Punjab Farmer Upset: ਪੰਜਾਬ ਭਰ ’ਚ ਬਦਲੇ ਮੌਸਮ ਮਿਜਾਜ ਕਾਰਨ ਜਿੱਥੇ ਤਾਪਮਾਨ ’ਚ ਕਾਫੀ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਕਿਸਾਨਾਂ ਦੇ ਸਾਹ ਸੁੱਕ ਗਏ ਹਨ। ਜੀ ਹਾਂ ਪਹਿਲਾਂ ਕਿਸਾਨਾਂ ਦੀਆਂ ਫਸਲਾਂ ਹੜ ਦੇ ਪਾਣੀ ਨੇ ਹਜ਼ਾਰਾਂ ਏਕੜ ਫ਼ਸਲ ਖ਼ਰਾਬ ਕੀਤੀ ਹੁਣ ਜਦੋਂ ਫਸਲ ਪੱਕ ਕੇ ਮੰਡੀ ਵਿੱਚ ਲਾਉਣ ਲਈ ਤਿਆਰ ਹੈ ਤਾਂ ਰੱਬ ਦੀ ਮਾਰ ਕਿਸਾਨਾਂ ’ਤੇ ਪੈ ਰਹੀ ਹੈ। ਦਰਅਸਲ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਮੰਡੀਆਂ ’ਚ ਖਰਾਬ ਹੋ ਰਹੀ ਹੈ।
ਜੇਕਰ ਗੱਲ ਕੀਤੀ ਜਾਵੇ ਸੰਗਰੂਰ ਦੇ ਅਨਾਜ਼ ਮੰਡੀ ਦੀ ਤਾਂ ਮੰਡੀ ’ਚ ਪੰਜਾਬ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ। ਮੀਡੀਆ ਨਾਲ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਸਾਡੀ ਪੁੱਤਾਂ ਵਾਂਗ ਪਾਲੀ ਫ਼ਸਲ ਖੁੱਲ੍ਹੇ ਅਸਮਾਨ ਹੇਠ ਰੁਲ ਰਹੀ ਹੈ ਸਰਕਾਰ ਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸੰਗਰੂਰ ਅਨਾਜ ਮੰਡੀ ’ਚ ਸੈਂਡ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ’ਚ ਪੈ ਰਹੀ ਮੀਂਹ ਕਾਰਨ ਕਿਸਾਨਾਂ ਵੱਲੋਂ ਲਿਆਇਆ ਗਿਆ ਝੋਨਾ ਖਰਾਬ ਹੋ ਰਿਹਾ ਹੈ। ਮੰਡੀ ’ਚ ਮੀਂਹ ਕਾਰਨ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨ ਲਖਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਕੱਲ੍ਹ ਤੋਂ ਝੋਨਾ ਲੈ ਕੇ ਆਏ ਹੈ ਅਤੇ ਡੇਢ ਘੰਟੇ ਲਗਾਤਾਰ ਮੀਂਹ ਹੋ ਰਹੀ ਹੈ ਅਤੇ ਕਿਸੇ ਵੀ ਆੜ੍ਹਤੀ ਨੇ ਅਜੇ ਤੱਕ ਹਾਲਾਤ ਦਾ ਜਾਇਜਾ ਨਹੀਂ ਲਿਆ। ਮੰਡੀ ’ਚ ਬਾਰਦਾਨੇ ਦਾ ਕੋਈ ਇੰਤਜਾਮ ਨਹੀਂ ਹੈ ਅਤੇ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਗਈ ਹੈ। ਹੁਣ ਕਿਸਾਨ ਕੀ ਕਰੇ ਸਭ ਕੁਝ ਮਹਿੰਗਾ ਹੋਇਆ ਪਿਆ ਹੈ। ਸਰਕਾਰ ਵੱਲਂ ਮੁੜ ਤੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਮੀਂਹ ਦੀ ਵਜ੍ਹਾ ਕਾਰਨ ਮੰਡੀ ਦੇ ਹਾਲਾਤ ਖਰਾਬ ਹੋਏ ਪਏ ਹਨ।
ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਬਾਸਮਤੀ ਲੈ ਕੇ ਆਏ ਹਨ ਅਤੇ ਮੀਂਹ ਦੇ ਕਾਰਨ ਉਨ੍ਹਾਂ ਦੀ ਬਾਸਮਤੀ ਖਰਾਬ ਹੋ ਗਈ ਹੈ। ਇੱਥੇ ਸ਼ੈੱਡ ਦਾ ਵੀ ਕੋਈ ਇੰਤਜਾਮ ਨਹੀਂ ਹੈ। ਇਸ ਕਾਰਨ ਕਿਸਾਨਾਂ ’ਤੇ ਬੁਰਾ ਅਸਰ ਪੈ ਰਿਹਾ ਹੈ।