Wednesday, October 9, 2024
More

    Latest Posts

    ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਵਿਸ਼ੇਸ਼ | ਧਰਮ ਅਤੇ ਵਿਰਾਸਤ | ActionPunjab


    ਕੋਈ ਸਮਾਂ ਸੀ ਕਿ ਜਦੋਂ ਦੁਨੀਆਂ ਦੇ ਲੋਕਾਂ ਉਪਰ ਅੱਤਿਆਚਾਰ ਹੀ ਅਤਿਆਚਾਰ ਹੋ ਰਹੇ ਸਨ, ਵੱਡੇ ਵੱਡੇ ਲੋਕ ਗਰੀਬ ਲੋਕਾਂ ਨੂੰ ਆਪਣੇ ਪੈਰਾਂ ਥੱਲੇ ਲਤਾੜ ਰਹੇ ਸਨ। ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਸਨ ਅਤੇ ਗਰੀਬ ਹੋਰ ਗਰੀਬ। ਇੰਨਾ ਹੀ ਨਹੀਂ, ਇੱਥੋਂ ਦੀ ਮਨੁੱਖ ਜਾਤੀ ਨੂੰ ਆਪਣਾ ਇਸ ਜ਼ਿੰਦਗੀ ਆਉਣ ਦਾ ਮਨੋਰਥ ਹੀ ਭੁੱਲ ਚੁੱਕਾ ਸੀ। ਲੋਕ ਦਿਨ-ਪ੍ਰਤੀ-ਦਿਨ ਕਰਮ-ਕਾਂਡਾਂ ਦੇ ਵਿਚ ਉਲਝਦੇ ਜਾਂਦੇ। ਪਰਮਾਤਮਾ ਦੇ ਨਾਮ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਮਿਲਦਾ। ਕਹਿਣ ਤੋਂ ਭਾਵ ਲੋਕ ਪਰਮਾਤਮਾ ਨੂੰ ਆਪਣੇ ਦਿਲਾਂ ਵਿਚੋਂ ਭੁਲਾ ਚੁੱਕੇ ਸਨ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਦੇ ਨਾਲ ਇਕ ਇਹੋ ਜਿਹਾ ਪ੍ਰਕਾਸ਼ ਹੋਇਆ ਜਿਸ ਦੇ ਨਾਲ ਪੂਰੇ ਬ੍ਰਹਿਮੰਡ ਦੇ ਵਿਚ ਚਾਨਣ ਹੀ ਚਾਨਣ ਹੋ ਗਿਆ। ਉਹ ਚਾਨਣ ਸੂਰਜ ਦਾ ਚਾਨਣ ਨਹੀਂ, ਉਹ ਇਹੋ ਜਿਹਾ ਚਾਨਣ ਸੀ, ਜਿਸ ਚਾਨਣ ਦੇ ਨਾਲ ਅਗਿਆਨਤਾ ਦਾ ਹਨੇਰਾ ਸਦਾ-ਸਦਾ ਵਾਸਤੇ ਖ਼ਤਮ ਹੋ ਗਿਆ‌। ਸੱਚ ਦਾ ਪ੍ਰਕਾਸ਼ ਹੋ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ। ਇਸ ਲੋਕਾਈ ਨੂੰ ਪਰਮਾਤਮਾ ਦੀ ਇਬਾਦਤ ਨਾਲ ਜੋੜਨ ਵਾਸਤੇ, ਕਰਮ-ਕਾਂਡਾਂ ਨਾਲੋਂ ਤੋੜਨ ਵਾਸਤੇ, ਮਨੁੱਖ ਜਾਤੀ ਨੂੰ ਸਹੀ ਰਸਤੇ ਪਾਉਣ ਵਾਸਤੇ ਕਹਿਣ ਤੋਂ ਭਾਵ ਜਗਤ ਨੂੰ ਤਾਰਨ ਵਾਸਤੇ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਇਕ ਨਵਾਂ ਹੀ ਸਮਾਜ ਸਿਰਜ ਦਿੱਤਾ।

    ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ॥

    ਜਗਤ ਗੁਰੂ, ਧੰਨ ਗੁਰੂ ਨਾਨਕ ਦੇਵ ਦਾ ਆਗਮਨ 1469 ਈ: ਨੂੰ ਰਾਇ ਭੋਇੰ ਦੀ ਤਲਵੰਡੀ ਪਿਤਾ ਮਹਿਤਾ ਕਾਲੂ (ਕਲਿਆਣ ਦਾਸ) ਅਤੇ ਮਾਤਾ ਤ੍ਰਿਪਤਾ ਦੇ ਘਰ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਆਪ ਬਚਪਨ ਤੋਂ ਹੀ ਬੜੀ ਹੀ ਉੱਚੀ-ਸੁੱਚੀ ਬਹੁਪੱਖੀ ਸ਼ਖ਼ਸੀਅਤ ਦੇ ਮਾਲਿਕ ਸਨ। ਸੰਸਾਰਕਤਾ ਨਾਲੋਂ ਆਪ ਦੀ ਰੁਚੀ ਪਰਮਾਰਥ ਵਾਲੇ ਪਾਸੇ ਜ਼ਿਆਦਾ ਸੀ। ਆਪ ਸ਼ਾਂਤ ਸੁਭਾਅ ਦੇ ਮਾਲਿਕ ਸਨ। ਆਪ ਜੀ ਤੋਂ ਇਕ ਵੱਡੀ ਭੈਣ ਸੀ, ਜਿਸਦਾ ਨਾਂ ਬੇਬੇ ਨਾਨਕੀ ਸੀ। ਬੇਬੇ ਨਾਨਕੀ ਜੀ ਹਮੇਸ਼ਾਂ ਹੀ ਆਪ ਜੀ ਨੂੰ ਪਰਮੇਸ਼ਵਰ ਦਾ ਰੂਪ ਜਾਣ ਕੇ ਮੰਨਿਆ। ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਨਿਵਾਸੀ ਜੈ ਰਾਮ ਜੀ ਨਾਲ ਹੋਇਆ, ਜੋ ਕਿ ਦੌਲਤ ਖਾਂ ਲੋਧੀ ਪਾਸ ਨੌਕਰੀ ਕਰਦੇ ਸਨ।

    ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ ਖੇਤੀ ਅਤੇ ਵਪਾਰ ਦਾ ਕੰਮ ਕਰਦੇ ਸਨ। ਛੋਟੀ ਉਮਰ ਵਿਚ ਹੀ ਗੁਰੂ ਨਾਨਕ ਸਾਹਿਬ ਜੀ ਲਈ ਦੁਨਿਆਵੀ ਵਿੱਦਿਆ ਸਿਖਾਉਣ ਦਾ ਪ੍ਰਬੰਧ ਕੀਤਾ ਗਿਆ। ਸਭ ਤੋਂ ਪਹਿਲਾਂ ਉਹਨਾਂ ਨੂੰ ਗੋਪਾਲ ਨਾਂ ਦੇ ਪਾਂਧੇ ਕੋਲ ਭੇਜਿਆ ਗਿਆ, ਉਪਰੰਤ ਪੰਡਿਤ ਬ੍ਰਿਜ ਲਾਲ ਕੋਲ ਸੰਸਕ੍ਰਿਤ ਅਤੇ ਮੌਲਵੀ ਕੁਤਬੁਦੀਨ ਕੋਲ ਮਸੀਤ ਵਿਚ ਫ਼ਾਰਸੀ ਦੀ ਵਿੱਦਿਆ ਗ੍ਰਹਿਣ ਕਰਨ ਲਈ ਭੇਜਿਆ ਗਿਆ। ਪਰ ਗੁਰੂ ਨਾਨਕ ਸਾਹਿਬ ਨੇ ਦੁਨਿਆਵੀ ਵਿੱਦਿਆ ਗ੍ਰਹਿਣ ਕਰਨ ਨਾਲੋਂ ਅਧਿਆਤਮਕ ਗਿਆਨ ਵਿਚ ਜ਼ਿਆਦਾ ਦਿਲਚਸਪੀ ਦਿਖਾਈ ਅਤੇ ਆਪ ਜ਼ਿਆਦਾਤਰ ਉਦਾਸ ਹੀ ਰਹਿੰਦੇ ਸਨ। ਜਿਸ ਕਾਰਨ ਆਪ ਦੇ ਪਿਤਾ ਹਮੇਸ਼ਾਂ ਹੀ ਚਿੰਤਿਤ ਰਹਿੰਦੇ ਸਨ। ਜਦ ਉਨ੍ਹਾਂ ਦੇਖਿਆ ਕਿ ਗੁਰੂ ਨਾਨਕ ਸਾਹਿਬ ਦਾ ਧਿਆਨ ਪੜ੍ਹਾਈ ਵੱਲ ਨਹੀਂ ਲੱਗ ਰਿਹਾ ਤਾਂ ਉਹਨਾਂ ਗੁਰੂ ਨਾਨਕ ਸਾਹਿਬ ਨੂੰ ਕੰਮਕਾਰ ਵਿਚ ਲਗਾਉਣ ਖ਼ਾਤਿਰ ਆਪਣੇ ਨਾਲ ਹੀ ਵਣਜ ਵਪਾਰ ਦਾ ਧੰਦਾ ਕਰਨ ਲਈ ਲਗਾ ਲਿਆ। ਇਕ ਵਾਰ ਪਿਤਾ ਮਹਿਤਾ ਕਾਲੂ ਨੇ ਗੁਰੂ ਨਾਨਕ ਸਾਹਿਬ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਰਸਤੇ ਵਿਚ ਉਹਨਾਂ ਨੂੰ ਕੁਝ ਭੁੱਖੇ ਸਾਧੂ ਮਿਲ ਗਏ ਤੇ ਉਹਨਾਂ ਵੀਹ ਰੁਪਈਆਂ ਦਾ ਗੁਰੂ ਸਾਹਿਬ ਨੇ ਉਹਨਾਂ ਨੂੰ ਭੋਜਨ ਖਵਾ ਦਿੱਤਾ। ਪਰ ਜਦ ਗੁਰੂ ਸਾਹਿਬ ਵਾਪਿਸ ਘਰ ਪਹੁੰਚੇ ਤਾਂ ਪਿਤਾ ਜੀ ਇਸ ਕੰਮ ਤੋਂ ਬਹੁਤ ਨਾਰਾਜ਼ ਹੋਏ।

