ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾ ਬੁੱਟਰ ਵਿਚ ਦੋ ਸਕੀਆਂ ਭੈਣਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਸੰਦੀਪ ਕੌਰ ਅਤੇ ਕੋਮਲਪ੍ਰੀਤ ਕੌਰ ਵਜੋਂ ਹੋਈ ਹੈ। ਕਤਲ ਦਾ ਦੋਸ਼, ਸੰਦੀਪ ਕੌਰ ਦੇ ਪਤੀ ਬਲਜਿੰਦਰ ਸਿੰਘ ‘ਤੇ ਲੱਗੇ ਹਨ।
ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਲਜਿੰਦਰ ਸਿੰਘ ਆਪਣੀ ਪਤਨੀ ਦੇ ਚਾਲ-ਚੱਲਣ ਦੇ ਸ਼ੱਕ ਕਰਦਾ ਸੀ। ਜੋ ਕਿ ਇਨ੍ਹਾਂ ਦੋਵਾਂ ਕਤਲਾਂ ਦੀ ਵਜ੍ਹਾ ਬਣੀ। ਬਲਜਿੰਦਰ ਸਿੰਘ ਨੇ ਬੀਤੇ ਦਿਨ 22 ਅਕਤੂਬਰ ਨੂੰ ਬਾਅਦ ਦੁਪਹਿਰ ਆਪਣੀ ਪਤਨੀ ਸੰਦੀਪ ਕੌਰ (35 ਸਾਲ) ਅਤੇ ਸਾਲੀ ਕੋਮਲਪ੍ਰੀਤ ਕੌਰ (19 ਸਾਲ), ਜੋ ਇਥੇ ਆਪਣੀ ਭੈਣ ਕੋਲ ਪੜ੍ਹਦੀ ਸੀ, ਦਾ ਡੰਡੇ ਮਾਰ ਕੇ ਕਤਲ ਕਰ ਦਿੱਤਾ ਗਿਆ।
ਪਤਾ ਲੱਗਾ ਹੈ ਕਿ ਬਲਜਿੰਦਰ ਸਿੰਘ ਇਨ੍ਹਾਂ ਦੋਵਾਂ ਦੇ ਚਾਲ-ਚੱਲਣ ’ਤੇ ਸ਼ੱਕ ਕਰਦਾ ਸੀ ਅਤੇ ਜਦੋਂ ਉਹ ਬਾਅਦ ਦੁਪਹਿਰ ਘਰ ਆਇਆ ਤਾਂ ਇਹ ਦੋਵੇਂ ਫੋਨ ’ਤੇ ਗੱਲਾਂ ਕਰ ਰਹੀਆਂ ਸਨ ਤਾਂ ਉਸ ਨੇ ਗੁੱਸੇ ’ਚ ਘਰੋਂ ਡੰਡਾ ਚੁੱਕ ਕੇ ਪਹਿਲਾਂ ਬੈੱਡ ’ਤੇ ਬੈਠੀ ਸਾਲੀ ਦੇ ਸਿਰ ’ਤੇ ਜ਼ੋਰਦਾਰ ਵਾਰ ਕੀਤਾ, ਜੋ ਕਿ ਮੌਕੇ ’ਤੇ ਹੀ ਦਮ ਤੋੜ ਗਈ ਅਤੇ ਬਾਅਦ ’ਚ ਪਤਨੀ ਜੋ ਫੋਨ ’ਤੇ ਗੱਲਾਂ ਕਰ ਰਹੀ ਸੀ, ਉਸਤੇ ਵੀ ਡੰਡੇ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।
ਘਟਨਾ ਨੂੰ ਅੰਜਾਮ ਦੇਣ ਉਪਰੰਤ ਮੁਲਜ਼ਮ ਨੇ ਖੁਦ ਪਿੰਡ ਦੇ ਸਰਪੰਚ ਜਸਮੇਲ ਸਿੰਘ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ। ਸਰਪੰਚ ਨੇ ਦੱਸਿਆ ਕਿ ਅਸੀਂ ਤੁਰੰਤ ਮੌਕੇ ’ਤੇ ਘਰ ਪੁੱਜ ਕੇ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਹਰਪ੍ਰੀਤ ਕੌਰ ਸਮੇਤ ਪੁਲਿਸ ਮੌਕੇ ’ਤੇ ਪਹੁੰਚ ਤੇ ਦੋਵੇਂ ਲਾਸ਼ਾਂ ਕਬਜ਼ੇ ’ਚ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਸ਼ੀ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੈ।
– ACTION PUNJAB NEWS