Sunday, December 3, 2023
More

    Latest Posts

    ‘ਸਾਚਾ ਗੁਰ ਲਾਧੋ ਰੇ’ ਜੋੜ ਮੇਲਾ ਬਾਬਾ ਬਕਾਲਾ ਸਾਹਿਬ ‘ਤੇ ਵਿਸ਼ੇਸ਼ | ਧਰਮ ਅਤੇ ਵਿਰਾਸਤ | ActionPunjab


    ਸਿੱਖ ਤਵਾਰੀਖ਼ ਵਿੱਚ ਹਰ ਦਿਨ ਕਿਸੇ ਨਾ ਕਿਸੇ ਘਟਨਾ ਜਾਂ ਯਾਦ ਨਾਲ ਜੁੜਿਆ ਹੋਇਆ ਹੈ। ਗੁਰੂ ਸਾਹਿਬਾਨ ਦੇ ਪੁਰਬਾਂ ਤੋਂ ਇਲਾਵਾ ਉਨ੍ਹਾਂ ਦੇ ਜੀਵਨ-ਕਾਲ ਨਾਲ ਜੁੜੀਆਂ ਅਹਿਮ ਤੇ ਖ਼ਾਸ ਘਟਨਾਵਾਂ ਨੂੰ ਸਿੱਖ ਸਫ਼ਾਂ ਵਿੱਚ ਬੜੇ ਚਾਅ ਤੇ ਉਤਸ਼ਾਹ ਨਾਲ ਯਾਦ ਕੀਤਾ ਜਾਂਦਾ ਹੈ। ਇਨ੍ਹਾਂ ਘਟਨਾਵਾਂ ਦੇ ਚੇਤਿਆਂ ਵਿੱਚੋਂ ਗੁਜ਼ਰਦੀਆਂ ਸਿੱਖ ਸੰਗਤਾਂ ਗੁਰੂ ਦੇ ਪਿਆਰ ਤੇ ਅਦਬ ਤੋਂ ਬਲਿਹਾਰੇ ਜਾਂਦੀਆਂ ਹਨ। ਇਸ ਨਾਲ ਉਨ੍ਹਾਂ ਦੀ ਜੀਵਨ-ਜਾਚ ਵਿੱਚ ਸਿੱਖੀ ਦਾ ਰੰਗ ਹੋਰ ਵੀ ਗੂੜ੍ਹਾ ਤੇ ਪਕੇਰਾ ਹੁੰਦਾ ਹੈ। 

    ਇਤਿਹਾਸ ਅਨੁਸਾਰ ਚੇਤ ਮਹੀਨੇ 1664 ਈ. ਨੂੰ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਵਿੱਚ ਜੋਤੀ ਜੋਤਿ ਸਮਾਉਣ ਲੱਗੇ ਤਾਂ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਅੱਗਿਓਂ ਕਿਸ ਦੇ ਲੜ ਲਾ ਕੇ ਚੱਲੇ ਹੋ। ਪਾਤਸ਼ਾਹ ਨੇ ਪੰਜ ਪੈਸੇ ਤੇ ਨਾਰੀਅਲ ਮੰਗਵਾਇਆ। ਬਾਲਾ ਪ੍ਰੀਤਮ ਨੇ ਥਾਲੀ ਵਿੱਚ ਪਈ ਸਮੱਗਰੀ ਦੁਆਲੇ ਹੱਥ ਦੇ ਨਾਲ ਤਿੰਨ ਵਾਰ ਪਰਿਕਰਮਾ ਕੀਤੀ ਤੇ ਸਿਰ ਝੁਕਾ ਕੇ ਬਚਨ ਕਹੇ ‘ਬਾਬਾ ਬਕਾਲੇ’। ਗੁਰੂ ਸਾਹਿਬ ਦਾ ਇਹ ਇਸ਼ਾਰਾ ਆਪਣੇ ਬਾਬੇ ਗੁਰੂ ਤੇਗ ਬਹਾਦਰ ਵੱਲ ਸੀ।