    ਜਦ ਗੁਰੂ ਸਾਹਿਬ ਦੀ ਉਮਰ ਨੌਂ ਸਾਲ ਦੀ ਹੋਈ ਤਾਂ ਧਾਰਮਿਕ ਰਸਮਾਂ ਮੁਤਾਬਿਕ ਪੰਡਿਤ ਹਰਿਦਿਆਲ ਜੀ ਨੂੰ ਗੁਰੂ ਜੀ ਨੂੰ ਜਨੇਊ ਧਾਰਨ ਕਰਵਾਉਣ ਸੰਬੰਧੀ ਬੁਲਵਾਇਆ ਗਿਆ। ਗੁਰੂ ਸਾਹਿਬ ਤਾਂ ਜਨਮ ਤੋਂ ਹੀ ਗਿਆਨੀ ਸਨ ਤੇ ਜਦ ਪੰਡਿਤ ਹਰਿਦਿਆਲ ਜੀ ਗੁਰੂ ਜੀ ਦੇ ਜਨੇਊ ਪਾਉਣ ਲੱਗੇ ਤਾਂ ਗੁਰੂ ਨਾਨਕ ਸਾਹਿਬ ਨੇ ਇਸ ਜਨੇਊ ਦੀ ਨਿਰਾਰਥਕਤਾ ਦਰਸਾਉਂਦੇ ਹੋਏ ਕਿਹਾ, ਇਹ ਤਾਂ ਧਾਗੇ ਦਾ ਜਨੇਊ ਹੈ। ਜੋ ਮੈਲਾ ਹੋ ਸਕਦਾ ਹੈ, ਟੁੱਟ ਵੀ ਸਕਦਾ ਹੈ ਤੇ ਮਨੁੱਖ ਦੇ ਅੰਤਿਮ ਸਮੇਂ ਇਹ ਸੜ ਵੀ ਜਾਂਦਾ ਹੈ ਤੇ ਫਿਰ ਕਿਹਾ ਕਿ ਮੈਨੂੰ ਅਜਿਹਾ ਜਨੇਊ ਚਾਹੀਦਾ ਹੈ, ਜੋ ਮਨੁੱਖੀ ਜੀਵਨ ਨੂੰ ਹਰ ਪਾਸਿਓਂ ਉੱਚਾ-ਸੁੱਚਾ ਉਠਾ ਸਕੇ ਤੇ ਸਦੀਵੀ ਤੌਰ ‘ਤੇ ਮੇਰੇ ਨਾਲ ਰਹੇ:

    ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥

    ਏਹੋ ਜਨੇਊ ਜੀਅ ਕਾ ਹਈ ਤ ਪਾਂਡੇ ਘਤੁ॥‌

    ਨ ਏਹੁ ਤੁਟੈ ਨ ਮਲੁ ਲਗੈ ਨ ਏਹੁ ਜਲੈ ਨ ਜਾਇ॥

    ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥

    ਇਸ ਸਮੇਂ ਮਾਤਾ-ਪਿਤਾ, ਪੰਚਾਇਤ ਤੇ ਸਕੇ ਸੰਬੰਧੀਆਂ ਦੀਆਂ ਹਾਜ਼ਰੀਆਂ ਵਿਚ ਗੁਰੂ ਸਾਹਿਬ ਨੇ ਸਭ ਨੂੰ ਨਿਰ-ਉੱਤਰ ਕਰ ਦਿੱਤਾ। ਇਸ ਤੋਂ ਉਪਰੰਤ ਗੁਰੂ ਸਾਹਿਬ ਬਾਰੇ ਦੇਖਿਆ ਗਿਆ ਕਿ ਉਹਨਾਂ ਦਾ ਧਿਆਨ ਪੜ੍ਹਾਈ ਵੱਲ ਜਾਂ ਕਾਰੋਬਾਰ ਵੱਲ ਕਿਧਰੇ ਵੀ ਨਹੀਂ ਟਿਕ ਰਿਹਾ ਤਾਂ ਉਸ ਸਮੇਂ ਬੇਬੇ ਨਾਨਕੀ ਜੀ ਦੇ ਪਤੀ ਜੈ ਰਾਮ ਇਹਨਾਂ ਨੂੰ ਆਪਣੇ ਨਾਲ ਸੁਲਤਾਨਪੁਰ ਵਿਖੇ ਲੈ ਗਏ ਤੇ ਬਹੁਤ ਯਤਨਾਂ ਸਦਕਾ ਨਵਾਬ ਦੌਲਤ ਖਾਂ ਦੇ ਮੌਦੀਖਾਨੇ ਵਿਚ ਨੌਕਰੀ ਲਗਵਾ ਦਿੱਤੀ। ਇਥੇ ਵੀ ਗੁਰੂ ਸਾਹਿਬ ਪਰਮਾਤਮਾ ਦੇ ਰੰਗ ਵਿਚ ਰੰਗੇ ਹੋਏ ਖੁੱਲੇ ਹੱਥੀਂ ਤੇਰਾ-ਤੇਰਾ ਉਚਾਰਦੇ ਹੋਏ ਸਾਰੀਆਂ ਚੀਜ਼ਾਂ ਬਿਨ੍ਹਾਂ ਤੋਲੇ ਲੋਕਾਂ ਨੂੰ ਦੇ ਦਿੰਦੇ ਸਨ ਤੇ ਕਿਸੇ ਨੇ ਇਕ ਦਿਨ ਰਾਇ ਬੁਲਾਰ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਨਾਨਕ ਦੇਵ ਤਾਂ ਸਾਰਾ ਮੋਦੀਖਾਨਾ ਹੀ ਬਿਨ੍ਹਾਂ ਕਿਸੇ ਹਿਸਾਬ-ਕਿਤਾਬ ਦੇ ਲੋਕਾਂ ਨੂੰ ਲੁਟਾਈ ਜਾ ਰਹੇ ਹਨ ਤਾਂ ਰਾਇ ਬੁਲਾਰ ਨੇ ਇਸ ਸ਼ਿਕਾਇਤ ਦੇ ਨਿਵਿਰਤੀ ਹਿਤ ਮੋਦੀਖਾਨੇ ਦਾ ਸਾਰਾ ਹਿਸਾਬ-ਕਿਤਾਬ ਕਰਨ ਲਈ ਕਿਹਾ। ਜਦ ਮੋਦੀਖਾਨੇ ਦਾ ਹਿਸਾਬ ਲਗਾਇਆ ਗਿਆ ਤਾਂ ਕੋਈ ਵੀ ਚੀਜ਼ ਵੱਧ ਜਾਂ ਘੱਟ ਨਾ ਨਿਕਲੀ ਸਗੋਂ ਪੂਰੇ ਦਾ ਪੂਰਾ ਹਿਸਾਬ ਇੰਨ-ਬਿੰਨ ਸਹੀ ਨਿਕਲਿਆ। ਇਸ ਉਪਰੰਤ ਭਾਈ ਮਰਦਾਨਾ ਜੀ ਆਪ ਜੀ ਕੋਲ ਸੁਲਤਾਨਪੁਰ ਵਿਖੇ ਹੀ ਆ ਗਏ। ਆਪ ਜੀ ਦਾ ਪਰਮਾਤਮਾ ਪ੍ਰਤੀ ਅਥਾਹ ਪ੍ਰੇਮ ਅਤੇ ਅਨੰਤ ਵਿਸ਼ਵਾਸ ਸੀ। ਇਸ ਲਈ ਹਮੇਸ਼ਾਂ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦੇ। ਮਰਦਾਨਾ ਰਬਾਬ ਵਜਾਉਂਦਾ ਸੀ ਅਤੇ ਗੁਰੂ ਜੀ ਇਲਾਹੀ ਬਾਣੀ ਉਚਾਰਣ ਕਰਦੇ ਸਨ। ਇਥੇ ਹੀ ਕੁਝ ਸਮਾਂ ਬਾਅਦ 1487 ਈ: ਨੂੰ ਆਪ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋ ਗਿਆ। ਆਪ ਜੀ ਦੇ ਘਰ ਦੋ ਪੁੱਤਰਾਂ ਸ੍ਰੀ ਚੰਦ ਤੇ ਲਖਮੀ ਦਾਸ ਦਾ ਜਨਮ ਹੋਇਆ। ਭਾਵੇਂ ਆਪ ਗ੍ਰਹਿਸਥੀ ਬਣ ਗਏ ਸਨ, ਪਰ ਲਿਵ ਹਮੇਸ਼ਾਂ ਪਰਮੇਸ਼ਰ ਨਾਲ ਹੀ ਜੁੜੀ ਰਹਿੰਦੀ ਸੀ।

