ਅੰਮ੍ਰਿਤਸਰ: ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 30 ਅਕਤੂਬਰ ਨੂੰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਤਰਾਂ-ਤਰਾਂ ਦੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ।
ਪਿਛਲੇ 15 ਸਾਲ ਤੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੰਬਈ ਦੀ ਸੰਗਤ ਵੱਲੋਂ ਗੁਰੂ ਘਰ ਦੇ ਅੰਨਨ ਸੇਵਕ ਇਕਬਾਲ ਸਿੰਘ ਦੀ ਅਗਵਾਈ ਹੇਠ ਫੁੱਲਾਂ ਦੀ ਸਜਾਵਟ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਵੀ ਮੁੰਬਈ ਤੋਂ 100 ਦੇ ਕਰੀਬ ਸ਼ਰਧਾਲੂ ਅਤੇ ਕਲਕੱਤਾ, ਦਿੱਲੀ ਤੋਂ 100 ਤੋਂ ਵੱਧ ਕਾਰੀਗਰ ਸ੍ਰੀ ਦਰਬਾਰ ਸਾਹਿਬ ਪਹੁੰਚ ਚੁੱਕੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਰਬਾਰ ਸਾਹਿਬ ਪਰਿਕਰਮਾ, ਸਾਰੇ ਪ੍ਰਵੇਸ਼ ਦੁਆਰਾਂ ਸਮੇਤ ਸ੍ਰੀ ਦਰਬਾਰ ਸਾਹਿਬ ਸਮੂਹ ਨੂੰ ਮਲੇਸ਼ੀਆ, ਸਿੰਗਾਪੁਰ, ਬੈੰਕਾਕ ਦੇ ਨਾਲ ਨਾਲ ਕਲਕੱਤਾ, ਪੁਣੇ, ਬੰਗਲੌਰ ਸਮੇਤ ਵੱਖ ਵੱਖ ਸਥਾਨਾਂ ਤੋਂ ਆਰਚਿਡ, ਰੋਜ਼, ਕਾਰਨਿਸ਼ਨ, ਗੈਂਡਾ, ਲੀਲੀ, ਗੁਲਸ਼ੀਰੀਂ ਆਦਿ ਅਨੇਕਾਂ ਕਿਸਮਾਂ ਦੇ 20 ਟਨ ਦੇ ਕਰੀਬ ਫੁੱਲਾਂ ਨਾਲ ਸਜਾਉਣ ਦੀ ਸੇਵਾ ਆਰੰਭ ਕੀਤੀ ਗਈ ਹੈ।
ਇਹ ਫੁੱਲ ਵਿਸ਼ੇਸ਼ ਤੌਰ ‘ਤੇ ਹਵਾਈ ਜਹਾਜ਼ ਅਤੇ ਦੇਸ਼ ‘ਚ ਰੈਫਰਿਜਰੇਸ਼ਨ ਵਾਲੀਆਂ ਗੱਡੀਆਂ ਰਾਹੀਂ ਲਿਆਂਦੇ ਗਏ ਹਨ ਅਤੇ ਫੁੱਲਾਂ ਨਾਲ ਸਜਾਵਟ ਦੀ ਇਹ ਸੇਵਾ 29 ਅਕਤੂਬਰ ਰਾਤ ਤੱਕ ਸੰਪਨ ਹੋ ਜਾਵੇਗੀ। ਜਿਸ ਮਗਰੋਂ ਸੰਗਤਾਂ ਨੂੰ ਫੁੱਲਾਂ ਨਾਲ ਮਹਿਕਦੇ ਸ੍ਰੀ ਦਰਬਾਰ ਸਾਹਿਬ ਦਾ ਵਿਲਖਣ ਨਜ਼ਾਰਾ ਦੇਖਣ ਨੂੰ ਮਿਲੇਗਾ। ਪਿਛਲੇ 15 ਸਾਲ ਤੋਂ ਇਹ ਫੁੱਲਾਂ ਦੀ ਸਜਾਵਟ ਦੀ ਸੇਵਾ ਕਰ ਰਹੇ ਮੁੰਬਈ ਨਿਵਾਸੀ ਇਕਬਾਲ ਸਿੰਘ ਆਪਣੇ ਆਪ ਨੂੰ ਬਹੁਤ ਵਡਭਾਗਾ ਮੰਨਦੇ ਹਨ ਕਿ ਗੁਰੂ ਰਾਮਦਾਸ ਜੀ ਕਿਰਪਾ ਸਦਕਾ ਇਹ ਸੇਵਾ ਉਨ੍ਹਾਂ ਦੇ ਭਾਗਾਂ ‘ਚ ਆਈ ਹੈ।
ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਉਣ ਦੀ ਸੇਵਾ ਕਰ ਰਹੇ ਇਕਬਾਲ ਸਿੰਘ ਨੇ ਸਾਡੇ ਸਹਿਯੋਗੀ ਮਨਿੰਦਰ ਸਿੰਘ ਮੌਂਗਾ ਨਾਲ ਖ਼ਾਸ ਗਲਬਾਤ ਕਰਦਿਆਂ ਕਿਹਾ, “ਗੁਰੂ ਰਾਮਦਾਸ ਸਾਹਿਬ ਦੀ ਅਪਾਰ ਕਿਰਪਾ ਸਦਕਾ ਉਨ੍ਹਾਂ ਇਹ ਸੇਵਾ ਸਾਡੀ ਝੋਲੀ ‘ਚ ਪਾਈ ਹੈ। ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਬੰਬੇ ਦੀ ਸਮੂਹ ਸੰਗਤ ਸਾਡੇ ਨਾਲ ਮਿਲ ਕੇ ਇਹ ਸੇਵਾ ਕਰਦੀ ਹੈ। ਸਾਰੀ ਸੰਗਤ ਬੜੇ ਹੀ ਚਾਵਾਂ ਨਾਲ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਇਸ ਸੇਵਾ ‘ਚ ਆਪਣਾ ਹਿੱਸਾ ਪਾਉਂਦੀ ਹੈ।”
