Sunday, December 3, 2023
More

    Latest Posts

    ਭਾਈ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੁੜ ਲਿਖਿਆ ਪੱਤਰ; ਕੀਤੀ ਇਹ ਮੰਗ… | ਪੰਜਾਬ | Action Punjab


    Punjab News: ਜੇਲ੍ਹ ‘ਚ ਕੈਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਬੇਨਤੀ ਕੀਤੀ ਹੈ। ਉਨ੍ਹਾਂ ਨੇ ਕਿਹਾ  ਸੱਭ ਤੋਂ ਪਹਿਲਾਂ ਮੈਂ ਸਰਬੱਤ ਦੇ ਭਲੇ ਲਈ ਉਸ ਅਕਾਲ-ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ  ਹਾਂ।  ਸਿੰਘ ਸਾਹਿਬ ਜੀ, 1984 ਦੇ ਵਿੱਚ ਮੈਂ ਗਿਆਰਵੀਂ ਵਿੱਚ ਪੜ੍ਹਦਾ ਸੀ।  ਉਸ ਸਮੇਂ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਵਲੋਂ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅੱਗੇ ਖੜ੍ਹ ਕੇ ਮੈਂ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਗੇ ਇਹ ਅਰਦਾਸ ਕੀਤੀ ਸੀ ਕਿ ਹੇ ਗੁਰੂ ਸਾਹਿਬ ਜੀ, ਜਿਹੜੇ ਹੁਕਮਰਾਨਾਂ ਨੇ ਤੁਹਾਡੇ ਇਸ ਮਹਾਨ ਤਖ਼ਤ ਸਾਹਿਬ ਜੀ ਦਾ ਇਹ ਹਾਲ ਕੀਤਾ ਹੈ, ਮੈਂ ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦਾ ਹਾਂ, ਤੁਸੀਂ ਆਪ ਹੀ ਕਿਰਪਾ ਕਰਨਾ,ਬਣਤ ਬਣਾਉਣਾ। ਫਿਰ 11 ਸਾਲਾਂ ਬਾਅਦ ਗੁਰੂ ਸਾਹਿਬ ਜੀ ਨੇ ਆਪ ਹੀ ਆਪਣੀ ਸੇਵਾ ਲੈ ਲਈ।  ਹਿੰਦੋਸਤਾਨ ਦੀਆਂ ਅਦਾਲਤਾਂ ਨੇ ਜਦੋਂ ਮੈਨੂੰ ਮੌਤ ਦੀ ਸਜ਼ਾ ਸੁਣਾਈ ਤਾਂ ਉਸ ਸਮੇਂ ਮੈਂ ਆਪਣਾ ਸਾਰਾ ਸੰਘਰਸ਼ ਅਤੇ ਅਦਾਲਤਾਂ ਵਿੱਚ ਦਿੱਤੇ ਬਿਆਨ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤੇ। 

    ਸਿੰਘ ਸਾਹਿਬ ਜੀ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੇ ਮੇਰੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਅਪੀਲ ਨੂੰ 12 ਸਾਲ ਹੋ ਗਏ ਹਨ।  ਇਸ ਅਪੀਲ ਤੇ ਫੈਸਲਾ ਲੈਣ ਲਈ ਮੈਂ ਭੁੱਖ ਹੜਤਾਲਾਂ ਕੀਤੀਆਂ, ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਪਾਈ, ਫਿਰ ਵੀ ਇਸ ਅਪੀਲ ਤੇ ਕੋਈ ਫੈਸਲਾ ਨਹੀਂ ਹੋ ਸਕਿਆ। ਮੇਰੇ ਕੇਸ ਦਾ ਫ਼ੈਸਲਾ ਰਾਜਨੀਤੀ ਦੀਆਂ ਘੁੰਮਣਘੇਰੀਆਂ, ਧੋਖੇਬਾਜੀਆਂ, ਸਾਜਿਸ਼ਾਂ , ਮੌਕਾਪ੍ਰਸਤੀਆਂ ਅਤੇ ਚਾਲਬਾਜ਼ੀਆਂ ਦਾ ਸ਼ਿਕਾਰ ਹੋ ਗਿਆ ਹੈ।  ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸਾਡੀਆਂ ਹੋਰ ਧਾਰਮਿਕ ਸ਼ੰਸਥਾਵਾਂ ਦੇ ਪ੍ਮੁੱਖ ਆਗੂ “ਸ਼੍ਰੀ ਅਕਾਲ ਤਖ਼ਤ ਸਾਹਿਬ ਜੀ, ਜੀ ਦੇ ਆਦੇਸ਼ ਤੇ ਪਾਈ ਇਸ ਅਪੀਲ ਤੇ 12 ਸਾਲਾਂ ਬਾਅਦ ਵੀ ਕੋਈ ਫੈਸਲਾ ਨਹੀਂ ਕਰਵਾ ਸਕੇ।  ਕਹਿੰਦੇ ਹਨ ਕਿ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ। ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਹੂਟਰ ਮਾਰਦੇ ਫਿਰਦੇ, ਆਪਣੇ ਆਪ ਨੂੰ ਬਹੁਤ ਹੀ ਵੱਡੇ ਧਾਰਮਿਕ ਅਤੇ ਪੰਥਕ ਆਗੂ ਹੋਣ ਦੀ ਫੀਲਿੰਗ ਲੈਣ ਵਾਲੇ, ਸਾਡੇ ਇਨ੍ਹਾਂ ਆਗੂਆਂ ਦੀ, ਇਨ੍ਹਾਂ ਵੱਲੋਂ ਕਹੀ ਹੋਈ ਕਿਸੇ ਗੱਲ ਦੀ ਅਤੇ ਇਨ੍ਹਾਂ ਵੱਲੋਂ ਕੀਤੀ ਗਈ ਕਿਸੇ ਮੰਗ ਦੀ ਦਿੱਲੀ ਦੇ ਹੁਕਮਰਾਨਾਂ ਦੀ ਨਜ਼ਰ ਵਿੱਚ ਰੂੜੀ ਜਿੰਨੀ ਵੀ ਅਹਿਮੀਅਤ ਨਹੀਂ ਹੈ। 

