜਾਣਕਾਰੀ ਦੇ ਅਨੁਸਾਰ ਪਿੰਡ ਸੰਧਾਰਸੀ ਨੇੜੇ ਬਣੀ ਰੂਪ ਐਲੂਮੀਨੀਅਮ ਨਾਮਕ ਫੈਕਟਰੀ ਵਿੱਚ ਪੁਰਾਣੇ ਐਲੂਮੀਨੀਅਮ ਨੂੰ ਪਿੰਘਲਾ ਕੇ ਨਵਾਂ ਰੂਪ ਦਿੱਤਾ ਜਾਂਦਾ ਹੈ। ਇਸ ਪ੍ਰਕੀਰਿਆ ਸਮੇਂ ਫੈਕਟਰੀ ਦੀ ਚਿੰਮਨੀ ਵਿਚੋਂ ਨਿਕਲਦੇ ਜਹਿਰੀਲੇ ਕਾਲੇ ਰੰਗ ਦੇ ਧੂਏ ਕਾਰਣ ਨੇੜਲੇ ਸੜਕਾਂ ਕਿਨਾਰੇ ਛੋਟੇ ਕਾਰੋਬਾਰੀਆਂ ਤੇ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਇਕੱਠੇ ਹੋਏ ਕਾਲੇ ਧੂਏ ਕਾਰਣ ਹਰ ਸਮੇਂ ਸੜਕੀ ਹਾਦਸਿਆਂ ਦਾ ਖਦਸਾ ਬਣਿਆ ਹੋਇਆ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਫੈਕਟਰੀ ਪ੍ਰਬੰਧਕ ਇਸ ਧੂਏ ਨੂੰ ਕੰਟਰੋਲ ਕਰਨ `ਚ ਨਾਕਾਮਯਾਬ ਸਾਬਤ ਹੋ ਰਿਹਾ ਹੈ ਤੇ ਸਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸ ਸਬੰਧੀ ਜਦੋਂ ਫੈਕਟਰੀ ਦੇ ਜਨਰਲ ਮੈਨੇਜਰ ਵਿਕਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਾਵਰ ਕਾਮ ਵੱਲੋਂ ਲਗਾਏ ਜਾਂਦੇ ਪਾਵਰ ਕੱਟਾਂ ਕਾਰਣ ਇਹ ਸਮੱਸਿਆ ਜਾ ਰਹੀ ਹੈ। ਜਦੋਂ ਪਾਵਰ ਕੱਟ ਕਾਰਣ ਬੰਦ ਪਈ ਭੱਠੀ ਨੂੰ ਮੁੜ ਤੋਂ ਚਲਾਇਆ ਜਾਂਦਾ ਹੈ ਤਾਂ ਉਸ ਵਿਚੋਂ ਧੂੰਆ ਨਿਕਲਦਾ ਹੈ। ਉਨ੍ਹਾਂ ਇਸ ਧੂਏ ਦੇ ਕਾਬੂ ਪਾਉਣ `ਤੇ ਬੇਬਸੀ ਜਾਹਰ ਕਰਦਿਆਂ ਕਿਹਾ ਕਿ ਉਹ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵਲੋ ਮੀਟਿੰਗ ਵਿੱਚ ਵਿਅਸਥ ਹੋਣ ਕਰਕੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਫੋਟੋ ਕੈਪਸ਼ਨ:- ਇਥੋਂ ਨੇੜਲੇ ਪਿੰਡ ਸੰਧਾਰਸੀ ਨੇੜੇ ਫੈਕਟਰੀ ਵਿਚੋਂ ਨਿਕਲਦੇ ਧੂਏ ਦਾ ਦ੍ਰਿਸ਼।