ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ (ਸੇਵਾ ਮੁਕਤ) ਐਸ ਐਸ ਸਾਰੋਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਾਸਤੇ ਵੋਟਾਂ ਦੀ ਰਜਿਸਟਰੇਸ਼ਨ ਦਾ ਸਮਾਂ ਤਿੰਨ ਮਹੀਨੇ ਵਧਾਇਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਮੁੱਖ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਉਹਨਾਂ ਨੂੰ ਇਸ ਸਬੰਧ ਵਿਚ ਮੰਗ ਪੱਤਰ ਸੌਂਪਿਆ, ਨੇ ਜਸਟਿਸ ਸਾਰੋਂ ਨੂੰ ਸਿੱਖ ਕੌਮ ਦੇ ਮੈਂਬਰਾਂ ਵੱਲੋਂ ਵੋਟਰਾਂ ਦੀ ਰਜਿਸਟਰੇਸ਼ਨ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ।
Submitted a memorandum and urged the Gurdwara Elections chief commissioner Justice (retd) S S Saron to extend the period for registration of votes for the SGPC elections by three months, mentioning farmers had been busy in harvesting their paddy crop and were now preparing to sow… pic.twitter.com/n2pH5gndlg
— Sukhbir Singh Badal (@officeofssbadal) October 25, 2023
ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਵੱਡੀ ਗਿਣਤੀ ਵਿਚ ਵੋਟਰ ਪੇਂਡੂ ਖੇਤਰ ਤੋਂ ਹਨ, ਜੋ ਇਸ ਵੇਲੇ ਪਿਛਲੇ ਇਕ ਮਹੀਨੇ ਤੋਂ ਝੋਨੇ ਦੀ ਵਾਢੀ ਵਿਚ ਲੱਗੇ ਹਨ ਅਤੇ ਹੁਣ ਕਣਕ ਦੀ ਬਿਜਾਈ ਵਿਚ ਲੱਗੇ ਹਨ। ਉਹਨਾਂ ਹਿਕਾ ਕਿ ਇਹ ਉਹ ਵੀ ਸਮਾਂ ਹੈ ਜਦੋਂ ਬੰਦੀ ਛੋੜ ਦਿਵਸ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਦਸੰਬਰ ਦੇ ਦੂਜੇ ਅੱਧ ਵਿਚ ਸਿੱਖ ਸੰਗਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਮਨਾਉਂਦੀ ਹੈ।
ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਕਈ ਵੋਟਰਾਂ ਨੇ ਉਹਨਾਂ ਕੋਲ ਪਹੁੰਚ ਕੀਤੀ ਹੈ ਜਿਹਨਾਂ ਨੇ ਦੱਸਿਆ ਹੈ ਕਿ ਵੋਟਰਾਂ ਦੀ ਰਜਿਸਟਰੇਸ਼ਨ ਦੀ ਪ੍ਰਕਿਰਿਆ ਬਹੁਤ ਜਟਿਲ ਹੈ ਤੇ ਗੈਰ ਤਰਕਸੰਗਤ ਹੈ। ਉਹਨਾਂ ਕਿਹਾ ਕਿ ਮੌਜੂਦਾ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੰਭਾਵੀ ਵੋਟਰਾਂ ਲਈ ਲਾਜ਼ਮੀ ਹੈ ਕਿ ਉਹ ਆਪਣਾ ਆਧਾਰ ਕਾਰਡ ਤੇ ਵੋਟਰ ਸ਼ਨਾਖ਼ਤੀ ਕਾਰਡ ਨਾਲ ਲਗਾਉਣ। ਉਹਨਾਂ ਕਿਹਾ ਕਿ ਵੋਟਰਾਂ ਨੂੰ ਪਟਵਾਰਖਾਨੇ ਵਿਚ ਆਪ ਫਾਰਮ ਵੀ ਦੇਣਾ ਪੈਂਦਾ ਹੈ। ਉਹਨਾਂ ਕਿਹਾ ਕਿ 60 ਲੱਖ ਤੋਂ ਵੱਧ ਵੋਟਰ ਨਿੱਜੀ ਤੌਰ ’ਤੇ ਪਟਵਾਰਖਾਨੇ ਜਾ ਕੇ ਆਪਣਾ ਫਾਰਮ ਦੇਣ ਤੋਂ ਅਸਮਰਥ ਹਨ। ਉਹਨਾਂ ਕਿਹਾ ਕਿ ਕਈ ਪਿੰਡਾਂ ਵਿਚ ਤਾਂ ਨਾ ਹੀ ਫੋਟੋਕਾਪੀ ਤੇ ਫੋਟੋਗ੍ਰਾਫੀ ਦੀਆਂ ਸਹੂਲਤਾਂ ਉਪਲਬਧ ਹੈ।
ਉਹਨਾਂ ਕਿਹਾ ਕਿ ਇਹਨਾਂ ਤੱਥਾਂ ਦੇ ਮੱਦੇਨਜ਼ਰ ਅਕਾਲੀ ਦਲ ਦੇ ਪ੍ਰਧਾਨ ਨੇ ਚੀਫ ਕਮਿਸ਼ਨਰ ਨੂੰ ਕਿਹਾ ਕਿ ਆਧਾਰ ਕਾਰਡ/ਵੋਟਰ ਸ਼ਨਾਖ਼ਤੀ ਕਾਰਡ ਦੀਆਂ ਫੋਟੋ ਕਾਪੀਆਂ ਦੇਣ ਸਮੇਤ ਕਈ ਸ਼ਰਤਾਂ ਨੂੰ ਤਬਦੀਲ ਕੀਤਾ ਜਾਵੇ। ਉਹਨਾਂ ਕਿਹਾ ਕਿ ਤਸਵੀਰਾਂ ਦੇਣ ਦੀ ਸ਼ਰਤ ਵੀ ਖਤਮ ਕੀਤੀ ਜਾ ਸਕਦੀ ਹੈ ਤੇ ਨਾਲ ਹੀ ਸਾਂਝੇ ਫਾਰਮਾਂ ਦੀ ਸ਼ਰਤ ਵੀ ਖਤਮ ਕੀਤੀ ਜਾ ਸਕਦੀ ਹੈ।
ਬਾਦਲ ਨੇ ਕਿਹਾ ਕਿ ਇਹਨਾਂ ਸਾਰੇ ਮੁੱਦਿਆਂ ਨੂੰ ਧਿਆਨ ਵਿਚ ਰੱਖਦਿਆਂ ਵੋਟਰਾਂ ਦੀ ਰਜਿਸਟਰੇਸ਼ਨ ਦਾ ਸਮਾਂ ਤਿੰਨ ਮਹੀਨੇ ਲਈ ਵਧਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸਿੱਖ ਭਾਈਚਾਰੇ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੂਰੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ, ਜਿਸ ਮਕਸਦ ਵਾਸਤੇ ਗੁਰਦੁਆਰਾ ਚੋਣਾਂ ਕਰਵਾਈਆਂ ਜਾਣੀਆਂ ਹਨ।
– ACTION PUNJAB NEWS