Indian Cricketer Life Struggle: ਆਈਪੀਐਲ 2023 ਦੇ ਇੱਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਰਿੰਕੂ ਸਿੰਘ ਨੇ ਗੁਜਰਾਤ ਟਾਈਟਨਸ ਦੇ ਖਿਲਾਫ 48 ਦੌੜਾਂ ਬਣਾਈਆਂ। ਉਸਨੇ ਆਖਰੀ ਓਵਰ ਵਿੱਚ ਪੰਜ ਗੇਂਦਾਂ ਵਿੱਚ ਪੰਜ ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜ਼ਬਰਦਸਤ ਜਿੱਤ ਦਿਵਾਈ।
ਸੰਘਰਸ਼ਮਈ ਜੀਵਨ ‘ਤੇ ਇੱਕ ਝਾਤ:
ਰਿੰਕੂ ਸਿੰਘ ਉੱਤਰ ਪ੍ਰਦੇਸ਼ ਦਾ 25 ਸਾਲਾ ਖੱਬੇ ਹੱਥ ਦਾ ਬੱਲੇਬਾਜ਼ ਹੈ। ਉਸਦਾ ਜਨਮ 12 ਅਕਤੂਬਰ 1997 ਨੂੰ ਇੱਕ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਲਖਨਊ ਵਿੱਚ ਇੱਕ ਐਲਪੀਜੀ (LPG) ਏਜੰਸੀ ਵਿੱਚ ਕੰਮ ਕਰਦੇ ਸਨ ਅਤੇ ਲੋਕਾਂ ਤੱਕ ਗੈਸ ਸਿਲੰਡਰ ਪਹੁੰਚਾਉਂਦੇ ਸਨ।
ਰਿੰਕੂ ਨੇ ਵੀ ਸਵੀਪਰ ਅਤੇ ਕਲੀਨਰ ਵਜੋਂ ਵੀ ਕੰਮ ਕੀਤਾ ਹੈ। ਭਾਵੇਂ ਪਰਿਵਾਰ ਦੀ ਆਰਥਿਕ ਹਾਲਤ ਨੇ ਉਸ ਨੂੰ ਵੱਡੇ ਸੁਪਨੇ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਪਰ ਰਿੰਕੂ ਹਮੇਸ਼ਾ ਕ੍ਰਿਕਟ ਵਿੱਚ ਕੁਝ ਕਰਨ ਦੀ ਇੱਛਾ ਰੱਖਦਾ ਸੀ।
ਤੰਗੀਆਂ ਵਿੱਚ ਘਿਰਿਆ ਹੋਇਆ ਸੀ ਪਰਿਵਾਰ:
ਰਿੰਕੂ ਸਿੰਘ ਦੇ ਪਿਤਾ ਖਾਨਚੰਦਰ ਸਿੰਘ ਲਖਨਊ ਵਿੱਚ ਘਰ-ਘਰ ਜਾਕੇ ਐਲਪੀਜੀ ਸਿਲੰਡਰ ਪਹੁੰਚਾਉਂਦੇ ਸਨ। ਆਪਣੇ ਪਿਤਾ ਦੀ ਕਮਾਈ ਨਾਲ ਘਰ ਦੇ ਖਰਚੇ ਪੂਰੇ ਕਰਨੇ ਔਖੇ ਹੁੰਦੇ ਜਾ ਰਹੇ ਸਨ। ਜਿਸ ਕਾਰਨ ਰਿੰਕੂ ਦੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਗੁਜ਼ਾਰਾ ਕਰਨ ਲਈ ਅਨੇਕਾ ਕੰਮ ਕਰਨ ਲੱਗ ਪਏ ਸਨ। ਜਿਵੇਂ ਵੱਡਾ ਭਰਾ ਆਟੋ ਰਿਕਸ਼ਾ ਚਲਾਉਂਦਾ ਸੀ ਅਤੇ ਦੂਜਾ ਭਰਾ ਇੱਕ ਕੋਚਿੰਗ ਸੈਂਟਰ ਵਿੱਚ ਕੰਮ ਕਰਦਾ ਸੀ। ਜਦੋਂ ਕਿ ਪਰਿਵਾਰ ਐਲਪੀਜੀ ਡਿਸਟ੍ਰੀਬਿਊਸ਼ਨ ਸੈਂਟਰ ਦੇ ਅਹਾਤੇ ਵਿੱਚ ਦੋ ਕਮਰਿਆਂ ਵਾਲੇ ਸਟੋਰੇਜ ਕੰਪਲੈਕਸ ਵਿੱਚ ਰਹਿੰਦਾ ਸੀ ਜਿੱਥੇ ਉਸਦੇ ਪਿਤਾ ਕੰਮ ਕਰਦੇ ਸਨ।
