Saturday, December 9, 2023
More

    Latest Posts

    ਦੁੱਖਦਾਈ ਖ਼ਬਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦਾ ਦੇਹਾਂਤ/ Giani Jagtar Singh former chief scribe of Sachkhand Sri Harmandir Sahib passed away | ਮੁੱਖ ਖਬਰਾਂ | ActionPunjab


    ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਹਨ। ਗਿਆਨੀ ਜਗਤਾਰ ਸਿੰਘ ਜੀ ਨੇ ਆਪਣੀ ਰਿਹਾਇਸ਼ ਅੰਤਰਜਾਮੀ ਕਾਲੋਨੀ ਤਰਨਤਾਰਨ ਰੋਡ ਅੰਮ੍ਰਿਤਸਰ ‘ਚ ਆਖ਼ਰੀ ਸਾਹ ਲਏ। ਸ਼ਾਮ 6 ਵਜੇ ਦੇ ਕਰੀਬ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਇਹ ਜਾਣਕਾਰੀ ਉਨ੍ਹਾਂ ਦੇ ਬੇਟੇ ਨਰੈਣ ਸਿੰਘ ਵੱਲੋਂ ਦਿੱਤੀ ਗਈ। ਗਿਆਨੀ  ਜਗਤਾਰ ਸਿੰਘ ਜੀ ਨੇ ਸ੍ਰੀ ਹਰਮੰਦਿਰ ਸਾਹਿਬ ‘ਚ ਮੁੱਖ ਗ੍ਰੰਥੀ ਵਜੋਂ ਲੰਬਾ ਸਮਾਂ ਸੇਵਾਵਾਂ ਦਿੱਤੀਆਂ ‘ਤੇ ਪੰਥ ਦੀ ਸੇਵਾ ਕੀਤੀ। 

    ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਜਿੱਥੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਕਥਾਵਾਚਕ ਦੀਆਂ ਸੇਵਾਵਾਂ ਨਿਭਾਈਆਂ ਉੱਥੇ ਲੰਬਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਗ੍ਰੰਥੀ ਦੀ ਸੇਵਾ ਨਿਭਾਉਂਦਿਆਂ ਸੰਗਤਾਂ ਨੂੰ ਬਾਣੀ ਬਾਣੇ ਨਾਲ਼ ਜੋੜਿਆ ਅਤੇ ਗੁਰੂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਕੀਤੀ।

    ਗਿਆਨੀ ਜਗਤਾਰ ਸਿੰਘ ਸਿਧਾਂਤਕ ਪੁਰਸ਼ ਸਨ ਜਿਨ੍ਹਾਂ ਨੇ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਦੁਨੀਆ ਵਿੱਚ ਫ਼ੈਲਾਉਣ ਲਈ ਹਮੇਸ਼ਾ ਸੰਜੀਦਾ ਪਹੁੰਚ ਅਪਣਾਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਜਿਹੀ ਸ਼ਖ਼ਸੀਅਤ ਦਾ ਚਲਾਣਾ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਵੱਡਾ ਘਾਟਾ ਹੈ ਜਿਸ ਦੀ ਪੂਰਤੀ ਨਹੀਂ ਹੋ ਸਕਦੀ। ਐਡਵੋਕੇਟ ਧਾਮੀ ਨੇ ਦਰਵੇਸ਼ ਪੁਰਸ਼ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

    ਸਿੰਘ ਸਾਹਿਬ ਦੇ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਰੀਆ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਸਮੇਤ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਮੈਂਬਰਾਂ ਅਤੇ ਅਧਿਕਾਰੀਆਂ ਨੇ ਵੀ ਗਹਿਰਾ ਅਫ਼ਸੋਸ ਪ੍ਰਗਟ ਕੀਤਾ।

    ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ, “ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖ਼ਬਰ ਬਹੁਤ ਦੁਖਦਾਇਕ ..ਵਾਹਿਗੁਰੂ ਗਿਆਨੀ ਜੀ ਦੀ ਰੂਹ ਨੂੰ ਸ਼ਾਂਤੀ ਬਖਸ਼ਣ..”

     ਸਤਿਕਾਰਯੋਗ ਸਿੰਘ ਗਿਆਨੀ ਰਘਬੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ (ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਅਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਜੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, “ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਜੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਜਾਣ ਨਾਲ ਪਰਿਵਾਰ ਅਤੇ ਪੰਥ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸਿੰਘ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਗੁਰਮੁੱਖਤਾਈ ਅਤੇ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਉਪਰ ਪਹਿਰਾ ਦਿੰਦਿਆਂ ਬਤੀਤ ਕੀਤਾ ਹੈ। ਉਨ੍ਹਾਂ ਵੱਲੋਂ ਕੀਤੀਆਂ ਸੇਵਾਵਾਂ ਨੂੰ ਪੰਥ ਸਦਾ ਯਾਦ ਰੱਖੇਗਾ। ਸਤਿਗੁਰੂ ਜੀ ਵਿੱਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ‘ਤੇ ਪਰਿਵਾਰ, ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।”

    – ACTION PUNJAB NEWS




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.