ਗੁਰਦਾਸਪੁਰ: ਬੀਤੇ ਦਿਨੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਵਿੱਚ ਕਰਵਾਏ ਗਏ ਇੱਕ ਖੇਡ ਮੇਲੇ ਦੌਰਾਨ ਸਟੰਟ ਕਰਦਿਆਂ ਨੌਜਵਾਨ ਸੁਖਮਨਦੀਪ ਦੀ ਟਰੈਕਟਰ ਥੱਲੇ ਆ ਕੇ ਦਰਦਨਾਕ ਮੌਤ ਹੋ ਗਈ ਸੀ। ਜਿਸ ਘਟਨਾ ਇਲਾਕੇ ਵਿੱਤ ਹਾਹਾਕਾਰ ਮਚਾ ਦਿੱਤੀ ਸੀ । ਦਰਦਨਾਕ ਹਾਦਸੇ ਬਾਰੇ ਡਿਪਟੀ ਕਮਿਸ਼ਨਰ ਨੇ ਜਾਤ ਚ ਦੇ ਹੁਕਮ ਕੱਢ ਦਿੱਤੇ ਹਨ ਅਤੇ ਖੁਲਾਸਾ ਕੀਤਾ ਹੈ ਕਿ ਮੇਲਾ ਕਮੇਟੀ ਨੇ ਪ੍ਰਸ਼ਾਸਨ ਤੋਂ ਸਟੰਟ ਦੀ ਮਨਜ਼ੂਰੀ ਨਹੀਂ ਲਈ ਸੀ। ਉਨ੍ਹਾਂ ਕਿਹਾ ਕਿ ਮੇਲਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਜੇਕਰ ਅਜਿਹੇ ਸਟੰਟ ਕਰਵਾਣੇ ਹੋਣ ਤਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਚਾਵ ਦੇ ਪੂਰੇ ਇੰਤਜ਼ਾਮ ਕਰਨ ਤੋ ਬਾਅਦ ਹੀ ਅਜਿਹੇ ਪ੍ਰੋਗਰਾਮ ਕਰਵਾਉਣ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ, “ਪਿੰਡ ਸਾਰਚੂਰ ਦੀ ਮੇਲਾ ਕਮੇਟੀ ਵੱਲੋਂ ਮੇਲੇ ਵਿੱਚ ਸਟੰਟ ਕਰਨ ਬਾਰੇ ਪ੍ਰਸ਼ਾਸਨ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾਂ ਹੀ ਕੋਈ ਅਗਾਊਂ ਪ੍ਰਵਾਨਗੀ ਲਈ ਗਈ, ਪਰ ਇਸ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਅਤੇ ਅਸੀਂ ਆਪਣੇ ਤੌਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ”
ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਵੱਖ-ਵੱਖ ਖੇਤਰਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪੋ-ਆਪਣੇ ਖੇਤਰਾਂ ਵਿਚ ਲੱਗਣ ਵਾਲੇ ਅਜਿਹੇ ਮੇਲਿਆਂ ‘ਤੇ ਵਿਸ਼ੇਸ਼ ਨਜ਼ਰ ਰੱਖਣ ਅਤੇ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਅਜਿਹਾ ਕੋਈ ਵੀ ਪ੍ਰੋਗਰਾਮ ਕਰਵਾਉਣ ਦੀ ਮੰਨਜ਼ੂਰੀ ਨਾ ਦੇਣ, ਜਿਸ ਵਿੱਚ ਅਜਿਹਾ ਕੋਈ ਸਟੰਟ ਕਰਵਾਇਆ ਜਾਣਾ ਹੋਵੇ ਜਿਸ ਵਿੱਚ ਜਾਨ ਦਾ ਖਤਰਾ ਹੋਵੇ।
ਉਨ੍ਹਾਂ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਐੱਸ.ਡੀ.ਐੱਮ ਫਤਿਹਗੜ੍ਹ ਚੂੜੀਆਂ ਨੂੰ ਮਾਮਲੇ ਦੀ ਜਾਂਚ ਕਰਕੇ ਇੱਕ ਹਫ਼ਤੇ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਐਡਵਾਈਜ਼ਰੀ ਜਾਰੀ ਕਰਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਯੋਗ ਕਦਮ ਚੁੱਕੇ ਜਾਣਗੇ। ਉਨ੍ਹਾਂ ਵੱਖ-ਵੱਖ ਪਿੰਡਾਂ ਦੀਆਂ ਮੇਲਾ ਕਮੇਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੇਲਿਆਂ ਵਿੱਚ ਅਜਿਹੇ ਸਟੰਟ ਕਰਨ ਤੋਂ ਗੁਰੇਜ਼ ਕਰਨ ਅਤੇ ਜੇਕਰ ਕੋਈ ਅਜਿਹਾ ਸਟੰਟ ਕਰਵਾਉਣਾ ਹੈ ਤਾਂ ਉਹ ਪਹਿਲਾਂ ਪ੍ਰਸ਼ਾਸਨ ਨੂੰ ਸੂਚਿਤ ਕਰਕੇ ਪ੍ਰਵਾਨਗੀ ਲੈਣ । ਪ੍ਰਸ਼ਾਸਨ ਉਹਨਾਂ ਨੂੰ ਅਜਿਹੇ ਇੰਤਜ਼ਾਮ ਕਰਨ ਵਿੱਚ ਸਹਿਯੋਗ ਕਰੇਗਾ ਜਿਨਾਂ ਨਾਲ ਸੰਭਾਵਿਤ ਖਤਰੇ ਤੋਂ ਬਚਣ ਦੇ ਪੂਰੇ ਇੰਤਜਾਮ ਕੀਤੇ ਜਾਣਗੇ ਤਾਂ ਜੋ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਕਬੱਡੀ ਮੇਲੇ ‘ਚ ਸਟੰਟ ਕਰ ਰਹੇ ਨੌਜਵਾਨ ਦੀ ਆਪਣੇ ਹੀ ਟਰੈਕਟਰ ਥੱਲੇ ਆਕੇ ਹੋਈ ਦਰਦਨਾਕ ਮੌਤ
– ACTION PUNJAB NEWS