ਕ੍ਰਿਕੇਟ ਦੀ ਦੁਨੀਆਂ ਵਿੱਚ ਰਿੰਕੂ ਦੀ ਸ਼ੁਰੂਆਤ:
ਰਿੰਕੂ ਸਿੰਘ ਨੇ ਕਰੀਬ ਇੱਕ ਦਹਾਕਾ ਪਹਿਲਾਂ ਕ੍ਰਿਕਟ ਖੇਡਣਾ ਸ਼ੁਰੂ ਕੀਤਾ । ਸ਼ੁਰੂ ਵਿੱਚ ਰਿੰਕੂ ਆਪਣੇ ਇਲਾਕੇ ਵਿੱਚ ਕ੍ਰਿਕਟ ਖੇਡਦਾ ਸੀ ਜਿੱਥੇ ਕੁਝ ਸਥਾਨਕ ਕੋਚਾਂ ਨੇ ਰਿੰਕੂ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸਨੂੰ ਪੇਸ਼ੇਵਰ ਕ੍ਰਿਕਟ ਵਿੱਚ ਆਉਣ ਦੀ ਸਲਾਹ ਦਿੱਤੀ। ਲੰਬੇ ਸਮੇਂ ਤੱਕ ਮਿਹਨਤ ਕਰਨ ਤੋਂ ਬਾਅਦ ਰਿੰਕੂ 2013 ਵਿੱਚ ਉੱਤਰ ਪ੍ਰਦੇਸ਼ ਦੀ ਅੰਡਰ-16 ਟੀਮ ਵਿੱਚ ਚੁਣਿਆ ਗਿਆ।
ਕੁਝ ਸਾਲਾਂ ਬਾਅਦ ਇੱਕ ਹਮਲਾਵਰ ਬੱਲੇਬਾਜ਼ ਵਜੋਂ ਉਸਦੀ ਪ੍ਰਤਿਭਾ ਲਈ ਉਸਨੂੰ ਉੱਤਰ ਪ੍ਰਦੇਸ਼ ਦੀ ਅੰਡਰ-19 ਟੀਮ ਵਿੱਚ ਵੀ ਚੁਣਿਆ ਗਿਆ। ਰਿੰਕੂ ਨੇ ਲਿਸਟ ਏ ਕ੍ਰਿਕੇਟ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਜਦੋਂ ਉਸਨੇ 16 ਸਾਲ ਦੀ ਉਮਰ ਵਿੱਚ ਮਾਰਚ 2014 ਵਿੱਚ ਪਹਿਲੀ ਵਾਰ ਉੱਤਰ ਪ੍ਰਦੇਸ਼ ਕ੍ਰਿਕੇਟ ਟੀਮ ਲਈ ਖੇਡਿਆ ਸੀ ਉਸ ਮੈਚ ਵਿੱਚ 83 ਦੌੜਾਂ ਬਣਾਈਆਂ ਸਨ। ਰਿੰਕੂ ਨੇ ਬਾਅਦ ਵਿੱਚ ਨਵੰਬਰ 2016 ਵਿੱਚ ਉੱਤਰ ਪ੍ਰਦੇਸ਼ ਦੀ ਟੀਮ ਲਈ ਆਪਣੀ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਅਤੇ ਸ਼ਾਨਦਾਰ ਪਾਰੀਆਂ ਖੇਡੀਆਂ।
