Amritsar Murder: ਅੰਮ੍ਰਿਤਸਰ ‘ਚ ਹੋਏ ਦੋਹਰੇ ਕਤਲ ਕਾਰਨ ਇਕ ਵਾਰ ਫਿਰ ਦਹਿਸ਼ਤ ਫੈਲ ਗਈ ਹੈ। ਦੱਸ ਦਈਏ ਕਿ ਇੱਕ ਕਲਯੁੱਗੀ ਪੁੱਤ ਨੇ ਆਪਣੇ ਮਾਂ-ਪਿਓ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਮਾਮਲਾ ਥਾਣਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਪੰਧੇਰ ਕਲਾਂ ਦਾ ਹੈ। ਇਸ ਮਾਮਲੇ ਤੋਂ ਬਾਅਦ ਪੂਰੇ ਪਿੰਡ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਪਿੰਡ ਪੰਧੇਰ ਕਲਾਂ ’ਚ ਵਿਆਹ ਨੂੰ ਲੈ ਕੇ ਜਾਗੋ ਨਿਕਲ ਰਹੀ ਸੀ। ਇਸ ਜਾਗੋ ਸਮਾਗਮ ’ਚ ਨੌਜਵਾਨ ਮੌਜੂਦ ਸੀ। ਨੌਜਵਾਨ ਦੇ ਮਾਪੇ ਉਸ ਨੂੰ ਘਰ ਆਉਣ ਲਈ ਆਖ ਰਹੇ ਜਿਸ ਤੋਂ ਗੁੱਸੇ ਹੋਣ ਕਰਕੇ ਉਸ ਨੇ ਆਪਣੇ ਮਾਪਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨਾਲ ਹੀ ਨੌਜਵਾਨ ਨਸ਼ੇ ’ਚ ਧੁੱਤ ਵੀ ਦੱਸਿਆ ਜਾ ਰਿਹਾ ਸੀ।
ਦੱਸ ਦਈਏ ਕਿ ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਹੈ।ਗੁੱਸੇ ‘ਚ ਆਏ ਪੁੱਤਰ ਪ੍ਰਿਤਪਾਲ ਸਿੰਘ ਨੇ ਨੇੜੇ ਰੱਖੇ ਸਰੀਏ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋਹਾਂ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਮਜੀਠਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਸ਼ਰਾਬੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਕਤਲ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Punjabi Singers: ਗਾਇਕ ਕੇ.ਐਸ ਮੱਖਣ ਦੀਆਂ ਵਧੀਆਂ ਮੁਸ਼ਕਿਲਾਂ, ਇਸ ਗੀਤ ’ਚ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਲੱਗੇ ਇਲਜ਼ਾਮ
– ACTION PUNJAB NEWS