    ਸਿੱਖ ਇਤਿਹਾਸ ਵਿੱਚ ਇਹ ਪਹਿਲੀ ਵਾਰ ਸੀ ਕਿ ਜਦੋਂ ਗੁਰਿਆਈ ਦੇ ਅਗਲੇ ਵਾਰਿਸ ਜੋਤੀ ਜੋਤਿ ਸਮਾਉਣ ਸਮੇਂ ਹਾਜ਼ਰ ਨਹੀਂ ਸਨ। ਇਸ ਸਮੇਂ ਦੌਰਾਨ ਹੀ ਗੁਰੂ ਘਰ ਦੇ ਇੱਕ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਜੋ ਇੱਕ ਵੱਡਾ ਵਪਾਰੀ ਸੀ ਤੇ ਸਮੁੰਦਰੀ ਜਹਾਜ਼ਾਂ ਰਾਹੀਂ ਵਪਾਰ ਕਰਦਾ ਸੀ, ਦਾ ਬੇੜਾ ਤੂਫ਼ਾਨ ਵਿੱਚ ਫ਼ਸ ਗਿਆ। ਉਸ ਨੇ ਹੋਰ ਕੋਈ ਵਾਹ ਨਾ ਚੱਲਦੀ ਦੇਖ ਗੁਰੂ ਚਰਨਾਂ ਦਾ ਆਸਰਾ ਤੱਕਿਆ। ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਆਪਣੇ ਪਿਆਰੇ ਦੀ ਲਾਜ ਰੱਖੋ। ਮੇਰਾ ਬੇੜਾ ਪਾਰ ਕਰੋ। ਮੈਂ ਤੁਹਾਡੇ ਦਰਸ਼ਨਾਂ ਲਈ ਆਵਾਂਗਾ ਤੇ 500 ਮੋਹਰਾਂ ਗੁਰੂ ਘਰ ਲਈ ਅਰਪਿਤ ਕਰਾਂਗਾ। ‘ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ’ ਦੇ ਮਹਾਂਵਾਕਾਂ ਅਨੁਸਾਰ ਉਸ ਦਾ ਬੇੜਾ ਕਿਨਾਰੇ ਲਗ ਗਿਆ। ਜਦੋਂ ਉਹ ਗੁਰੂ ਚਰਨਾਂ ਵਿੱਚ ਆਉਣ ਦੀ ਤਿਆਰੀ ਕਰ ਰਿਹਾ ਸੀ ਤਾਂ ਪਤਾ ਲੱਗਾ ਕਿ  ਅਠਵੇਂ ਪਾਤਸ਼ਾਹ ਜੋਤੀ ਜੋਤਿ ਸਮਾ ਗਏ ਹਨ ਤੇ ਅਗਲੇ ਉਤਰਾਧਿਕਾਰੀ ਲਈ ਰਮਜ਼ ਭਰਪੂਰ ‘ਬਾਬਾ ਬਕਾਲੇ’ ਦਾ ਇਸ਼ਾਰਾ ਕਰ ਗਏ ਹਨ। 

