IND vs PAK World Cup 2023: ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਮੈਚ ਸ਼ਨੀਵਾਰ 14 ਅਕਤੂਬਰ ਨੂੰ ਹੋਣ ਜਾ ਰਿਹਾ ਹੈ। ਇਹ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਦੋਵੇਂ ਟੀਮਾਂ ਨੇ ਆਪਣੇ ਪਹਿਲੇ 2 ਮੈਚ ਜਿੱਤੇ ਹਨ। ਅਜਿਹੇ ‘ਚ ਰੋਹਿਤ ਸ਼ਰਮਾ ਤੋਂ ਲੈ ਕੇ ਬਾਬਰ ਆਜ਼ਮ ਤੱਕ ਸਾਰਿਆਂ ਦੀ ਨਜ਼ਰ ਵਿਸ਼ਵ ਕੱਪ ਦੇ 13ਵੇਂ ਸੀਜ਼ਨ ‘ਚ ਹੈਟ੍ਰਿਕ ਲਗਾਉਣ ‘ਤੇ ਹੋਵੇਗੀ। ਪਰ ਅਹਿਮਦਾਬਾਦ ਵਿੱਚ 14 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ‘ਚ ਭਾਰਤ ਅਤੇ ਪਾਕਿਸਤਾਨ ਦੇ ਮੈਚ ‘ਚ ਵਿਘਨ ਪੈ ਸਕਦਾ ਹੈ। ਇਸ ਤੋਂ ਪਹਿਲਾਂ ਏਸ਼ੀਆ ਕੱਪ 2023 ‘ਚ ਵੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਮੀਂਹ ਕਾਰਨ ਰੋਕਿਆ ਗਿਆ ਸੀ ਅਤੇ ਮੈਚ ਰਿਜ਼ਰਵ ਡੇ ‘ਤੇ ਪੂਰਾ ਹੋ ਗਿਆ ਸੀ। ਅਹਿਮਦਾਬਾਦ ਵਿੱਚ ਹੋਣ ਵਾਲੇ ਮੈਚ ਵਿੱਚ ਇੱਕ ਲੱਖ ਤੋਂ ਵੱਧ ਲੋਕ ਸਟੇਡੀਅਮ ਵਿੱਚ ਪਹੁੰਚ ਸਕਦੇ ਹਨ।
Accuweather ਦੇ ਅਨੁਸਾਰ, ਸ਼ਨੀਵਾਰ ਨੂੰ ਅਹਿਮਦਾਬਾਦ ਵਿੱਚ ਬੱਦਲ ਛਾਏ ਰਹਿਣਗੇ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਇਸ ਨਾਲ ਮੈਚ ਦੇ ਰੱਦ ਹੋਣ ਦੀ ਸੰਭਾਵਨਾ ਨਹੀਂ ਹੈ। ਹਾਂ, ਕੋਈ ਗੜਬੜ ਜ਼ਰੂਰ ਹੋ ਸਕਦੀ ਹੈ। ਜੇਕਰ ਵਨਡੇ ਵਿਸ਼ਵ ਕੱਪ ਦੇ ਰਿਕਾਰਡ ‘ਤੇ ਨਜ਼ਰ ਮਾਰੀਏ ਤਾਂ ਪਾਕਿਸਤਾਨੀ ਟੀਮ ਕਦੇ ਵੀ ਭਾਰਤੀ ਟੀਮ ਨੂੰ ਹਰਾਉਣ ‘ਚ ਕਾਮਯਾਬ ਨਹੀਂ ਹੋਈ ਹੈ। ਟੀਮ ਇੰਡੀਆ ਨੇ ਸਾਰੇ 7 ਮੈਚ ਜਿੱਤੇ ਹਨ। ਅਜਿਹੇ ‘ਚ ਟੀਮ ਇੰਡੀਆ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੇਗੀ। ਟੀਮ ਇੰਡੀਆ ਨੇ ਹੁਣ ਤੱਕ ਆਸਟ੍ਰੇਲੀਆ ਅਤੇ ਅਫਗਾਨਿਸਤਾਨ ਨੂੰ ਹਰਾਇਆ ਹੈ। ਜਦੋਂ ਕਿ ਪਾਕਿਸਤਾਨ ਨੇ ਪਹਿਲਾਂ ਨੀਦਰਲੈਂਡ ਅਤੇ ਫਿਰ ਸ਼੍ਰੀਲੰਕਾ ਨੂੰ ਹਰਾਇਆ।
ਰੋਹਿਤ ਸ਼ਰਮਾ ਨੇ ਪਿਛਲੇ ਮੈਚ ‘ਚ ਅਫਗਾਨਿਸਤਾਨ ਖਿਲਾਫ ਸ਼ਾਨਦਾਰ ਸੈਂਕੜਾ ਲਗਾਇਆ ਸੀ। ਉਹ ਵਿਸ਼ਵ ਕੱਪ ‘ਚ ਸਭ ਤੋਂ ਵੱਧ 7 ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਥੇ ਹੀ ਵਿਰਾਟ ਕੋਹਲੀ ਨੇ ਦੋਵਾਂ ਮੈਚਾਂ ‘ਚ ਅਰਧ ਸੈਂਕੜੇ ਦੀ ਪਾਰੀ ਖੇਡੀ ਹੈ। ਕੇਐੱਲ ਰਾਹੁਲ ਨੇ ਪਹਿਲੇ ਮੈਚ ‘ਚ ਆਸਟ੍ਰੇਲੀਆ ਖਿਲਾਫ ਅਜੇਤੂ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਮਤਲਬ ਕਿ ਸਾਰੇ ਬੱਲੇਬਾਜ਼ ਸ਼ਾਨਦਾਰ ਫਾਰਮ ‘ਚ ਹਨ। ਡੇਂਗੂ ਕਾਰਨ ਸ਼ੁਭਮਨ ਗਿੱਲ ਦੋਵੇਂ ਮੈਚ ਨਹੀਂ ਖੇਡ ਸਕੇ। ਹਾਲਾਂਕਿ, ਉਸਨੇ ਅਹਿਮਦਾਬਾਦ ਪਹੁੰਚ ਕੇ ਅਭਿਆਸ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਉਹ ਪਲੇਇੰਗ ਇਲੈਵਨ ‘ਚ ਵਾਪਸੀ ਕਰ ਸਕਦਾ ਹੈ।
ਹਾਲ ਹੀ ‘ਚ ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੈਚ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਨੇ ਸੈਂਕੜੇ ਲਗਾਏ ਸਨ। ਟੀਮ ਇੰਡੀਆ ਨੇ ਪਹਿਲਾਂ ਖੇਡਦੇ ਹੋਏ 356 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਜਵਾਬ ‘ਚ ਪਾਕਿਸਤਾਨ ਦੀ ਟੀਮ 128 ਦੌੜਾਂ ਹੀ ਬਣਾ ਸਕੀ। ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਨੇ 5 ਵਿਕਟਾਂ ਲਈਆਂ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਵਿਸ਼ਵ ਕੱਪ ਦੇ ਪਹਿਲੇ ਦੋ ਮੈਚਾਂ ਵਿੱਚ ਬੱਲੇ ਨਾਲ ਚੰਗਾ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੇ ਹਨ।