    ਸੁਲਤਾਨਪੁਰ ਨੇੜੇ ਹੀ ਵੇਈਂ ਨਦੀ ਵਿਚ ਆਪ ਇਸ਼ਨਾਨ ਕਰਨ ਜਾਂਦੇ ਸਨ। ਪਰ ਇਕ ਦਿਨ ਜਦ ਵੇਈਂ ਨਦੀ ਵਿਚ ਇਸ਼ਨਾਨ ਕਰਨ ਲਈ ਗਏ ਤਾਂ ਤਿੰਨ ਦਿਨ ਤੱਕ ਬਾਹਰ ਨਾ ਨਿਕਲੇ। ਸਭ ਪਾਸੇ ਘਰ-ਪਰਿਵਾਰ, ਆਂਢ-ਗੁਆਂਢ ਵਿਚ ਉਦਾਸੀ ਦਾ ਮਾਹੌਲ ਛਾਇਆ ਹੋਇਆ ਸੀ। ਇਸ ਦੌਰਾਨ ਗੁਰੂ ਸਾਹਿਬ ਨੂੰ ਪਰਮਾਤਮਾ ਵੱਲੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਅਤੇ ਤੀਸਰੇ ਦਿਨ ਜਦ ਆਪ ਵੇਈਂ ਨਦੀ ਚੋਂ ਬਾਹਰ ਨਿਕਲੇ ਤਾਂ ਸਭ ਨੂੰ ਇਕ ਪਰਮਾਤਮਾ ਦੀ ਸੰਤਾਨ ਮੰਨਦੇ ਹੋਏ ‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ ਆਖ ਕੇ ਲੋਕਾਂ ਨੂੰ ਤੰਗ ਨਜ਼ਰੀਏ ਤੋਂ ਉੱਪਰ ਉੱਠ ਕੇ ਸੱਚਾ ਧਰਮ ਧਾਰਨ ਕਰਨ ਲਈ ਪ੍ਰੇਰਿਤ ਕੀਤਾ।

