ਚੰਡੀਗੜ੍ਹ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਜ਼ਦੀਕੀ ਮਿੱਤਰ ਤੇ ਕੈਨੇਡਾ ਦੇ ਐਨ ਆਈ ਵੱਲੋਂ ਉਹਨਾਂ ਖਿਲਾਫ ਲਗਾਏ ਅਨੈਤਿਕਤਾ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਆਜ਼ਾਦ ਤੇ ਨਿਰਪੱਖ ਜਾਂਚਕਰਵਾਈ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਕ ਸਾਬਕਾ ਦੋਸਤ ਜਗਮਨਦੀਪ ਸਿੰਘ ਨੇ ਉਹਨਾਂ ਦੀ ਕੈਨੇਡਾ ਫੇਰੀ ਨੂੰ ਚੇਤੇ ਕੀਤਾ ਹੈ ਜਦੋਂ ਉਹ ਪੀਪਲਜ਼ ਪਾਰਟੀ ਆਫ ਪੰਜਾਬ (ਪੀ.ਪੀ.ਪੀ.) ਦੇ ਮੈਂਬਰ ਸਨ ਤੇ ਐਨ ਆਰ ਆਈ ਦੇ ਦਾਅਵੇ ਮੁਤਾਬਕ ਜਿਥੇ ਭਗਵੰਤ ਮਾਨ ਨੇ ਸ਼ਰਾਬ ਦੇ ਦੌਰ ਚਲਾਏ, ਅਨੈਤਿਕ ਕਾਰਜ ਕੀਤੇ ਤੇ ਐਨ ਆਰ ਆਈ ਭਾਈਚਾਰੇ ਤੋਂ ਅਣਗਿਣਤ ਪੈਸਾ ਇਕੱਠਾ ਕੀਤਾ।
ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਤਾਂ ਆਮ ਆਦਮੀ ਪਾਰਟੀ ਤੇ ਨਾ ਹੀ ਮੁੱਖ ਮੰਤਰੀ ਨੇ ਇਹਨਾਂ ਨੇ ਇਹਨਾਂ ਦੋਸ਼ਾਂ ’ਤੇ ਕੋਈ ਪ੍ਰਤੀਕਰਮ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹੇ ਮੁੱਦੇ ਦਬਾਏ ਨਹੀਂ ਜਾ ਸਕਦੇ ਕਿਉਂਕਿ ਪੰਜਾਬ ਨੇ ਲਾਲ ਚੰਦ ਕਟਾਰੂਚੱਕ ਤੇ ਹੋਰਨਾਂ ਖਿਲਾਫ ਅਨੈਤਿਕਤਾ ਦੇ ਦੋਸ਼ ਵੇਖੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਸਮੇਤ ਜਿਸ ਕਿਸੇ ਖਿਲਾਫ ਵੀ ਅਨੈਤਿਕਤਾ ਦੇ ਦੋਸ਼ ਲੱਗੇ ਹਨ, ਉਸਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਨਤਕ ਸ਼ਖਸੀਅਤ ਹੋਣ ਦੇ ਨਾਅਤੇ ਉਹਨਾਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ। ਉਹਨਾਂ ਕਿਹਾ ਕਿ ਇਸ ਮੁਤਾਬਕ ਉਹਨਾਂ ਨੂੰ ਸਾਰੇ ਮਾਮਲੇ ਦੀ ਆਜ਼ਾਦ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।
ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਐਨ ਆਰ ਆਈ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀਹੈ। ਉਹਨਾਂ ਕਿਹਾ ਕਿ ਐਨ ਆਰ ਆਈ ਨੇ ਢੁਕਵੀ ਜਾਂਚ ਵਿਚ ਸ਼ਾਮਲ ਹੋਣ ਲਈ ਸਹਿਮਤੀ ਦਿੱਤੀ ਹੈ ਤੇ ਉਹ ਵੀਡੀਓ ਫਿਲਮਾਂ ਸਮੇਤ ਸਬੂਤ ਜਾਂਚ ਏਜੰਸੀ ਨੂੰ ਦੇਣ ਵਾਸਤੇ ਤਿਆਰ ਹਨ। ਉਹਨਾਂ ਕਿਹਾ ਕਿ ਮੀਡੀਆ ਰਾਹੀਂ ਐਨ ਆਰ ਆਈ ਦਾ ਦਾ ਬਿਆਨ ਵੀਡੀਓ ਰਿਕਾਰਡ ਹੋਣਾ ਚਾਹੀਦਾ ਹੈ ਤੇ ਨਾਲ ਹੀ ਐਨ ਆਰ ਆਈ ਕੋਲ ਉਪਲਬਧ ਸਾਰੇ ਸਬੂਤ ਦੀ ਫੋਰੈਂਸਿਕ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਪ੍ਰਕਿਰਿਆ ਨੂੰ ਸੁਖਾਲੇ ਢੰਗ ਨਾਲ ਪੂਰਾ ਕਰਵਾਉਣ ਲਈ ਕੈਨੇਡੀਆਈ ਅਧਿਕਾਰੀ ਵੀ ਪੂਰਾ ਤਾਲਮੇਲ ਕਰ ਸਕਦੇ ਹਨ।
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਾਰੇ ਮਾਮਲੇ ਦੀ ਆਜ਼ਾਦ ਤੇ ਨਿਰਪੱਖ ਜਾਂਚ ਦੇ ਰਾਹ ਵਿਚ ਨਹੀਂ ਆਉਣਾ ਚਾਹੀਦਾ। ਉਹਨਾਂ ਕਿਹਾ ਕਿ ਤੁਸੀਂ ਝੂਠ ਬੋਲ ਕੇ ਆਪਣੇ ਖਿਲਾਫ ਲੱਗੇ ਦੋਸ਼ਾਂ ਨੂੰ ਰੱਦ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਸਿਰਫ ਇਕ ਨਿਰਪੱਖ ਜਾਂਚ ਹੀ ਸੱਚਾਈ ਸਾਹਮਣੇ ਲਿਆ ਸਕਦੀ ਹੈ ਤੇ ਤੁਹਾਨੂੰ ਇਸ ਜਾਂਚ ਤੋਂ ਨਹੀਂ ਭੱਜਣਾ ਚਾਹੀਦਾ।
ਮਜੀਠੀਆ ਨੇ ਕਿਹਾ ਕਿ ਐਨ ਆਰ ਆਈ ਜਗਮਨਦੀਪ ਸਿੰਘ ਵੱਲੋਂ ਲਗਾਏ ਦੋਸ਼ਾਂ ਖਾਸ ਤੌਰ ’ਤੇ ਮੁੱਖ ਮੰਤਰੀ ਦੀ ਸ਼ਰਾਬ ਦੀ ਲੱਤ ਤੇ ਮਾੜੇ ਵਿਹਾਰ ਬਾਰੇ ਲਾਏ ਦੋਸ਼ ਪਿਛਲੇ ਕਈ ਸਾਲਾਂ ਤੋਂ ਭਗਵੰਤ ਮਾਨ ਦੀਆਂ ਆਦਤਾਂ ਮੁਤਾਬਕ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ਰਾਬ ਪੀ ਕੇ ਨਤਮਸਤਕ ਹੁੰਦਿਆਂ ਸਾਰੀ ਦੁਨੀਆਂ ਨੇ ਵੇਖਿਆ ਹੈ। ਉਹਨਾਂ ਕਿਹਾ ਕਿ ਇਹ ਵੀ ਸਾਰੇ ਜਾਣਦੇ ਹਨ ਕਿ ਉਹਨਾਂ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜ਼ੋਰ ਦੇਣ ’ਤੇ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸ਼ਰਾਬ ਨਾ ਪੀਣ ਲਈ ਆਪਣੀ ਮਾਂ ਦੀ ਝੂਠੀ ਸਹੁੰ ਚੁੱਕੀ ਸੀ। ਉਹਨਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੂੰ ਸ਼ਰਾਬ ਵਿਚ ਰੱਜੇ ਹੋਣ ਕਾਰਨ ਫਰੈਂਕਫਰਟ ਵਿਚ ਜਹਾਜ਼ ਤੋਂ ਹੇਠਾਂ ਲਾਹ ਦਿੱਤਾ ਗਿਆ।
ਮਜੀਠੀਆ ਨੇ ਕਿਹਾ ਕਿ ਇਹ ਸਾਰੇ ਤੱਥ ਪਹਿਲਾਂ ਹੀ ਲੋਕਾਂ ਦੇ ਸਾਹਮਣੇ ਹਨ ਤੇ ਇਸ ਲਈ ਐਨ ਆਰ ਆਈ ਜਗਮਨਦੀਪ ਸਿੰਘ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਜ਼ਰੂਰੀ ਹੈ।
– ACTION PUNJAB NEWS