ਉਨ੍ਹਾਂ ਅੱਗੇ ਕਿਹਾ, “ਇਹ ਸਾਰੇ ਫੁੱਲ ਦੇਸ਼-ਵਿਦੇਸ਼ ਪਹਿਲਾਂ ਅਸੀਂ ਦਿੱਲੀ ਮੰਗਵਾਉਂਦੇ ਹਾਂ ਅਤੇ ਉਸਤੋਂ ਬਾਅਦ ਉਥੋਂ ਖ਼ਰੀਦ ਕੇ ਅਸੀਂ ਇਹ ਸਾਰੇ ਫੁੱਲ ਅਤੇ ਕਾਰੀਗਰਾਂ ਨੂੰ ਆਪਣੇ ਨਾਲ ਲਿਆ ਕੇ ਇੱਥੇ ਇਹ ਸੇਵਾ ਕਰਦੇ ਹਾਂ।”
ਇਸ ਦੇ ਨਾਲ ਹੀ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਰਾਮਦਾਸ ਅੰਮ੍ਰਿਤ ਸਰੋਵਰ ਉੱਤੇ ਖਾਸ ਤੌਰ ‘ਤੇ ਬੁੱਕ ਕਰਵਾਏ ਗਏ ਨਿੱਜੀ ਹੈਲੀਕਾਪਟਰ ਦੀ ਮਦਦ ਨਾਲ ਗੁਲਾਬ ਦੀਆਂ ਪੰਖੁੜੀਆਂ ਦੀ ਵਰਖਾ ਕਰਵਾਈ ਗਈ, ਜਿਸ ਦਾ ਅਲੌਕਿਕ ਨਜ਼ਾਰਾ ਵੇਖਦਿਆਂ ਹੀ ਬਣਦਾ ਸੀ।
ਪ੍ਰਕਾਸ਼ ਪੂਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ
ਇਸ ਦੇ ਨਾਲ ਹੀ ਦੱਸਣਾ ਬਣਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਵੀ ਸਜਾਇਆ ਜਾਵੇਗਾ, ਜੋ ਕਿ ਬਾਅਦ ਦੁਪਹਿਰ 12 ਵਜੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਵੇਗਾ।
ਇਹ ਅਲੌਕਿਕ ਨਗਰ ਕੀਰਤਨ ਪੁਰਾਤਨ ਸ਼ਹਿਰ ਦੇ ਇਤਿਹਾਸਿਕ 12 ਦਰਵਾਜ਼ਿਆਂ ਦੇ ਬਾਹਰਵਰ ਹੁੰਦਾ ਹੋਇਆ ਦੇਰ ਸ਼ਾਮ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਸੰਪਨ ਹੋਵੇਗਾ। ਜਿਸ ਨੂੰ ਮੁੱਖ ਰੱਖਦੇ ਨਗਰ ਕੀਰਤਨ ਦੇ ਰੂਟ ‘ਤੇ ਰਸਤੇ ‘ਚ ਸੰਗਤਾਂ ਵੱਲੋਂ ਅਤਿ ਸੁੰਦਰ ਸਜਾਵਟ ਕੀਤੀ ਗਈ ਹੈ। ਇਸ ਦੇ ਨਾਲ ਹੀ ਰਾਹ ‘ਚ ਤਰਾਂ-ਤਰਾਂ ਦੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ। ਵੱਡੀ ਗਿਣਤੀ ‘ਚ ਸੰਗਤਾਂ ਇਸ ਨਗਰ ਕੀਰਤਨ ਸ਼ਮੂਲੀਅਤ ਕਰਨਗੀਆਂ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ….
30 ਅਕਤੂਬਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਨੇਕਾਂ ਸਮਾਗਮਾਂ ਦਾ ਅਯੋਜਿਨ ਕੀਤਾ ਜਾਵੇਗਾ। ਸਵੇਰੇ 8 ਵਜੇ ਗੁਰੂਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਤੇ ਗੁਰਦੁਆਰਾ ਬਾਬਾ ਅੱਟਲ ਰਾਏ ਸਾਹਿਬ ਵਿਖੇ ਪਵਿਤਰ ਜਲੌਅ ਸੰਗਤਾਂ ਦੇ ਦਰਸ਼ਨਾਂ ਲਈ ਸਜਾਏ ਜਾਣਗੇ। ਸ਼ਾਮ ਵੇਲੇ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਸੁੰਦਰ ਦੀਪਮਾਲਾ ਅਤੇ ਆਤਿਸ਼ਬਾਜੀ ਕੀਤੀ ਜਾਵੇਗੀ।
– ACTION PUNJAB NEWS