ਅੰਮ੍ਰਿਤਸਰ: ਅੰਮ੍ਰਿਤਸਰ ‘ਚ ਦੀਵਾਲੀ ਵਾਲੇ ਦਿਨ ਪਾਕਿਸਤਾਨੀ ਤਸਕਰਾਂ ਦੀ ਵੱਡੀ ਕੋਸ਼ਿਸ਼ ਨਾਕਾਮ ਹੋ ਗਈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਅਤੇ ਪੰਜਾਬ ਪੁਲਿਸ ਨੇ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜਿਆ ਚੀਨ ਦਾ ਬਣਿਆ ਡਰੋਨ ਜ਼ਬਤ ਕੀਤਾ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਡਰੋਨ ਦੇ ਨਾਲ ਭੇਜੀ ਗਈ ਸ਼ੱਕੀ ਵਸਤੂ ਨੂੰ ਵੀ ਬਰਾਮਦ ਕੀਤਾ ਜਾ ਸਕੇ।
ਬੀਐਸਐਫ ਅਤੇ ਪੰਜਾਬ ਪੁਲਿਸ ਨੇ ਇਹ ਡਰੋਨ ਅਟਾਰੀ ਸਰਹੱਦ ਨਾਲ ਲੱਗਦੇ ਪਿੰਡ ਨੇਸ਼ਟਾ ਤੋਂ ਜ਼ਬਤ ਕੀਤਾ ਹੈ। ਇਹ ਚੀਨ ਦਾ ਬਣਿਆ ਡਰੋਨ ਹੈ। ਜਿਸ ਨੂੰ Quadcopter DJI Mavic 3 Classic ਕਿਹਾ ਜਾਂਦਾ ਹੈ। ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਅਧਿਕਾਰੀਆਂ ਨੂੰ ਡਰੋਨ ਦੀ ਆਵਾਜਾਈ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਨੇਸ਼ਟਾ ਦੇ ਆਲੇ-ਦੁਆਲੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਮਾਹਿਰਾਂ ਨੇ ਦੱਸਿਆ ਕਿ ਪਾਕਿਸਤਾਨੀ ਸਮੱਗਲਰਾਂ ਨੇ ਹੁਣ ਤਸਕਰੀ ਲਈ ਚੀਨ ਦੇ ਇਨ੍ਹਾਂ ਡਰੋਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਛੋਟਾ ਅਤੇ ਸਸਤਾ ਵੀ ਹੈ।
ਫਿਲਹਾਲ ਡਰੋਨ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਬੀਐਸਐਫ ਅਧਿਕਾਰੀਆਂ ਦੀ ਜਾਣਕਾਰੀ ਅਨੁਸਾਰ ਨਵੰਬਰ ਮਹੀਨੇ ਵਿੱਚ ਫੜਿਆ ਗਿਆ ਇਹ 10ਵਾਂ ਡਰੋਨ ਹੈ। ਬੀਐਸਐਫ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਡਰੋਨ ਜ਼ਬਤ ਕਰ ਰਹੀ ਹੈ। ਦੋ ਦਿਨ ਪਹਿਲਾਂ ਵੀ ਤਰਨਤਾਰਨ ਦੇ ਨੌਸ਼ਹਿਰਾ ਧੌਲਾ ਤੋਂ ਅਜਿਹਾ ਹੀ ਡਰੋਨ ਬਰਾਮਦ ਹੋਇਆ ਸੀ।
– ACTION PUNJAB NEWS