Sunday, December 3, 2023
More

    Latest Posts

    ਗੋਆ ਵਿਖੇ 37ਵੀਆਂ ਰਾਸ਼ਟਰੀ ਖੇਡਾਂ ‘ਚ ਕੌਮੀ ਖੇਡ ਵਜੋਂ ਹੋਈ ਗੱਤਕੇ ਦੀ ਸ਼ੁਰੂਆਤ | ਖੇਡ ਸੰਸਾਰ | ActionPunjab


    ਪਣਜਿੰਮ: ਗੋਆ ਵਿਖੇ ਚੱਲ ਰਹੀਆਂ 37ਵੀਆਂ ਰਾਸ਼ਟਰੀ ਖੇਡਾਂ ਵਿਚ ਪਹਿਲੀ ਵਾਰੀ ਸਿੱਖ ਮਾਰਸ਼ਲ ਆਰਟ ਦੀ ਖੇਡ ਗੱਤਕਾ ਨੂੰ ਖੇਡਿਆ ਗਿਆ। ਇਨ੍ਹਾਂ ਮੁਕਾਬਲਿਆਂ ਦਾ ਉਦਘਾਟਨ ਗੋਆ ਦੇ ਖੇਡ ਮੰਤਰੀ ਗੋਵਿੰਦ ਗੌੜੇ ਜੋ ਕਿ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ ਨੇ ਕੀਤਾ। ਇਸ ਮੌਕੇ ਗੋਆ ਦੇ ਡੀ.ਜੀ.ਪੀ. ਜਸਪਾਲ ਸਿੰਘ (ਆਈ.ਪੀ.ਐਸ), ਜੀ.ਟੀ.ਸੀ.ਸੀ ਦੇ ਚੇਅਰਮੈਨ ਅਮਿਤਾਭ ਸ਼ਰਮਾ ਅਤੇ ਗੋਆ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। 

    ਜਿਕਰਯੋਗ ਹੈ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਯਤਨਾਂ ਸਦਕਾ ਇਸ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। 

    ਇਸ ਮੌਕੇ ਬੋਲਦਿਆਂ ਗੋਆ ਦੇ ਖੇਡ ਮੰਤਰੀ ਗੋਵਿੰਦ ਗੌੜੇ ਨੇ ਕਿਹਾ ਕਿ ਗੱਤਕਾ ਅਜਿਹੀ ਵਿਲੱਖਣ ਖੇਡ ਹੈ ਜਿਸ ਵਿੱਚ ਲੜਕੇ ਅਤੇ ਲੜਕੀਆਂ ਬਿਨ੍ਹਾਂ ਕਿਸੇ ਭੇਦ ਭਾਵ ਦੇ ਭਾਗ ਲੈਂਦੇ ਹਨ ਅਤੇ ਸਵੈ ਰੱਖਿਆ ਲਈ ਪ੍ਰੇਰਿਤ ਕੀਤੇ ਜਾਣ ਵਾਲੀ ਵਿਲੱਖਣ ਕਲਾ ਦੇ ਜੌਹਰ ਦਿਖਾਉਂਦੇ ਹਨ।

    ਇਹ ਵੀ ਪੜ੍ਹੋ: ਗਤਕੇ ਦਾ ਰਾਸ਼ਟਰੀ ਖੇਡਾਂ ਵਿੱਚ ਸ਼ਾਮਲ ਹੋਣਾ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ: ਆਲ ਇੰਡੀਆ ਗਤਕਾ ਫੈਡਰੇਸ਼ਨ

    ਗੋਆ ਦੇ ਡੀਜੀਪੀ ਜਸਪਾਲ ਸਿੰਘ ਆਈਪੀਐਸ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਦੁਆਰਾ ਬਖ਼ਸ਼ੀ ਹੋਈ ਇਸ ਵਿਰਾਸਤੀ ਖੇਡ ਨੂੰ ਰਾਸ਼ਟਰੀ ਪੱਧਰ ਤੇ ਇਨ੍ਹਾਂ ਮਾਨਤਾ ਪ੍ਰਾਪਤ ਹੋਈ ਹੈ।

    ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਅਤੇ ਨੈਸ਼ਨਲ ਖੇਡਾਂ ਦੇ ਡਾਇਰੈਕਟਰ ਆਫ ਕੰਪੀਟੀਸ਼ਨ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਗਤਕਾ ਖੇਡ ਨੂੰ ਰਾਸ਼ਟਰੀ ਪੱਧਰ ਤੇ ਮਾਨਤਾ ਮਿਲਣੀ ਗੱਤਕਾ ਖਿਡਾਰੀਆਂ ਅਤੇ ਗਤਕਾ ਪ੍ਰੇਮੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਓਪਨਿੰਗ ਸੈਰਾਮਨੀ ਦੌਰਾਨ ਖਿਡਾਰੀਆਂ ਵੱਲੋਂ ਮਾਰਚ ਪਾਸ ਕੀਤਾ ਗਿਆ ਅਤੇ ਸਲਾਮੀ ਦਿੱਤੀ ਗਈ । ਪਹਿਲੇ ਦਿਨ ਦੀ ਖੇਡ ਵਿੱਚ ਲੜਕਿਆਂ ਤੇ ਲੜਕੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ। ਇਸ ਦੇ ਨਾਲ ਹੀ ਪਹਿਲੀ ਨਵੰਬਰ ਨੂੰ ਸੈਮੀ ਫਾਈਨਲ ਅਤੇ ਦੋ ਨਵੰਬਰ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ।

    ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈਪੀਐਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਤਕਾ ਫੈਡਰੇਸ਼ਨ ਆਫ ਇੰਡੀਆ ਸਾਲ 2008 ਤੋਂ ਗਤਕਾ ਖੇਡ ਦੀ ਪ੍ਰਫੁੱਲਤਾ ਲਈ ਕੰਮ ਕਰ ਰਹੀ ਹੈ ਅਤੇ ਸਾਲ ਦਰ ਸਾਲ ਨਵੀਆਂ ਪ੍ਰਾਪਤੀਆਂ ਹਾਸਲ ਕਰ ਰਹੀ ਹੈ 

    ਡਾਕਟਰ ਰਜਿੰਦਰ ਸਿੰਘ ਸੋਹਲ ਕਾਰਜਕਾਰੀ ਪ੍ਰਧਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੋਆ ਦੇ ਪਣਜਿੰਮ ਸ਼ਹਿਰ ਵਿਖੇ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ 11 ਰਾਜਾਂ ਦੇ 176 ਖਿਡਾਰੀ ਭਾਗ ਲੈ ਰਹੇ ਹਨ। ਭਾਗ ਲੈਣ ਵਾਲੇ ਰਾਜ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ, ਦਿੱਲੀ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਗੋਆ ਹਨ। ਇਨ੍ਹਾਂ ਮੁਕਾਬਲਿਆਂ ਵਿੱਚ 88 ਲੜਕੇ ਅਤੇ 88 ਲੜਕੀਆਂ ਸ਼ਾਮਿਲ ਹੋਣਗੀਆਂ। ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ 25 ਮੈਂਬਰਾਂ ਦੀ ਰੈਫਰੀ ਟੀਮ ਪਹਿਲਾਂ ਹੀ ਉਥੇ ਮੌਜੂਦ ਹੈ।

    ਉਨ੍ਹਾਂ ਅੱਗੇ ਦੱਸਿਆ ਕਿ ਇਸ ਖੇਡ ਨੂੰ ਏਸ਼ੀਆ ਅਤੇ ਅੰਤਰਰਾਸ਼ਟਰੀ ਪੱਧਰ ਤੇ ਲਿਜਾਣ ਲਈ ਕਾਰਜ ਆਰੰਭ ਦਿੱਤੇ ਗਏ ਹਨ। ਇਸ ਕਾਰਜ ਦੀ ਪੂਰਤੀ ਲਈ ਛੇਤੀ ਹੀ ਏਸ਼ੀਆ ਗਤਕਾ ਕੱਪ ਅਤੇ ਵਰਲਡ ਗੱਤਕਾ ਕੱਪ ਕਰਵਾਏ ਜਾ ਰਹੇ ਹਨ। 

    ਇਸ ਮੌਕੇ ਜਾਰੀ ਸਾਂਝੇ ਬਿਆਨ ਵਿੱਚ ਡਾਕਟਰ ਰਜਿੰਦਰ ਸਿੰਘ ਸੋਹਲ, ਬਲਜਿੰਦਰ ਸਿੰਘ ਤੂਰ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਮੂਹ ਮੈਂਬਰਾਂ ਵੱਲੋਂ ਇਸ ਖੇਡ ਨੂੰ ਨੈਸ਼ਨਲ ਖੇਡਾਂ ਵਿੱਚ ਸ਼ਾਮਿਲ ਕਰਨ ਲਈ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਇੰਡੀਅਨ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਮੈਡਮ ਪੀ.ਟੀ ਊਸ਼ਾ ਅਤੇ ਜੀ.ਟੀ.ਸੀ.ਸੀ ਦੇ  ਚੇਅਰਮੈਨ ਅਮਿਤਾਭ ਸ਼ਰਮਾ ਜੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.