Punjab Diwali Pollution Air Quality: ਦੀਵਾਲੀ ਵਾਲੀ ਰਾਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਨਿਰਧਾਰਿਤ ਕੀਤਾ ਸੀ ਪਰ ਸ਼ਾਮ 7 ਵਜੇ ਤੋਂ ਹੀ ਪਟਾਕੇ ਚਲਾਉਣ ਦਾ ਕੰਮ ਇੰਨੀ ਰਫ਼ਤਾਰ ਨਾਲ ਸ਼ੁਰੂ ਹੋ ਗਿਆ ਕਿ ਰਾਤ ਭਰ ਧਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ।
ਰਾਤ 8 ਵਜੇ ਤੋਂ ਬਾਅਦ ਜਿਉਂ-ਜਿਉਂ ਰਾਤ ਵਧਦੀ ਗਈ, ਪੰਜਾਬ ਭਰ ਵਿਚ ਧੂੰਏਂ ਦੀ ਚਾਦਰ ਫੈਲ ਗਈ। ਪੰਜਾਬ ਵਿੱਚ ਹਵਾ ਦੀ ਗੁਣਵੱਤਾ (AQI) ਇੰਨੀ ਖ਼ਰਾਬ ਸੀ ਕਿ ਰਾਤ ਨੂੰ ਕਿਸੇ ਦਾ ਵੀ ਦਮ ਘੁੱਟ ਸਕਦਾ ਸੀ। ਬਠਿੰਡਾ ਅਜੇ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ।
AQI.in ਇੱਕ ਵੈਬਸਾਈਟ ਜੋ ਭਾਰਤ ਵਿੱਚ ਰੀਅਲ-ਟਾਈਮ AQI ਜਾਣਕਾਰੀ ਪ੍ਰਦਾਨ ਕਰਦੀ ਹੈ, ਦੇ ਅਨੁਸਾਰ, ਦੀਵਾਲੀ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਦਾ ਨਾਮ ਹੈ, ਪਰ ਇਹ ਦੂਜੇ ਸਥਾਨ ‘ਤੇ ਹੈ। ਬਿਹਾਰ ਦੀ ਰਾਜਧਾਨੀ ਪਟਨਾ ਪਹਿਲੇ ਨੰਬਰ ‘ਤੇ ਹੈ, ਜਿੱਥੇ ਸਵੇਰੇ ਔਸਤ AQI 572 ਦਰਜ ਕੀਤਾ ਗਿਆ। ਜਦਕਿ ਦੂਜੇ ਸਥਾਨ ‘ਤੇ ਦਿੱਲੀ ਦਾ AQI 468 ਰਿਹਾ। ਦਿੱਲੀ ਦੇ ਗੁਆਂਢ ‘ਚ ਸਥਿਤ ਉੱਤਰ ਪ੍ਰਦੇਸ਼ ਦੇ ਨੋਇਡਾ ਦਾ AQI 410 ਯਾਨੀ ਬੇਹੱਦ ਖਤਰਨਾਕ ਸ਼੍ਰੇਣੀ ‘ਚ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਯੂਪੀ ਦੇ ਗਾਜ਼ੀਆਬਾਦ ਵਿੱਚ AQI 400 ਤੋਂ ਉੱਪਰ ਹੈ। ਦੂਜੇ ਪਾਸੇ, ਹਰਿਆਣਾ ਦੇ ਰੋਹਤਕ ਵਿੱਚ AQI ਲਗਭਗ 380 ਦਰਜ ਕੀਤਾ ਗਿਆ।
– ACTION PUNJAB NEWS