    ਮੱਖਣ ਸ਼ਾਹ ਕਾਫ਼ਲੇ ਸਮੇਤ ਬਕਾਲੇ ਪਹੁੰਚਿਆ। ਵੇਖ ਕੇ ਬੜਾ ਹੈਰਾਨ ਹੋਇਆ ਕਿ ਇੱਥੇ ਤਾਂ 22 ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਈ ਗੁਰੂ ਬਣੇ ਹੋਏ ਹਨ। ਸੱਚੇ ਗੁਰੂ ਦੀ ਪਛਾਣ ਕਰਨੀ ਬਹੁਤ ਔਖੀ ਹੈ। ਸੋਚ-ਵਿਚਾਰ ਕੇ ਘਰਵਾਲੀ ਨਾਲ ਸਲਾਹ ਕੀਤੀ ਤੇ ਇਹ ਵਿਚਾਰ ਬਣੀ ਕਿ ਗੁਰੂ ਤੇ ਅੰਤਰਜਾਮੀ ਆ। ਜਿਹੜਾ ਸੱਚਾ ਗੁਰੂ ਹੋਊ ਆਪਣੀ ਅਮਾਨਤ ਮੰਗ ਕੇ ਲੈ ਲਊ। ਵਿਚਾਰ ਬਣਿਆ ਕਿ 5-5 ਮੋਹਰਾਂ ਸਾਰੇ ਗੁਰੂਆਂ ਅੱਗੇ ਰੱਖ ਕੇ ਸਿਰ ਝੁਕਾਇਆ ਜਾਵੇ। ਪਰੰਤੂ ਕਮਾਲ ਦੀ ਗੱਲ ਸੀ ਕਿ ਕਿਸੇ ਨੇ ਵੀ ਪੂਰੀ ਅਮਾਨਤ ਨਾ ਮੰਗੀ। ਹੁਣ ਮੱਖਣ ਸ਼ਾਹ ਬੜਾ ਉਦਾਸ ਹੋਇਆ ਕਿ ਕੋਈ ਵੀ ਸੱਚਾ ਨਹੀਂ, ਫਿਰ ਸੱਚਾ ਗੁਰੂ ਕੌਣ ਹੈ।

    ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਪਾਤਸ਼ਾਹ ਨਜ਼ਰ ਸਵੱਲੀ ਕਰੋ। ਇੱਧਰੋਂ-ਉਧਰੋਂ ਪੁੱਛਣ ਤੋਂ ਪਤਾ ਲੱਗਾ ਕਿ ਗੁਰੂ ਵੰਸ਼ ’ਚੋਂ ਇੱਕ ਹੋਰ ਵੀ ਇਨਸਾਨ ਹੈ, ਜਿਸਨੂੰ ਲੋਕ ਤੇਗਾ ਤੇਗਾ ਕਹਿੰਦੇ ਹਨ। ਉਹ ਆਪਣੀ ਕਿਰਤ ਅਤੇ ਦੁਨੀਆ ਤੋਂ ਬੇਲਾਗ ਪਰਮਾਤਮ ਭਗਤੀ ਵਿੱਚ ਲੀਨ ਰਹਿੰਦੇ ਹਨ। ਸ਼ਾਹ ਜੀ ਪਤਾ ਕਰ ਦੱਸੇ ਸਥਾਨ ਵੱਲ ਗਏ। ਪਾਤਸ਼ਾਹ ਨੂੰ ਧਿਆਨ ਮਗਨ ਵੇਖ ਪਹਿਲਾਂ ਵਾਂਗ 5 ਮੋਹਰਾਂ ਰੱਖ ਨਮਸਕਾਰ ਕਰਕੇ ਮੁੜਨ ਲੱਗਾ ਤਾਂ ਜਾਣਨਹਾਰ ਸੱਚੇ ਪਾਤਸ਼ਾਹ ਨੇ ਵੇਖਿਆ ਤੇ ਬੋਲੇ ਵਾਹ ਮੱਖਣ ਸ਼ਾਹ ਜਦੋਂ ਬੇੜਾ ਫਸਿਆ ਸੀ ਉਦੋਂ 500 ਤੇ ਹੁਣ 5 ਨਾਲ ਸਾਰ ਦਿੱਤਾ। ਇਹ ਸੁਣ ਮੱਖਣ ਸ਼ਾਹ ਗਦ ਗਦ ਹੋ ਗਿਆ। ਮੋਹਰਾਂ ਦੀ ਥੈਲੀ ਅੱਗੇ ਰੱਖ ਕੇ ਡੰਡਉਤ ਬੰਦਨਾ ਕੀਤੀ। ਬੇਪਰਵਾਹ ਗੁਰੂ ਨੇ ਕਿਹਾ ਕਿ ਹੁਣ ਰੌਲਾ ਨਾ ਪਾਈਂ ਨਹੀਂ ਤੇ ਮੂੰਹ ਕਾਲਾ ਕਰਾਂਗੇ। 