    ਇਸ ਉਪਰੰਤ ਜਦ ਗੁਰੂ ਸਾਹਿਬ ਨੇ ਲੋਕਾਂ ਨੂੰ ਇਕ ਦੂਜੇ ਪ੍ਰਤੀ ਈਰਖਾ ਦੀ ਅੱਗ ਵਿਚ ਸੜਦੇ ਵੇਖਿਆ ਤਾਂ ਸਮੁੱਚੀ ਲੋਕਾਈ ਦਾ ਉਧਾਰ ਕਰਨ ਵਾਸਤੇ ਘਰ-ਪਰਿਵਾਰ ਤਿਆਗ ਕੇ ਥਾਂ-ਥਾਂ ਘੁੰਮ-ਫਿਰ ਕੇ ਲੋਕਾਂ ਨੂੰ ਸਹੀ ਮਾਰਗ ਸਮਝਾਉਣ ਦਾ ਮਨ ਬਣਾਇਆ। ਇਸ ਲਈ ਸਭ ਤੋਂ ਪਹਿਲਾਂ ਉਹਨਾਂ ਮੋਦੀਖਾਨੇ ਦਾ ਕੰਮ ਛੱਡ ਦਿੱਤਾ ਅਤੇ ਕੁਰਾਹੇ ਪਈ ਲੋਕਾਈ ਨੂੰ ਸਿੱਧੇ ਰਾਹ ਪਾਉਣ ਲਈ ਹਿੰਦੁਸਤਾਨ ਅਤੇ ਹਿੰਦੁਸਤਾਨ ਤੋਂ ਬਾਹਰ ਪ੍ਰਚਾਰ ਦੌਰਿਆਂ ਲਈ ਨਿਕਲ ਪਏ। ਗੁਰੂ ਸਾਹਿਬ ਦੁਆਰਾ ਆਰੰਭ ਕੀਤੇ ਅਜਿਹੇ ਪ੍ਰਚਾਰ ਦੋਰਿਆਂ ਨੂੰ ਉਦਾਸੀਆਂ ਦਾ ਨਾਮ ਦਿੱਤਾ ਗਿਆ। ਗੁਰੂ ਸਾਹਿਬ ਆਪਣੇ ਇਸ ਮਨੋਰਥ ਲਈ ਭਾਰਤ ਦੀਆਂ ਚੌਹਾਂ ਦਿਸ਼ਾਵਾਂ ਪੂਰਬ, ਪੱਛਮ, ਉੱਤਰ, ਦੱਖਣ, ਹਰ ਪਾਸੇ ਪਰਮਾਤਮਾ ਦੇ ਨਾਮ ਦਾ ਡੰਕਾ ਵਜਾਉਣ ਲਈ ਗਏ ਅਤੇ ਰਾਹ ਵਿਚ ਪੈਂਦੇ ਹਰ ਪ੍ਰਸਿੱਧ ਧਾਰਮਿਕ ਸਥਾਨਾਂ ਤੋਂ ਹੁੰਦੇ ਹੋਏ ਉੱਥੇ ਦੇ ਪ੍ਰਸਿੱਧ ਧਾਰਮਿਕ ਮੁਖੀਆਂ, ਪੁਜਾਰੀਆਂ, ਪੀਰਾਂ-ਫਕੀਰਾਂ ਨਾਲ ਸੰਵਾਦ ਰਚਾਉਂਦੇ ਹੋਏ ਸਹੀ ਜੀਵਨ-ਜਾਂਚ ਸਿਖਾਈ ਅਤੇ ਉਨ੍ਹਾਂ ਨੂੰ ਆਪਣੇ ਅਨੁਯਾਈ ਬਣਾਇਆ।

