Saturday, December 2, 2023
More

  Latest Posts

  ਪੰਜਾਬ ਅੰਦਰ ਘੋੜਿਆਂ ਦੇ ਮੇਲੇ ‘ਤੇ ਲੱਗੀ ਪੂਰਨ ਪਾਬੰਦੀ; ਵਪਾਰੀਆਂ ਨੂੰ ਝੱਲਣਾ ਪਵੇਗਾ ਭਾਰੀ ਨੁਕਸਾਨ/Complete ban on horse fairs in Punjab Traders will have to bear heavy losses | ਪੰਜਾਬ | ActionPunjab


  ਬਠਿੰਡਾ:  ਕਿਸਾਨਾਂ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਲਈ ਅਤੇ ਕਰਜ਼ੇ ਦੀ ਪੈ ਰਹੀ ਮਾਰ ਤੋਂ ਬਚਾਉਣ ਲਈ ਸੂਬਾ ਸਰਕਾਰ ਵੱਲੋਂ ਸਹਾਇਕ ਧੰਦੇ ਅਪਣਾਉਣ ਲਈ ਕਿਹਾ ਜਾ ਰਿਹਾ ਹੈ। ਪਰ ਦੂਸਰੇ ਪਾਸੇ ਇਹ ਸਹਾਇਕ ਧੰਦੇ ਪੰਜਾਬ ਸਰਕਾਰ ਦੀਆਂ ਲਾਈਆਂ ਪਾਬੰਦੀਆਂ ਕਾਰਨ ਹੁਣ ਘੋੜਾ ਪਾਲਕ ਕਿਸਾਨਾਂ ਲਈ ਸਿਰਦਰਦੀ ਬਣ ਰਹੇ ਹਨ।

  ਇਨ੍ਹੀ ਦਿਨੀਂ ਪੰਜਾਬ ਵਿੱਚ ਸਹਾਇਕ ਧੰਦੇ ਵਜੋਂ ਕਿਸਾਨਾਂ ਵੱਲੋਂ ਅਪਣਾਏ ਗਏ ਸਟੱਡ ਫਾਰਮਿੰਗ ਦੇ ਕਾਰੋਬਾਰ ਨੂੰ ਗਲੈਂਡਰ ਨਾਮਕ ਬਿਮਾਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲਿਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। 

  ਘੋੜਿਆਂ ਨੂੰ ਲੈਕੇ ਆਉਣ ਅਤੇ ਜਾਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ। ਜਿਸ ਕਾਰਨ ਸਹਾਇਕ ਦੇ ਵਜੋਂ ਘੋੜਿਆਂ ਦਾ ਕਾਰੋਬਾਰ ਕਰਨ ਵਾਲੇ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਜਾਨਵਰਾਂ ਦੀ ਰੋਜ਼ਾਨਾ ਦੀ ਦੇਖ-ਰੇਖ ਅਤੇ ਖੁਰਾਕ ਉੱਪਰ ਹਜ਼ਾਰਾਂ ਰੁਪਏ ਖਰਚ ਕਰਨੇ ਪੈ ਰਹੇ ਹਨ।

  ਬਠਿੰਡਾ ਦੇ ਪਿੰਡ ਦਿਉਣ ਵਿਖੇ ਸਟੱਡ ਫਾਰਮਿੰਗ ਦਾ ਕੰਮ ਕਰਨ ਵਾਲੇ ਜਲੌਰ ਸਿੰਘ ਦਾ ਕਹਿਣਾ, “ਪੰਜਾਬ ਵਿੱਚ ਇਨ੍ਹੀ ਦਿਨੀਂ ਕਿਸਾਨਾਂ ਵੱਲੋਂ ਸਭ ਤੋਂ ਵੱਧ ਘੋੜਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਲੱਖਾਂ ਰੁਪਏ ਇਸ ਕਾਰੋਬਾਰ ਵਿੱਚ ਲਗਾਏ ਹੋਏ ਹਨ। ਇਹ ਕਾਰੋਬਾਰ ਪੰਜਾਬ ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲੇ ਰਾਹੀਂ ਹੁੰਦਾ ਹੈ। ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ ਅਤੇ ਮਾਲਦੀਪ ਜਿਹੇ ਦੇਸ਼ ਵਪਾਰੀ ਘੋੜੇ ਖਰੀਦਣ ਲਈ ਆਉਂਦੇ ਹਨ।”