    ਗਿਆਨੀ ਗਿਆਨ ਸਿੰਘ ਲਿਖਦੇ ਆ ਕਿ ਮੱਖਣ ਸ਼ਾਹ ਨੇ ਆਪੇ ਹੀ ਭਾਈ ਲੱਧੇ ਵਾਂਗੂੰ ਮੂੰਹ ਕਾਲਾ ਕਰ ਕੋਠੇ ਤੇ ਚੜ੍ਹ ਕੇ ਹੋਕਾ ਦਿੱਤਾ,

    ‘ਸਾਚਾ ਗੁਰੂ ਲਾਧੋ ਰੇ ਸਾਚਾ ਗੁਰੂ ਲਾਧੋ ਰੇ’

    ਕੋਠੇ ਚੜ੍ਹ ਕੇ ਹੋਕਾ ਦਿੱਤਾ ਉਹ ਸਿੱਖੋ ਸੰਗਤੋ ਦਰ ਦਰ ਨਾ ਭਟਕੋ, ਸੱਚਾ ਗੁਰੂ ਇੱਧਰ ਹੈ। ਫਿਰ ਬਾਬਾ ਬੁੱਢਾ ਜੀ ਦੀ ਬੰਸ ’ਚੋਂ ਭਾਈ ਗੁਰਦਿੱਤਾ ਜੀ ਨੇ ਗੁਰਿਆਈ ਦਾ ਤਿਲਕ ਲਗਾਇਆ। ਦਿੱਲੀ ਤੋਂ ਲਿਆਂਦੀ ਸਾਰੀ ਸਮੱਗਰੀ ਭੇਟ ਕੀਤੀ। ਸਭ ਨੇ ਨਮਸਕਾਰਾਂ ਕੀਤੀਆਂ। ਸਾਰੀ ਸੰਗਤ ਨੇ ਦਰਸ਼ਨ ਕੀਤੇ ਤੇ ਭੇਟਾਵਾਂ ਅਰਪਿਤ ਕਰ ਸੀਸ ਝੁਕਾਏ। ਇਸ ਤਰ੍ਹਾਂ ਗੁਰੂ ਸੂਰਜ ਪ੍ਰਗਟ ਹੋਣ ਕਰਕੇ 22 ਮੰਜੀਆਂ ਤਾਰਿਆਂ ਵਾਂਗ ਅਲੋਪ ਹੋ ਗਈਆਂ।

    ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਗੁਰਿਆਈ ’ਤੇ ਬਿਰਾਜਮਾਨ ਹੋਏ। ਇਤਿਹਾਸ ਅਨੁਸਾਰ  11 ਅਗਸਤ, 1664 ਈ. ਨੂੰ ਸਾਉਣ ਦੀ ਪੁੰਨਿਆ ਵਾਲੇ ਦਿਨ ਗੁਰੂ ਜੀ ਪ੍ਰਗਟ ਹੋਏ ਸਨ। ਉਸ ਦਿਨ ਸੁਭਾਵਿਕ ਰੱਖੜੀ ਦਾ ਦਿਨ ਸੀ। ਇਸ ਕਰਕੇ ਇਸ ਦਿਨ ਨੂੰ ਸਿੱਖ ਸੰਗਤਾਂ ਹਰ ਸਾਲ ‘ਸਾਚਾ ਗੁਰ ਲਾਧੋ ਰੇ’ ਦੇ ਜੋੜ ਮੇਲੇ ਵਜੋਂ ਮਨਾਉਂਦੀਆਂ ਹਨ। ਦੱਸਣਯੋਗ ਹੈ ਕਿ ਰੱਖੜੀ ਸਨਾਤਨ ਹਿੰਦੂ ਮੱਤ ਦਾ ਤਿਉਹਾਰ ਹੈ। ਇਸ ਲੋਕ ਤਿਉਹਾਰ ਦਾ ਉਸ ਦਿਨ ਨਾਲ ਕੋਈ ਸੰਬੰਧ ਨਹੀਂ ਹੈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.