    ਗੁਰੂ ਸਾਹਿਬ ਨੇ ਆਪਣੇ ਜੀਵਨ ਦਾ ਕੁਝ ਸਮਾਂ ਕਰਤਾਰਪੁਰ ਸਾਹਿਬ ਵਿਚ ਹੀ ਬਤੀਤ ਕੀਤਾ। ਇਥੇ ਹੀ ਉਹ ਸੰਗਤਾਂ ਨੂੰ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੰਦੇ ਰਹੇ। ਇਸੇ ਸਥਾਨ ‘ਤੇ ਉਹਨਾਂ ਸੰਗਤ ਨੂੰ ਕਿਰਤ ਕਰਨ, ਵੰਡ ਛੱਕਣ ਤੇ ਨਾਮ ਜਪਣ ਜਿਹੇ ਸਿਧਾਂਤਾਂ ਨੂੰ ਅਮਲੀ ਰੂਪ ਵਿਚ ਆਪਣੇ ਜੀਵਨ ਵਿਚ ਧਾਰਨ ਕਰਨ ਦਾ ਉਪਦੇਸ਼ ਦਿੱਤਾ ਅਤੇ ਗੁਰੂ ਜੋਤ ਦਾ ਪ੍ਰਕਾਸ਼ ਆਪਣੇ ਅਨਿੰਨ ਸੇਵਕ ਭਾਈ ਲਹਿਣਾ ਨੂੰ ਆਪਣਾ ਅੰਗ ਜਾਣਦੇ ਹੋਏ, ਗੁਰੂ ਅੰਗਦ ਸਾਹਿਬ ਦੇ ਰੂਪ ਵਿਚ ਪ੍ਰਗਟ ਕੀਤਾ ਅਤੇ ਉਨਾਂ ਨੂੰ ਦੂਜੇ ਗੁਰੂ ਹੋਣ ਦਾ ਮਾਣ ਬਖਸ਼ਦਿਆਂ ਗੁਰਤਾ ਗੱਦੀ ਦਾ ਵਾਰਿਸ ਥਾਪਿਆ। ਇਸ ਤੋਂ ਉਪਰੰਤ ਜਲਦੀ ਹੀ 1539 ਈ: ਵਿਚ ਕਰਤਾਰਪੁਰ ਸਾਹਿਬ ਵਿਚ ਹੀ ਜੋਤੀ-ਜੋਤ ਸਮਾ ਗਏ।