  ਘੋੜਿਆਂ ਦੇ ਕਾਰੋਬਾਰੀ ਜਲੌਰ ਸਿੰਘ

  ਉਨ੍ਹਾਂ ਅੱਗੇ ਜਾਣਕਾਰੀ ਦਿੱਤੀ, “ਪਰ ਪੰਜਾਬ ਸਰਕਾਰ ਵੱਲੋਂ ਤੇਰਾ ਸਤੰਬਰ ਨੂੰ ਨਾਭੇ ਵਿਖੇ ਲੱਗੇ ਘੋੜਿਆਂ ਦੇ ਮੇਲੇ ਤੋਂ ਬਾਅਦ ਹੋਰ ਮੇਲਿਆਂ ‘ਤੇ ਪਾਬੰਦੀ ਲਗਾ ਦਿੱਤੀ ਗਈ। ਜਿਸ ਕਾਰਨ ਪੰਜਾਬ ਵਿੱਚ ਲੱਗਣ ਵਾਲੇ ਦੋ ਵੱਡੇ ਮੇਲੇ ਜਗਰਾਵਾਂ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਮੇਲੇ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਵਪਾਰੀ ਘੋੜਿਆਂ ਦੀ ਖਰੀਦ ਕਰਨ ਆਉਂਦੇ ਸਨ, ਰੱਦ ਕਰ ਦਿੱਤੇ ਗਏ ਹਨ।”

  ਸਿੰਘ ਦਾ ਕਹਿਣਾ ਕਿ ਇਨ੍ਹਾਂ ਮੇਲਿਆਂ ਦੇ ਰੱਦ ਹੋਣ ਨਾਲ ਕਰੋੜਾਂ ਰੁਪਏ ਦੇ ਜਾਨਵਰਾਂ ਦੀ ਖਰੀਦੋ-ਫਰੋਖਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕੱਲੇ ਜਗਰਾਵਾਂ ਦੇ ਘੋੜਿਆਂ ਦੇ ਮੇਲੇ ‘ਤੇ ਪੰਜ ਕਰੋੜ ਤੋਂ ਉੱਤੇ ਦੇ ਜਾਨਵਰ ਦੀ ਖਰੀਦ-ਵੇਚ ਹੁੰਦੀ ਸੀ। ਪਰ ਹੁਣ ਪਾਬੰਦੀ ਲੱਗਣ ਕਾਰਨ ਇਹ ਕਰੋੜਾਂ ਰੁਪਏ ਦੇ ਜਾਨਵਰ ਕਿਸਾਨਾਂ ਦੇ ਘਰੇ ਖੜੇ ਰਹਿ ਜਾਣਗੇ। 

  ਉਨ੍ਹਾਂ ਦੱਸਿਆ, “ਇਨ੍ਹਾਂ ਜਾਨਵਰਾਂ ਦੇ ਇੱਕ ਦਿਨ ਦੇ ਇੱਕ ਜਾਨਵਰ ਦਾ ਲਗਭਗ 1000 ਰੁਪਏ ਖਰਚਾ ਪੈ ਰਿਹਾ ਅਤੇ ਇੱਕ-ਇੱਕ ਕਾਰੋਬਾਰੀ ਕੋਲ 50 ਤੋਂ 60 ਲੱਖ ਰੁਪਏ ਦੇ ਜਾਨਵਰ ਖੜੇ ਹਨ। ਜਿਸ ਕਾਰਨ ਇਸ ਕਾਰੋਬਾਰ ਨਾਲ ਜੁੜੇ ਹੋਏ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।”

  ਜਲੌਰ ਸਿੰਘ ਦਾ ਦੱਸਿਆ ਕਿ ਇਕੱਲੇ ਜਗਰਾਵਾਂ ਦੇ ਮੇਲੇ ‘ਤੇ ਉਨ੍ਹਾਂ ਨੂੰ 10 ਲੱਖ ਰੁਪਏ ਦਾ ਮੁਨਾਫ਼ਾ ਹੋਇਆ ਸੀ, ਪਰ ਇਸ ਵਾਰ ਇਹ ਮੇਲਾ ਰੱਦ ਹੋਣ ਕਾਰਨ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੂਬੇ ਵਿੱਚ ਘੋੜਿਆਂ ਦੇ ਮੇਲੇ ਲਗਾਉਣ ‘ਤੇ ਲਗਾਈ ਗਈ ਪਾਬੰਦੀ ਨੂੰ ਹਟਾਇਆ ਜਾਵੇ, ਤਾਂ ਜੋ ਘੋੜਿਆਂ ਦੇ ਪ੍ਰਭਾਵਿਤ ਹੋ ਰਹੇ ਕਾਰੋਬਾਰ ਨੂੰ ਮੁੜ ਤੋਂ ਸੁਰਜੀਤ ਕੀਤਾ ਜਾ ਸਕੇ।

