ਤਿਉਹਾਰਾਂ ਦੇ ਮੱਦੇ ਨਜ਼ਰ ਥਾਣਾ ਸ਼ੰਭੂ ਪੁਲਿਸ ਹੋਈ ਸਖਤ, ਵਾਹਨਾ ਦੇ ਨਾਲ ਨਾਲ ਢਾਬਿਆਂ ਤੇ ਵੀ ਕੀਤੀ ਜਾ ਰਹੀ ਹੈ ਵਿਸ਼ੇਸ਼ ਚੈਕਿੰਗ
ਸ਼ੰਭੂ 8 ਨਵੰਬਰ (ਗੁਰਪ੍ਰੀਤ ਧੀਮਾਨ)
ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਥਾਣਾ ਸ਼ੰਭੂ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਰਾਹੀਂ ਢਾਬਿਆਂ ਅਤੇ ਸ਼ੰਭੂ ਬਾਰਡਰ ਤੇ ਸਪੈਸ਼ਲ ਨਾਕਾਬੰਦੀ, ਅਤੇ ਪੈਟਰੋਲਿੰਗ ਪਾਰਟੀਆਂ ਦੇ ਨਾਲ ਮਿਲ ਕੇ ਲਗਾਤਾਰ ਇਲਾਕੇ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਥਾਣਾ ਸ਼ੰਭੂ ਮੁਖੀ ਇੰਸਪੈਕਟਰ ਰਾਹੁਲ ਕੌਸ਼ਲ ਨੇ ਦੱਸਿਆ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਅਤੇ ਐਸ.ਪੀ ਡੀ ਹਰਵੀਰ ਸਿੰਘ ਅਟਵਾਲ ਅਤੇ ਡੀ.ਐਸ.ਪੀ ਸਰਕਲ ਘਨੌਰ ਦਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਸ਼ੰਭੂ ਦੀ ਹਦੂਤ ਅੰਦਰ ਪੈਂਦੇ ਢਾਬਿਆਂ,ਹੋਟਲਾਂ ਉੱਪਰ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਘੱਗਰ ਸਰਾਏ,ਬਾਸਮਾ ਅਤੇ ਸ਼ੰਭੂ ਬਾਰਡਰ ਦੇ ਉੱਪਰ ਵੀ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਚੈਕਿੰਗ ਅਭਿਆਨ ਦੇ ਨਾਲ ਨਾਲ ਦੂਜੇ ਰਾਜਾਂ ਤੋਂ ਪੰਜਾਬ ਦੇ ਵਿੱਚ ਆਉਣ ਵਾਲੇ ਵਾਹਨ ਚਾਲਕਾਂ ਨੂੰ ਵੀ ਸਮਝਾਇਆ ਜਾ ਰਿਹਾ ਹੈ ਕਿਉਂਕਿ ਤਿਉਹਾਰਾਂ ਦੇ ਮੱਦੇ ਨਜ਼ਰ ਪੈੜੇ ਅਨਸਰਾਂ ਦੇ ਵੱਲੋਂ ਥਾਣਾ ਸ਼ੰਭੂ ਦੀ ਹਦੂਦ ਅੰਦਰ ਕਿਸੇ ਤਰ੍ਹਾਂ ਦੀ ਗਲਤ ਕਾਰਵਾਈ ਨੂੰ ਅੰਜਾਮ ਨਾ ਦਿੱਤਾ ਜਾਵੇ ਜਿਸ ਦੇ ਲਈ ਥਾਣਾ ਸ਼ੰਭੂ ਪੁਲਿਸ ਲਗਾਤਾਰ ਮੁਸਤੈਦੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ। ਉਹਨਾਂ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਕਿ ਜੇਕਰ ਥਾਣਾ ਸ਼ੰਭੂ ਦੀ ਹੱਦ ਅੰਦਰ ਕਿਸੇ ਤਰ੍ਹਾਂ ਦਾ ਗੈਰ ਕਾਨੂੰਨੀ ਕੰਮ ਜਾਂ ਫਿਰ ਕੋਈ ਵੀ ਲਾਵਾਰਿਸ ਵਸਤੂ ਮਿਲਦੀ ਹੈ ਤਾਂ ਉਸਦੀ ਜਾਣਕਾਰੀ ਤੁਰੰਤ ਥਾਣਾ ਸ਼ੰਭੂ ਪੁਲਿਸ ਨੂੰ ਦਿੱਤੀ ਜਾਵੇ। ਇਸ ਮੌਕੇ ਉਨਾ ਵਿਸ਼ੇਸ਼ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੇ ਜ਼ਿਲ੍ਾ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਪ੍ਰਦੂਸ਼ਣ ਮੁਕਤ ਕਰਨ ਦੇ ਟੀਚੇ ਦੇ ਤਹਿਤ ਕਿਸਾਨ ਭਰਾਵਾਂ ਨੂੰ ਲਗਾਤਾਰ ਪਰਾਲੀ ਨਾ ਜਲਾਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਕਿਸਾਨ ਭਰਾਵਾਂ ਨੂੰ ਥਾਣਾ ਸ਼ੰਭੂ ਪੁਲਿਸ ਵੱਲੋਂ ਵੀ ਅਪੀਲ ਕਰਦੇ ਹਾਂ ਕਿ ਉਹ ਆਪਣੇ ਖੇਤਾਂ ਦੇ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਪਰਾਲੀ ਨੂੰ ਖੇਤਾਂ ਦੇ ਵਿੱਚ ਹੀ ਮਿਲਾਉਣ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ।
ਫੋਟੋ ਕੈਪਸ਼ਨ:- ਪਿੰਡ ਤੇਪਲਾ ਵਿਖੇ ਢਾਬੇ ਦੀ ਚੈਕਿੰਗ ਕਰਦੇ ਹੋਏ ਥਾਣਾ ਮੁਖੀ ਇੰਸਪੈਕਟਰ ਰਾਹੁਲ ਕੋਸ਼ਲ ਤੇ ਹੋਰ ਪੁਲਿਸ ਅਧਿਕਾਰੀ।