ਕੋਟਕਪੂਰਾ: ਵਿਦੇਸ਼ ਦੀ ਧਰਤੀ ‘ਤੇ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਆਏ ਦਿਨ ਇਸ ਤਰ੍ਹਾਂ ਦੀਆਂ ਖ਼ਬਰਾਂ ਦਿਲ ਨਿਚੋੜ ਕੇ ਰੱਖ ਦਿੰਦੀਆਂ ਹਨ। ਹਾਲ ਹੀ ਵਿੱਚ ਅਜਿਹਾ ਮਾਮਲਾ ਕੋਟਕਪੂਰਾ ਦੇ ਨੇੜੇ ਪਿੰਡ ਢੀਮਾਂ ਵਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਕੈਨੇਡਾ ਦੇ ਰਜਾਇਨਾ ਰਹਿੰਦੇ ਇੱਕ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਟੈਕਸਾਸ ਵਿੱਖੇ ਵਾਪਰੇ ਹਾਦਸੇ ਦੌਰਾਨ ਬਹੁਤ ਹੀ ਦੁਖਦਾਇਕ ਮੌਤ ਹੋ ਗਈ ਹੈ। ਮ੍ਰਿਤਕ ਪਰਮਪ੍ਰੀਤ ਸਿੰਘ ਦਿਓਲ ਜਿਸਦੀ ਉਮਰ 26 ਸਾਲ ਸੀ, ਉਸਦੀ ਅਮਰੀਕਾ ਦੇ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਟੈਕਸਾਸ ਵਿਖੇ ਟਰਾਲੇ ਦੇ ਵਾਪਰੇ ਭਿਆਨਕ ਹਾਦਸੇ ਦੌਰਾਨ ਪਰਮਪ੍ਰੀਤ ਸਿੰਘ ਦੀ ਦਰਦਨਾਕ ਮੌਤ ਹੋ ਗਈ ਅਤੇ ਉਸਦਾ ਇੱਕ ਦੋਸਤ ਸੁਖਮਨ ਸਿੰਘ ਸਿੱਧੂ ਵਾਸੀ ਮੂਸੇਵਾਲਾ (ਮਾਨਸਾ) ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਮ੍ਰਿਤਕ ਪਰਮਪ੍ਰੀਤ ਸਿੰਘ ਤਕਰੀਬਨ 6 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਅਜੇ ਅਣਵਿਆਹਿਆ ਸੀ।
ਮ੍ਰਿਤਕ ਪਰਮਪ੍ਰੀਤ ਸਿੰਘ ਪੰਜਗਰਾਈ ਕਲਾਂ ਦੇ ਉੱਘੇ ਸਮਾਜਸੇਵੀ ਸੁਖਮੰਦਰ ਸਿੰਘ ਬਰਾੜ ਦਾ ਸਗਾ ਭਾਣਜਾ ਸੀ। ਉਸਨੇ ਦੱਸਿਆ ਕਿ ਉਸਦੀ ਵੱਡੀ ਭੈਣ ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਟੀਚਰ ਹੈ। ਕੈਨੇਡਾ ਵਿਖੇ ਵਾਪਰੇ ਭਿਆਨਕ ਹਾਦਸੇ ਦੌਰਾਨ ਹੋਈ ਇਸ ਦਰਦਨਾਕ ਮੌਤ ਦੇ ਕਾਰਨ ਪਰਿਵਾਰ ਦੇ ਨਾਲ-ਨਾਲ ਸਮੁੱਚੇ ਇਲਾਕੇ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ
ਇਸ ਦੌਰਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਅਮੋਲਕ ਸਿੰਘ ਵਿਧਾਇਕ ਜੈਤੋ, ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ, ਕੁਲਤਾਰ ਸਿੰਘ ਬਰਾੜ ਸਾਬਕਾ ਚੇਅਰਮੈਨ ਜਿਲਾ ਪ੍ਰੀਸ਼ਦ, ਅਜੈਪਾਲ ਸਿੰਘ ਸੰਧੂ ਇੰਚਾਰਜ ਹਲਕਾ ਕੋਟਕਪੂਰਾ ਕਾਂਗਰਸ ਨੇ ਇਸ ਕਹਿਰ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਜਤਾਈ ਹੈ।
– ACTION PUNJAB NEWS