ਭਾਰਤੀ ਟੀਮ ਨੇ ਐਤਵਾਰ ਨੂੰ ਬੈਂਗਲੁਰੂ ‘ਚ ਆਪਣੇ ਆਖਰੀ ਲੀਗ ਪੜਾਅ ਦੇ ਮੈਚ ‘ਚ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ। ਮੇਜ਼ਬਾਨ ਟੀਮ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਹੋਣ ਵਾਲੇ ਪਹਿਲੇ ਸੈਮੀਫਾਈਨਲ ‘ਚ ਕੀਵੀਜ਼ ਨਾਲ ਭਿੜੇਗੀ। ਸੋਮਵਾਰ ਨੂੰ ਮੁੰਬਈ ਏਅਰਪੋਰਟ ਤੋਂ ਭਾਰਤੀ ਟੀਮ ਦੇ ਚੈਕਆਊਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਨਿਊਜ਼ੀਲੈਂਡ ਲੀਗ ਦੌਰ ਦੇ 45 ਮੈਚਾਂ ਤੋਂ ਬਾਅਦ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ। ਭਾਰਤ ਦੇ ਖਿਲਾਫ ਆਈਸੀਸੀ ਟੂਰਨਾਮੈਂਟਾਂ ਦੇ ਨਾਕਆਊਟ ਵਿੱਚ ਉਸਦਾ ਰਿਕਾਰਡ ਚੰਗਾ ਹੈ। ਨਿਊਜ਼ੀਲੈਂਡ ਦੀ ਟੀਮ ਨੇ 2019 ਵਿਸ਼ਵ ਕੱਪ ਸੈਮੀਫਾਈਨਲ ਅਤੇ 2021 ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ।
ਭਾਰਤ ਨੇ ਲੀਗ ਪੜਾਅ ਦੇ ਮੈਚ ‘ਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ ਸੀ ਅਤੇ ਹੁਣ ਉਸ ਦੀਆਂ ਨਜ਼ਰਾਂ ਸੈਮੀਫਾਈਨਲ ਮੈਚ ਜਿੱਤ ਕੇ 2019 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਕੀਵੀ ਟੀਮ ਤੋਂ ਮਿਲੀ ਹਾਰ ਦਾ ਬਦਲਾ ਲੈਣ ‘ਤੇ ਹਨ।
ਜੇਕਰ ਅਸੀਂ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਕ੍ਰਿਕਟ ਦੇ ਕੁੱਲ ਮੈਚਾਂ ਦੀ ਗੱਲ ਕਰੀਏ ਤਾਂ ਦੋਵੇਂ ਦੇਸ਼ ਹੁਣ ਤੱਕ ਵਨ ਡੇ ਇੰਟਰਨੈਸ਼ਨਲ ‘ਚ ਕੁੱਲ 117 ਮੈਚ ਖੇਡ ਚੁੱਕੇ ਹਨ। ਇਨ੍ਹਾਂ ਵਿੱਚੋਂ ਭਾਰਤ ਨੇ 59 ਅਤੇ ਨਿਊਜ਼ੀਲੈਂਡ ਨੇ 50 ਮੈਚ ਜਿੱਤੇ ਹਨ। ਸੱਤ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ, ਜਦਕਿ ਇੱਕ ਮੈਚ ਟਾਈ ਰਿਹਾ।