  ਕਾਬਲੇਗੌਰ ਹੈ ਕਿ ਗਲੈਂਡਰ ਨਾਮਕ ਬਿਮਾਰੀ ਦੇ ਪਿਛਲੇ ਸਾਲ ਲੁਧਿਆਣਾ ਅਤੇ ਬਠਿੰਡਾ ਵਿੱਚ ਇੱਕ-ਦੋ ਕੇਸ ਸਾਹਮਣੇ ਆਏ ਸਨ, ਜਿਸ ਕਾਰਨ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਘੋੜਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਅਤੇ ਘੋੜਿਆਂ ਦੇ ਸੈਂਪਲ ਵੀ ਲਏ ਗਏ।

  ਗਲੈਂਡਰ ਨਾਮਕ ਬਿਮਾਰੀ ਦੇ ਫੈਲਣ ‘ਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਧਾਰਾ 144 ਲਾਗੂ ਕਰਦੇ ਹੋਏ ਘੋੜਿਆਂ ਦੇ ਲੈ ਕੇ ਆਉਣ ਅਤੇ ਜਾਣ ਅਤੇ ਮੇਲੇ ਲਗਾਉਣ ‘ਤੇ ਪੂਰਨ ਤੌਰ ‘ਤੇ 25 ਨਵੰਬਰ ਤੱਕ ਪਾਬੰਦੀ ਲਗਾਈ ਗਈ ਹੈ।

  ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜਦੀਪ ਸਿੰਘ ਨੇ ਕਿਹਾ, “ਇਹ ਬਿਮਾਰੀ ਬਠਿੰਡਾ ਵਿੱਚ ਪਿੰਡ ਲਹਿਰਾ ਮੁਹੱਬਤ ਦੇ ਤਿੰਨ ਜਾਨਵਰਾਂ ਨੂੰ ਹੋ ਗਈ ਸੀ। ਜਿਸ ਤੋਂ ਬਾਅਦ ਦੋ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਇੱਕ ਘੋੜੇ ਨੂੰ ਫਿਰੋਜ਼ਪੁਰ ਵਿੱਚ ਛੱਡਿਆ ਗਿਆ ਹੈ। ਹੁਣ ਤੱਕ ਇਹ ਬਿਮਾਰੀ ਪੰਜਾਬ ਦੇ ਬਠਿੰਡਾ ਤੋਂ ਇਲਾਵਾ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਘੋੜਿਆਂ ਨੂੰ ਹੋ ਚੁੱਕੀ ਹੈ।” 

  ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜਦੀਪ ਸਿੰਘ

  ਉਨ੍ਹਾਂ ਦੱਸਿਆ, “ਇਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ, ਜਿਸ ਕਰ ਕੇ ਪੰਜਾਬ ਸਰਕਾਰ ਵੱਲੋਂ ਘੋੜਿਆਂ ਦੇ ਮੇਲਿਆਂ ਉੱਪਰ ਪਾਬੰਦੀ ਲਗਾਈ ਗਈ ਹੈ। ਬਠਿੰਡਾ ਦੇ ਨਾਲ ਲੱਗਦੇ ਛੇ ਜ਼ਿਲਿਆਂ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਧਾਰਾ 144 ਅਧੀਨ ਮੇਲਿਆਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਜ਼ਿਲਿਆਂ ‘ਚ ਵੀ ਪਾਬੰਦੀ ਲੱਗੀ ਹੋਈ ਹੈ।”

  ਉਨ੍ਹਾਂ ਅੱਗੇ ਕਿਹਾ ਕਿਉਂਕਿ ਘੋੜਾ ਪਾਲਕ ਲੋਕ ਬਿਮਾਰੀ ਲੱਗਣ ਵਾਲੇ ਪਸ਼ੂਆਂ ਨੂੰ ਮਾਰਨ ਨਹੀਂ ਦਿੰਦੇ, ਜਿਸ ਕਰ ਕੇ ਇਹ ਬਿਮਾਰੀ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਨੂੰ ਦੇਖਦੇ ਹੋਏ ਹੀ ਪਾਬੰਦੀ ਲਗਾਈ ਗਈ ਹੈ। ਜਿਸ ਨਾਲ ਪਸ਼ੂ ਪਾਲਕਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ ਅਤੇ ਨਾਲ ਸਰਕਾਰ ਨੂੰ ਵੀ ਨੁਕਸਾਨ ਝੱਲਣਾ ਪੈ ਰਿਹਾ ਹੈ।
  ਹੋਰ ਖ਼ਬਰਾਂ ਵੀ ਪੜ੍ਹੋ:

  – ACTION PUNJAB NEWS


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.