ਨਿਊਯਾਰਕ,6 ਅਕਤੂਬਰ: ਨਿਊ ਜਰਸੀ ਵਿੱਚ ਭਾਰਤੀ ਭਾਈਚਾਰੇ ਨੂੰ ਸਦਮੇ ਵਿੱਚ ਛੱਡਣ ਵਾਲੀ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਲਾਸ਼ ਮਿਲੀ ਹੈ। ਜਿਸ ਵਿੱਚ ਅਧਿਕਾਰੀਆਂ ਨੂੰ ਕਤਲ-ਆਤਮਹੱਤਿਆ ਦਾ ਮਾਮਲਾ ਹੋਣ ਦਾ ਸ਼ੱਕ ਹੈ।
ਬੁੱਧਵਾਰ ਸ਼ਾਮ ਨੂੰ ਪਲੇਨਸਬੋਰੋ ਪੁਲਿਸ ਦੁਆਰਾ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਕਾਉਂਟੀ ਪ੍ਰੌਸੀਕਿਊਟਰ ਯੋਲਾਂਡਾ ਸਿਕੋਨ ਦੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਤੇਜ ਪ੍ਰਤਾਪ ਸਿੰਘ (43), ਸੋਨਲ ਪਰਿਹਾਰ (42), ਉਨ੍ਹਾਂ ਦੇ 10 ਸਾਲ ਦੇ ਬੇਟੇ ਅਤੇ 6 ਸਾਲ ਦੀ ਧੀ ਵਜੋਂ ਹੋਈ ਹੈ।
ਹਾਲਾਂਕਿ ਸਿਕੋਨ ਦੁਆਰਾ ਪਰਿਵਾਰ ਦੀ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਇਹ ਦੱਸਿਆ ਗਿਆ ਕਿ ਜਾਂਚ ਜਾਰੀ ਹੈ ਅਤੇ ਇਸ ਦੁਖਦਾਈ ਘਟਨਾ ਦੇ ਆਲੇ ਦੁਆਲੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਕਰਵਾਏ ਜਾ ਰਹੇ ਹਨ।
ਪਲੇਨਸਬੋਰੋ ਦੇ ਮੇਅਰ ਪੀਟਰ ਕੈਂਟੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ ਕਿਹਾ, “ਸਾਡੇ ਭਾਈਚਾਰੇ ਵਿੱਚ ਜੋ ਕੁਝ ਹੋਇਆ, ਉਹ ਸਮਝ ਤੋਂ ਬਾਹਰ ਹੈ। ਅਸੀਂ ਇਸ ਦੁਖਦਾਈ ਘਟਨਾ ਤੋਂ ਦੁਖੀ ਹਾਂ,”
WCBS ਟੀਵੀ ਦੁਆਰਾ ਰਿਪੋਰਟ ਵਿੱਚ ਸੂਤਰਾਂ ਨੇ ਕਿਹਾ ਕਿ ਵਿਅਕਤੀ ਨੇ ਪਹਿਲਾਂ ਆਪਣੀ ਪਰਿਵਾਰਿਕ ਮੈਂਬਰਾ ਨੂੰ ਮਾਰਿਆ ਅਤੇ ਫ਼ਿਰ ਖ਼ੁਦ ਦੀ ਜਾਨ ਲਈ। ਪਰਿਵਾਰ ਦੇ ਘਰ ਦੇ ਬਾਹਰ ਰਿਸ਼ਤੇਦਾਰਾਂ ਨੇ ਮਾਂ-ਬਾਪ ਨੂੰ ਖੁਸ਼ਹਾਲ ਜੋੜਾ ਦੱਸਦੇ ਹੋਏ ਇਸ ਰਿਪੋਰਟ ‘ਤੇ ਬੇਭਰੋਸਗੀ ਜਤਾਈ।
– ACTION PUNJAB NEWS