ਰਾਜਪੁਰਾ ਵਿਖੇ ਇੱਕ ਪੱਤਰਕਾਰ ਵੱਲੋਂ ਤੰਗ ਪ੍ਰੇਸ਼ਾਨ ਹੋ ਕੇ ਕੀਤੀ ਆਤਮਹੱਤਿਆ
—ਥਾਣਾ ਸਿਟੀ ਪੁਲਿਸ ਵੱਲੋਂ ਸੁਸਾਈਡ ਨੋਟ ਦੇ ਅਧਾਰ *ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਸਣੇ 6 ਖਿਲਾਫ ਕੀਤਾ ਮਾਮਲਾ ਦਰਜ
ਰਾਜਪੁਰਾ, 11 ਨਵੰਬਰ (ਪ੍ਰਦੀਪ ਚੌਧਰੀ, ਗੁਰਪ੍ਰੀਤ ਧੀਮਾਨ)—ਇਥੋਂ ਦੀ ਸ਼ਿਵਾਜ਼ੀ ਪਾਰਕ ਵਿਖੇ ਅੱਜ ਸਵੇਰੇ ਇੱਕ ਪੱਤਰਕਾਰ ਵੱਲੋਂ ਤੰਗ ਪ੍ਰੇਸ਼ਾਨ ਹੋ ਕੇ ਜਹਿਰੀਲੀ ਚੀਜ ਖਾ ਕੇ ਆਤਮਹੱਤਿਆ ਕਰਨ ਦੇ ਚਲਦਿਆਂ ਮਰਨ ਤੋਂ ਪਹਿਲਾਂ ਦੀ ਵਾਇਰਲ ਹੋਈ ਮ੍ਰਿਤਕ ਦੀ ਵੀਡਿਓ ਅਤੇ ਪੈਂਟ ਦੀ ਜੇਬ *ਚੋਂ ਮਿਲੇ ਸੂਸਾਇਡ ਨੋਟ ਦੇ ਅਧਾਰ *ਤੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਨਿਰਭੈ ਸਿੰਘ ਮਿਲਟੀ ਕੰਬੋਜ਼ ਸਣੇ 6 ਵਿਅਕਤੀਆਂ ਦੇ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹਲਕਾ ਰਾਜਪੁਰਾ ਵਿਧਾਇਕ ਨੀਨਾ ਮਿੱਤਲ, ਘਨੋਰ ਵਿਧਾਇਕ ਗੁਰਲਾਲ ਸਿੰਘ ਨੇ ਮੌਕੇ *ਤੇ ਪਹੁੰਚ ਕੇ ਪੀੜ੍ਹਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਅਕਾਲੀ ਦਲ ਹਲਕਾ ਇੰਚਾਰਜ਼ ਚਰਨਜੀਤ ਸਿੰਘ ਬਰਾੜ ਤੇ ਭਾਜਪਾ ਇੰਚਾਰਜ਼ ਜਗਦੀਸ ਜੱਗਾ ਨੇ ਵੀ ਪੀੜ੍ਹਤ ਪਰਿਵਾਰ ਦੇ ਇਨਸਾਫ ਦੀ ਮੰਗ ਕੀਤੀ।
ਥਾਣਾ ਸਿਟੀ ਪੁਲਿਸ ਕੋਲ ਅਨੀਤਾ ਸ਼ਰਮਾ ਵਾਸੀ ਰੋਹਿਤ ਨਿਵਾਸ ਸ਼ਿਵ ਮੰਦਰ ਮਹਿੰਦਰਗੰਜ਼ ਰਾਜਪੁਰਾ ਨੇ ਬਿਆਨ ਦਰਜ ਕਰਵਾਏ ਕਿ ਉਸਦਾ ਪਤਾ ਰੋਜਾਨਾ ਦੀ ਤਰ੍ਹਾਂ ਸਵੇਰੇ 5 ਵਜੇ ਪਾਰਕ ਵਿੱਚ ਜਾਣ ਦਾ ਕਹਿ ਕੇ ਘਰ ਤੋਂ ਚਲਾ ਗਿਆ। ਜਦੋਂ ਦੇਰ ਤੱਕ ਘਰ ਵਾਪਸ ਨਹੀ ਆਇਆ ਤਾਂ ਮੈਂ ਆਪਣੇ ਭਤੀਜ਼ੇ ਮੁਨੀਸ਼ ਸ਼ਰਮਾ ਨੂੰ ਨਾਲ ਲੈ ਕੇ ਭਾਲ ਵਿੱਚ ਨਿਕਲ ਗਈ। ਇਸੇ ਦੌਰਾਨ ਮੁਨੀਸ਼ ਸ਼ਰਮਾ ਨੇ ਇੱਕ ਵੀਡਿਓ ਕਲਿੱਪ ਦੇਖੀ ਕਿ ਜਿਸ ਵਿੱਚ ਉਸਦੇ ਪਤੀ ਰਮੇਸ਼ ਸ਼ਰਮਾ ਜਿਹੜੇ ਕਿ ਪੱਤਰਕਾਰ ਦਾ ਕੰਮ ਕਰਦੇ ਸੀ ਵੱਲੋਂ ਤੰਗ ਪੇ੍ਰਸ਼ਾਨ ਹੋ ਕੇ ਆਤਮਹੱਤਿਆ ਕਰਨ ਜਾ ਰਹੇ ਹਨ। ਜਦੋਂ ਕਿਸੇ ਵੱਲੋਂ ਫੋਨ ਕਾਲ ਦੇ ਅਧਾਰ *ਤੇ ਸ਼ਿਵਾਜ਼ੀ ਪਾਰਕ ਵਿੱਚ ਪਹੁੰਚੇ ਤਾਂ ਉਥੇ ਮੇਰੇ ਪਤੀ ਨੇ ਜਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ ਸੀ। ਇਸ ਮੌਕੇ ਥਾਣਾ ਸਿਟੀ ਐਸ.ਐਚ.ਓ ਇੰਸਪੈਕਟਰ ਰਾਕੇਸ਼ ਕੁਮਾਰ ਆਪਣੀ ਪੁਲਿਸ ਟੀਮ ਦੇ ਨਾਲ ਪਹੁੰਚ ਗਏ ਤੇ ਮ੍ਰਿਤਕ ਦੀ ਜੇਬ ਵਿਚੋਂ ਇੱਕ ਸੂਸਾਇਡ ਨੋਟ ਵੀ ਮਿਲਿਆ। ਜਿਸ ਵਿੱਚ ਮ੍ਰਿਤਕ ਪੱਤਰਕਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਮੇਰੀ ਮਹਿੰਦਰਗੰਜ਼ ਬਜ਼ਾਰ ਵਿਖੇ ਸਥਿੱਤ ਹਾਰਡ ਵੇਅਰ ਦੀ ਦੁਕਾਨ *ਤੇ ਕਬਜ਼ਾ ਕਰਵਾ ਕੇ ਮੈਨੂੰ ਬੇਰੁਜ਼ਗਾਰ ਕਰ ਦਿੱਤਾ ਅਤੇ ਉਸਦੇ ਲੜਕੇ ਨਿਰਭੈ ਸਿੰਘ ਮਿਲਟੀ ਕੰਬੋਜ਼ ਨੇ ਮੇਰੇ ਭਤੀਜ਼ੇ ਦੇ ਨਾਲ ਰਲ ਕੇ ਕਪਿਲ ਢਾਬਾ 30 ਹਜਾਰ ਰੁਪਏ ਮਹੀਨਾ ਨਾ ਦੇਣ ਦੇ ਚਲਦਿਆਂ ਬੰਦ ਕਰਨਾ ਪਿਆ। ਇਸ ਤੋਂ ਇਲਾਵਾ ਮ੍ਰਿਤਕ ਰਮੇਸ਼ ਸ਼ਰਮਾ ਦੇ ਐਨਕਾਂ ਦੀ ਦੁਕਾਨ ਕਰਦੇ ਲਵਕੇਸ਼ ਕਪੂਰ, ਭੁਪਿੰਦਰ ਕਪੂਰ, ਅਜਾਦੀ ਘੁਲਾਟੀਆ ਅਵਤਾਰ ਸਿੰਘ, ਫਾਇਨਾਸ ਦਾ ਕੰਮ ਕਰਦੇ ਸੰਜੀਵ ਗਰਗ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਤਮ ਹੱਤਿਆ ਕਰ ਰਿਹਾ ਹਾਂ।