    ਸਿੰਘ ਸਾਹਿਬ ਜੀ, ਗੁਰੂ ਸਾਹਿਬਾਨ ਜੀ ਵੱਲੋਂ ਦਿਖਾਏ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨ ਵਾਲਾ ਮੈਂ ਇੱਕ ਆਮ ਸਿੱਖ ਹਾਂ। ਰਾਜਨੀਤੀ ਦੀਆਂ ਚਾਲਬਾਜ਼ੀਆਂ, ਧੋਖੇਬਾਜੀਆਂ, ਮੌਕਾਪ੍ਰਸਤੀਆਂ ,ਸਾਜਿਸ਼ਾਂ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ। ਮੈਂ ਤਾਂ ” ਹਾਂ ਜਾਂ ਨਾਂਹ” ਵਿੱਚ ਵਿਸ਼ਵਾਸ ਰੱਖਦਾ ਹਾਂ। ਮੈਂ ਰਾਜਨੀਤੀ ਦੀਆਂ ਇਨ੍ਹਾਂ ਸਾਜਿਸ਼ਾਂ, ਧੋਖੇਬਾਜੀਆਂ, ਚਾਲਬਾਜ਼ੀਆਂ, ਮੌਕਾਪ੍ਰਸਤੀਆਂ ਤੋਂ ਮੁਕਤੀ ਚਾਹੁੰਦਾ ਹਾਂ। ਮੇਰੀ ਆਪ ਜੀ ਨੂੰ ਇਹ ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਵੱਲੋਂ ਰਾਸ਼ਟਰਪਤੀ ਜੀ ਕੋਲ ਪਾਈ ਗਈ ਅਪੀਲ ਨੂੰ ਵਾਪਸ ਲੈਣ ਲਈ ਤੁਰੰਤ ਆਦੇਸ਼ ਜਾਰੀ ਕੀਤੇ ਜਾਣ। ਅਪੀਲ ਵਾਪਸ ਲੈਣ ਦੀ ਇਹ ਸਾਰੀ ਪ੍ਰਕਿਰਿਆ ਨੂੰ 7 ਤੋਂ 10 ਦਿਨਾਂ ਦੇ ਵਿੱਚ ਪੂਰਾ ਕੀਤਾ ਜਾਵੇ। ਨਹੀਂ ਤਾਂ ਮੈਨੂੰ ਬਹੁਤ ਹੀ ਅਫ਼ਸੋਸ ਨਾਲ ਇਹ ਲਿਖਣਾ ਪੈ ਰਿਹਾ ਹੈ ਕਿ ਮੈਨੂੰ ਇਸ ਅਪੀਲ ਨੂੰ ਵਾਪਸ ਕਰਵਾਉਣ ਦੇ ਲਈ ਭੁੱਖ ਹੜਤਾਲ ਕਰਨ ਲਈ ਮਜਬੂਰ ਹੋਣਾ ਪਵੇਗਾ। 28 ਸਾਲਾਂ ਤੋਂ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਅਤੇ ਪਿਛਲੇ 17 ਸਾਲਾਂ ਤੋਂ ਫਾਂਸੀ ਚੱਕੀ ਵਿੱਚ ਬੈਠੇ ਕਿਸੇ ਵਿਅਕਤੀ ਨੂੰ ਅਗਰ ਆਪਣੀ ਅਪੀਲ ਵਾਪਸ ਕਰਵਾਉਣ ਲਈ ਭੁੱਖ ਹੜਤਾਲ ਕਰਨੀ ਪਵੇ ਤਾਂ ਇਹ ਹੋਰ ਵੀ ਅਫ਼ਸੋਸਨਾਕ ਹੋਵੇਗਾ। ਇਹ ਸਾਰੀ ਜਿੰਮੇਵਾਰੀ ਤੁਹਾਡੀ ਹੋਵੇਗੀ। ਤੁਸੀਂ ਚੁੱਪ ਬੈਠ ਕੇ ਆਪਣੇ ਬਣਦੇ ਫਰਜ਼ਾਂ ਤੋਂ ਨਾ ਭੱਜਣਾ, ਸਗੋਂ ਇਸ ਮੁੱਦੇ ਤੇ ਕਾਰਵਾਈ ਕਰਕੇ ਆਪਣੇ ਬਣਦੇ ਪੰਥਕ ਫਰਜ਼ ਅਦਾ ਕਰਨਾ। 

    ਖਾਲਸਾ ਪੰਥ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ 

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.