ਰਿੰਕੂ ਸਿੰਘ ਦੀ ਸਭ ਤੋਂ ਮਹੱਤਵਪੂਰਨ ਪ੍ਰਾਪਤੀ 9 ਅਪ੍ਰੈਲ 2023 ਨੂੰ ਸੀ ਜਦੋਂ ਉਸਨੇ IPL ਮੈਚ ਦੇ ਆਖਰੀ ਓਵਰ ਦੀਆਂ ਆਖਰੀ 5 ਗੇਂਦਾਂ ‘ਤੇ ਲਗਾਤਾਰ 5 ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਗੁਜਰਾਤ ਟਾਈਟਨਸ ਦੇ ਖਿਲਾਫ਼ ਮੈਚ ਜਿੱਤਣ ਵਿੱਚ ਮਦਦ ਕੀਤੀ। ਘਰੇਲੂ ਕ੍ਰਿਕਟ ‘ਚ ਰਿੰਕੂ ਨੇ 40 ਮੈਚਾਂ ਅਤੇ 59 ਪਾਰੀਆਂ ‘ਚ 59.89 ਦੀ ਔਸਤ ਨਾਲ 2875 ਦੌੜਾਂ ਬਣਾਈਆਂ। ਰਿੰਕੂ ਨੇ ਮੁੰਬਈ ਇੰਡੀਅਨਜ਼ ਵੱਲੋਂ ਆਯੋਜਿਤ ਇੱਕ ਕੈਂਪ ਦੌਰਾਨ ਮੈਚ ਵਿੱਚ 31 ਗੇਂਦਾਂ ਵਿੱਚ 95 ਦੌੜਾਂ ਦੀ ਰੋਮਾਂਚਕ ਪਾਰੀ ਖੇਡੀ। ਰਣਜੀ ਟਰਾਫੀ ਦੇ 2018-19 ਸੀਜ਼ਨ ਵਿੱਚ ਰਿੰਕੂ ਨੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਉੱਤਰ ਪ੍ਰਦੇਸ਼ ਲਈ 10 ਮੈਚਾਂ ਵਿੱਚ 953 ਦੌੜਾਂ ਬਣਾਈਆਂ।
ਅਣਥੱਕ ਮਿਹਨਤ ਸਦਕਾ ਕਰ ਲਿਆ ਅੱਜ ਇਹ ਮੁਕਾਮ ਹਾਸਿਲ:
ਰਿੰਕੂ ਸਿੰਘ ਅਤੇ ਉਸਦੇ ਪਰਿਵਾਰ ਦੀ ਸ਼ੁਰੂ ਤੋਂ ਹੀ ਔਖੀ ਆਰਥਿਕ ਸਥਿਤੀ ਰਹੀ ਹੈ। ਉਸ ਦੇ ਪਰਿਵਾਰ ‘ਤੇ 5 ਲੱਖ ਰੁਪਏ ਦਾ ਕਰਜ਼ਾ ਸੀ। ਰਿੰਕੂ ਅਤੇ ਉਸਦਾ ਪਰਿਵਾਰ ਇਸ ਕਰਜ਼ੇ ਨੂੰ ਚੁਕਾਉਣ ਵਿੱਚ ਅਸਮਰੱਥ ਜਾਪਦਾ ਸੀ ਪਰ ਕ੍ਰਿਕਟ ਰਿੰਕੂ ਲਈ ਉਮੀਦ ਦੀ ਕਿਰਨ ਬਣ ਕੇ ਉੱਭਰਿਆ। ਰਿੰਕੂ ਉੱਤਰ ਪ੍ਰਦੇਸ਼ ਦੀ ਅੰਡਰ-19 ਟੀਮ ਲਈ ਖੇਡਦੇ ਹੋਏ ਮਿਲਣ ਵਾਲੇ ਮਾਮੂਲੀ ਰੋਜ਼ਾਨਾ ਭੱਤੇ ਦੀ ਬੱਚਤ ਕਰਦਾ ਰਿਹਾ ਅਤੇ ਹੌਲੀ-ਹੌਲੀ ਉਸ ਦਾ ਕਰਜ਼ਾ ਘਟਦਾ ਗਿਆ।
ਰਿੰਕੂ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 2018 ਵਿੱਚ 80 ਲੱਖ ਰੁਪਏ ਵਿੱਚ ਖਰੀਦਿਆ ਸੀ ਅਤੇ ਆਈਪੀਐਲ 2022 ਦੀ ਨਿਲਾਮੀ ਵਿੱਚ ਕੇਕੇਆਰ ਨੇ ਉਸਨੂੰ 55 ਲੱਖ ਰੁਪਏ ਵਿੱਚ ਬਰਕਰਾਰ ਰੱਖਿਆ ਸੀ। ਉਸਦੇ ਇਸ ਸੰਘਰਸ਼ਮਈ ਜੀਵਨ ਤੋਂ ਸਾਨੂੰ ਕਦੀ ਨਾ ਹਿੰਮਤ ਛੱਡਣ ਦੀ ਪ੍ਰੇਰਣਾ ਮਿਲਦੀ ਹੈ।
– ACTION PUNJAB NEWS