ਸੰਭੂ ਵਾਇਆ ਘਨੋਰ ਓਵਰ ਬ੍ਰਿਜ਼ `ਤੇ ਲੱਗੇ ਮਿੱਟੀ ਦੇ ਢੇਰਾਂ ਕਾਰਣ ਰਾਹਗੀਰ ਪ੍ਰੇਸ਼ਾਨ
-ਮਿੱਟੀ ਦੇ ਢੇਰਾਂ ਕਾਰਣ ਕਿਸੇ ਵੀ ਸਮੇਂ ਵਾਪਰ ਸਕਦੈ ਵੱਡਾ ਹਾਦਸਾ, ਕਈ ਸਾਲਾਂ ਤੋਂ ਬੰਦ ਪਈਆ ਨੇ ਪੁਲ ਤੇ ਲੱਗੀਆਂ ਲਾਈਟਾਂ
ਸ਼ੰਭੂ 23 ਸਤੰਬਰ (ਗੁਰਪ੍ਰੀਤ ਧੀਮਾਨ)-ਕੌਮੀ ਸ਼ਾਹ ਮਾਰਗ ਨੰਬਰ 44 ਰਾਜਪੁਰਾ ਅੰਬਾਲਾ ਰੋਡ ਨੇੜਲੇ ਸਥਿੱਤ ਸੰਭੂ ਵਾਇਆ ਘਨੋਰ ਰੇਲਵੇ ਓਵਰ ਬ੍ਰਿਜ਼ `ਤੇ ਪੁੱਲ ਦੇ ਕੰਢਿਆਂ `ਤੇ ਲੱਗੇ ਵੱਡੇ-ਵੱਡੇ ਮਿੱਟੀ ਦੇ ਢੇਰ ਰਾਹਗੀਰਾਂ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ ਤੇ ਜਿੱਥੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਨੇੜਲੇ ਪਿੰਡਾਂ ਦੇ ਵਸਨੀਕ ਰਾਹਗੀਰ ਦਰਸ਼ਨ ਸ਼ਰਮਾ, ਨੰਬਰਦਾਰ ਅਵਤਾਰ ਸਿੰਘ ਮਰਦਾਂਪੁਰ, ਲਖਵਿੰਦਰ ਸਿੰਘ, ਸਤਨਾਮ ਸਿੰਘ, ਗੁਰਚਰਨ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਪਿੰਡ ਸੰਭੂ ਤੋਂ ਵਾਈਆ ਘਨੋਰ ਲਈ ਬਣੇ ਓਵਰ ਬ੍ਰਿਜ਼ `ਤੇ ਪੁੱਲ ਦੇ ਸਾਇਡਾਂ ਵਾਲੇ ਪਾਸੇ ਪਿਛਲੇ ਕਈ ਦਿਨ੍ਹਾਂ ਤੋਂ ਮਿੱਟੀ ਦੇ ਢੇਰ ਲੱਗੇ ਹੋਏ ਹਨ। ਪਹਿਲਾਂ ਇਹ ਮਿੱਟੀ ਦੇ ਢੇਰਾਂ ਤੋਂ ਹਵਾ ਵਿੱਚ ਮਿੱਟੀ ਉੱਡ ਕੇ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਪੈਣ ਕਾਰਣ ਦਰਜ਼ਨਾਂ ਹੀ 2 ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਪਰ ਹੁਣ ਪਿਛਲੇ 2 ਦਿਨ੍ਹਾਂ ਤੋਂ ਪੈ ਰਹੇ ਮੀਂਹ ਕਾਰਣ ਮਿੱਟੀ ਗਿੱਲੀ ਹੋ ਗਈ ਹੈ ਤੇ ਹੁਣ ਤਾਂ 2 ਵਹੀਆ ਵਾਹਨ ਸਲਿੱਪ ਹੋ ਕੇ ਡਿੱਗ ਰਹੇ ਹਨ। ਰਾਤ ਸਮੇਂ ਤਾਂ ਇਹ ਮਿੱਟੀ ਦੇ ਢੇਰ ਘੱਟ ਦਿਸਣ ਕਰਕੇ ਕਿਸੇ ਵੀ ਸਮੇਂ ਜਾਨੀ ਨੁਕਸਾਨ ਹੋ ਸਕਦਾ ਹੈ। ਰਾਹਗੀਰਾਂ ਦਾ ਕਹਿਣਾ ਹੈ ਸਬੰਧਤ ਵਿਭਾਗ ਵੱਲੋਂ ਭਾਂਵੇ ਪੁੱਲ ਦੇ ਉਪਰ ਤੋਂ ਮਿੱਟੀ ਇਕੱਠੀ ਕਰਕੇ ਢੇਰ ਤਾਂ ਲਗਾ ਦਿੱਤੇ ਹਨ ਪਰ ਚੁੱਕਣਾ ਭੁੱਲ ਗਏ ਹਨ। ਜਿਸ ਕਰਕੇ ਇਨ੍ਹਾਂ ਮਿੱਟੀ ਦੇ ਢੇਰਾਂ `ਚੋਂ ਘਾਹ ਵੀ ਉਗਣਾ ਸ਼ੁਰੂ ਹੋ ਗਿਆ ਹੈ। ਜਿਸ ਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਤੇ ਰਾਹਗੀਰਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਮਿੱਟੀ ਦੇ ਢੇਰਾਂ ਨੂੰ ਤੁਰੰਤ ਚੁੱਕਿਆ ਜਾਵੇ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਇਸ ਪੁੱਲ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਪੁੱਲ ਉੱਤੇ ਲਗਾਇਆ ਲਾਇਟਾਂ ਬੰਦ ਪਈਆਂ ਹਨ। ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਮਿਸ ਸਿਮਰਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ `ਚ ਨਹੀ ਹੈ ਤੇ ਮੌਕੇ `ਤੇ ਜੇ.ਈ ਨੂੰ ਭੇਜ਼ ਕੇ ਢੇਰਾਂ ਨੂੰ ਚੁਕਵਾ ਦਿੱਤਾ ਜਾਵੇਗਾ ਤਾਂ ਜ਼ੋਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ।