ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾਂ ’ਚ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਕਾਰਸੇਵਾ ਅੱਜ ਪੰਥਕ ਰਵਾਇਤਾਂ ਅਨੁਸਾਰ ਸ਼ੁਰੂ ਹੋਈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਗਈ ਹੈ। ਸੇਵਾ ਦੀ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਮਗਰੋਂ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਅਤੇ ਭਾਈ ਕਰਨੈਲ ਸਿੰਘ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਜੋੜਿਆ ਅਤੇ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਮਾਣ-ਮਰਯਾਦਾ ਨੂੰ ਬਹਾਲ ਰੱਖਣ ਲਈ ਆਪਣੀ ਸ਼ਹਾਦਤ ਦਿੱਤੀ, ਜਿਸ ਦੀ ਯਾਦ ਵਿਚ ਸਥਿਤ ਇਹ ਅਸਥਾਨ ਸਿੱਖ ਕੌਮ ਲਈ ਬੇਹੱਦ ਸਤਿਕਾਰਤ ਹੈ। ਇਸ ਅਸਥਾਨ ਦੀ ਲੋੜ ਅਨੁਸਾਰ ਸੇਵਾ ਕਰਵਾ ਕੇ ਯਾਦਗਾਰ ਦੀ ਸੰਭਾਲ ਲਈ ਸ਼੍ਰੋਮਣੀ ਕਮੇਟੀ ਦਾ ਉੱਦਮ ਸ਼ਾਲਾਘਾਯੋਗ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਕੌਮ ਲਈ ਸ਼ਹੀਦ ਹੋਣ ਵਾਲੇ ਯੋਧਿਆਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਕਰਨਾ ਕੌਮ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਦੀ ਸੇਵਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਸੌਂਪੀ ਗਈ ਹੈ, ਇਸ ਦੀ ਲੋੜੀਂਦੀ ਮੁਰੰਮਤ ਦੇ ਨਾਲ-ਨਾਲ ਸੁੰਦਰੀਕਰਨ ਲਈ ਕਾਰਜ ਕਰਨਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਅਸਥਾਨ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਨੂੰ ਮੂਲ ਰੂਪ ਵਿਚ ਹੀ ਰੱਖਿਆ ਜਾਵੇਗਾ ਅਤੇ ਸਮੇਂ ਦੀ ਲੋੜ ਅਨੁਸਾਰ ਸੇਵਾ ਕਰਵਾਈ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਮੁੱਖ ਬੁਲਾਰੇ ਭਾਈ ਅਮਰਜੀਤ ਸਿੰਘ ਚਾਵਲਾ, ਕਥਾਵਾਚਕ ਬਾਬਾ ਬੰਤਾ ਸਿੰਘ ਨੇ ਵੀ ਸੰਗਤ ਨਾਲ ਵਿਚਾਰ ਸਾਂਝੇ ਕੀਤੇ ਅਤੇ ਸੰਗਤਾਂ ਨੂੰ ਸੇਵਾ ਦੇ ਇਸ ਮਹਾਨ ਕਾਰਜ ਵਿਚ ਸਹਿਯੋਗੀ ਬਣਨ ਦੀ ਅਪੀਲ ਕੀਤੀ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸੇ ਦੌਰਾਨ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਦੀ ਸੇਵਾ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਹੀ ਇਸ ਦੀ ਕਾਰਸੇਵਾ ਮੁਕੰਮਲ ਕੀਤੀ ਜਾਵੇਗੀ।
– ACTION PUNJAB NEWS