ਸੂਸਾਈਡ ਨੋਟ *ਚ ਮ੍ਰਿਤਕ ਵਿਅਕਤੀ ਨੇ ਲਿਖਿਆ ਕਿ ਜਦੋਂ ਤੱਕ ਸਬੰਧਤ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਨਹੀ ਹੋ ਜਾਂਦਾ ਉਦੋਂ ਤੱਕ ਉਸਦਾ ਸਸਕਾਰ ਨਾ ਕਰਨ ਦੀ ਵੀ ਸ਼ਰਤ ਰੱਖੀ ਸੀ। ਇਸ ਤੋਂ ਇਲਾਵਾ ਹਲਕਾ ਵਿਧਾਇਕ ਨੀਨਾ ਮਿੱਤਲ ਤੇ ਭਾਜਪਾ ਇੰਚਾਰਜ਼ ਜਗਦੀਸ ਜੱਗਾ ਤੋਂ ਮਦਦ ਦੀ ਗੁਹਾਰ ਲਗਾਈ ਸੀ। ਜਿਸਦੇ ਚਲਦਿਆਂ ਥਾਣਾ ਸਿਟੀ ਪੁਲਿਸ ਐਸ.ਐਚ.ਓ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਰਮੇਸ਼ ਕੁਮਾਰ ਵੱਲੋਂ ਤੰਗ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰਨ ਦੇ ਚਲਦਿਆਂ ਸੁਸਾਈਡ ਨੋਟ ਦੇ ਅਧਾਰ *ਤੇ ਸਾਬਕਾ ਕਾਂਗਰਸ ਪਾਰਟੀ ਵਿਧਾਇਕ ਹਰਦਿਆਲ ਸਿੰਘ ਕੰਬੋਜ਼, ਉਸਦੇ ਪੁੱਤਰ ਨਿਰਭੈ ਸਿੰਘ ਮਿਲਟੀ ਕੰਬੋਜ਼, ਪੱਤਰਕਾਰ ਤੇ ਵਕੀਲ ਭੁਪਿੰਦਰ ਕਪੂਰ, ਡੈਂਟਲ ਤੇ ਐਨਕਾਂ ਦੀ ਦੁਕਾਨ ਕਰਦੇ ਲਵਕੇਸ਼ ਕਪੂਰ (ਕਪੂਰ ਫੈਮਿਲੀ), ਅਵਤਾਰ ਸਿੰਘ ਤੇ ਸੰਜੀਵ ਗਰਗ ਸਣੇ 6 ਵਿਅਕਤੀਆਂ ਦੇ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਹਲਕਾ *ਆਪ* ਵਿਧਾਇਕ ਨੀਨਾ ਮਿੱਤਲ ਤੇ ਘਨੋਰ ਵਿਧਾਇਕ ਗੁਰਲਾਲ ਸਿੰਘ ਨੇ ਪੀੜ੍ਹਤ ਪਰਿਵਾਰ ਦੇ ਨਾਲ ਦੁਖ ਪ੍ਰਗਟ ਕਰਦਿਆਂ ਇਨਸਾਫ ਦੁਆਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਨੇ ਰਮੇਸ਼ ਸ਼ਰਮਾ ਨੂੰ ਤੰਗ ਪ੍ਰੇਸ਼ਾਨ ਕਰਕੇ ਆਤਮਹੱਤਿਆ ਕਰਨ ਦੇ ਲਈ ਮਜਬੂਰ ਕਰ ਦਿੱਤਾ। ਸ੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ਼ ਚਰਨਜੀਤ ਸਿੰਘ ਬਰਾੜ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ *ਤੇ ਤੰਗ ਪ੍ਰੇਸ਼ਾਨ ਕਰਨ ਅਤੇ ਮੋਜੂਦਾ ਵਿਧਾਇਕ ਨੀਨਾ ਮਿੱਤਲ ਵੱਲੋਂ ਪਿਛਲੇ 7 ਮਹੀਨਿਆਂ ਤੋਂ ਇਨਸਾਫ ਦੀ ਮੰਗ ਕਰ ਰਹੇ ਰਮੇਸ਼ ਸ਼ਰਮਾ ਦੀ ਗੱਲ ਨਾ ਸੁਨਣ ਦੇ ਵੀ ਕਥਿੱਤ ਦੋਸ਼ ਲਗਾਏ।