    ਕਰਤਾਰਪੁਰ ਸਾਹਿਬ ਵਿਚ ਰਹਿੰਦਿਆਂ ਗੁਰੂ ਸਾਹਿਬ ਨੇ ਬਹੁਤ ਸਾਰੇ ਅਹਿਮ ਕਾਰਜ ਕੀਤੇ, ਜਿਨ੍ਹਾਂ ਵਿਚੋਂ ਸਭ ਤੋਂ ਪ੍ਰਮੁੱਖ ਤੇ ਪਰਿਪੱਕ ਕਾਰਜ ਉਹਨਾਂ ਵੱਲੋਂ ਬਾਣੀ ਰਚਨਾ ਦਾ ਸੀ। ਗੁਰੂ ਸਾਹਿਬ ਨੇ ਬਹੁਤ ਸਾਰੀ ਬਾਣੀ ਰਚੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰੂ ਸਾਹਿਬ ਦੁਆਰਾ 19 ਰਾਗਾਂ ਵਿਚ ਰਚਿਤ ਬਾਣੀ ਮਿਲਦੀ ਹੈ। ਇਸ ਤੋਂ ਇਲਾਵਾ ਰਾਗ ਰਹਿਤ ਬਾਣੀ ਵੀ ਆਪ ਜੀ ਦੁਆਰਾ ਰਚੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਪੁਜੀ ਸਾਹਿਬ, ਸਿਧ ਗੋਸਟਿ, ਬਾਰਹਮਾਹਾ ਤੁਖਾਰੀ, ਕੁਚੱਜੀ, ਸੁਚੱਜੀ, ਪਹਿਰੇ, ਥਿਤੀ, ਅਲਾਹੁਣੀਆ, ਆਸਾ ਦੀ ਵਾਰ, ਮਾਝ ਕੀ ਵਾਰ, ਵਾਰ ਮਲ੍ਹਾਰ ਆਪ ਦੁਆਰਾ ਰਚਿਤ ਪ੍ਰਮੁੱਖ ਬਾਣੀਆਂ ਹਨ। ਆਪ ਜੀ ਦੀਆਂ ਰਚਿਤ ਸ਼ਬਦਾਂ ਦਾ ਕੁੱਲ ਜੋੜ 958 ਹੈ। ਜਿਨ੍ਹਾਂ ਵਿਚੋਂ ਜਪੁਜੀ, ਸਿਧ ਗੋਸਟਿ, ਓਅੰਕਾਰ, ਪੱਟੀ, ਬਾਰਹਮਾਹਾ ਅਤੇ ਥਿਤੀ ਵਡ-ਅਕਾਰੀ ਬਾਣੀਆਂ ਹਨ। ਪਹਿਰੇ, ਅਲਾਹੁਣੀਆ, ਆਰਤੀ, ਕੁਚੱਜੀ, ਸੁਚੱਜੀ ਲਘੂ ਆਕਾਰੀ ਬਾਣੀਆਂ ਹਨ। ਇਸ ਤੋਂ ਇਲਾਵਾ ਗੁਰੂ ਸਾਹਿਬ ਦੁਆਰਾ ਤਿੰਨ ਵਾਰਾਂ ਆਸਾ ਦੀ ਵਾਰ, ਮਾਝ ਕੀ ਵਾਰ ਅਤੇ ਵਾਰ ਮਲ੍ਹਾਰ ਦੀ ਰਚਨਾ ਹੋਈ ਮਿਲਦੀ ਹੈ। ਗੁਰ ਸਾਹਿਬ ਬਹੁ ਪੱਖੀ ਸ਼ਖ਼ਸੀਅਤ ਦੇ ਮਾਲਿਕ ਸਨ। ਜਿਥੇ ਇਕ ਪਾਸੇ ਉਨ੍ਹਾਂ ਦੀ ਬਾਣੀ ਵਿਚ ਤੱਤਕਾਲੀਨ ਹਾਲਾਤਾਂ ਦੇ ਮੱਦੇ ਨਜ਼ਰ ਸਮਾਜਿਕ, ਧਾਰਮਿਕ, ਰਾਜਨੀਤਿਕ ਅਵਸਥਾ ਬਾਰੇ ਅਸੰਤੁਸ਼ਟਤਾ ਅਤੇ ਨਿਰਾਸ਼ਾਪਨ ਪ੍ਰਗਟ ਕੀਤਾ ਗਿਆ ਹੈ, ਉਥੇ ਨਾਲ ਹੀ ਉਹਨਾਂ ਦੀ ਬਾਣੀ ਵਿਚ ਇਹਨਾਂ ਬਾਰੇ ਕਰੜੇ ਸ਼ਬਦਾਂ ਵਿਚ ਨਿੰਦਿਆ ਕਰਦੇ ਹੋਏ, ਇਸਦੇ ਵਿਰੋਧ ਵਿਚ ਸਵੱਛ ਅਤੇ ਕਲਿਆਣਕਾਰੀ ਸਮਾਜ ਦੀ ਉਸਾਰੀ ਦੇ ਯਤਨ ਵੀ ਕੀਤੇ ਗਏ ਹਨ। ਗਲਤ ਮਾਨਤਾਵਾਂ, ਕਦਰਾਂ-ਕੀਮਤਾਂ, ਊਚ-ਨੀਚ ਦੇ ਭੇਦ-ਭਾਵ ਨੂੰ ਨਕਾਰਿਆ ਗਿਆ ਹੈ। ਗੁਰੂ ਸਾਹਿਬ ਮਨੁੱਖ ਨੂੰ ਸਦਾਚਾਰ ਦੇ ਮਾਰਗ ‘ਤੇ ਚਲਦਿਆਂ ਆਪਣੇ ਜੀਵਨ ਵਿਚ ਚੰਗੇ ਗੁਣਾਂ ਨੂੰ ਅਪਣਾਉਣ ਅਤੇ ਨਿਮਰਤਾ, ਮਿਠਾਸ ਅਤੇ ਸੰਜਮ ਨੂੰ ਅਮਲੀ ਜੀਵਨ ਵਿਚ ਧਾਰਨ ਕਰਨ ਦਾ ਉਪਦੇਸ਼ ਦ੍ਰਿੜ ਕਰਦੇ ਹਨ। ਗੁਰੂ ਸਾਹਿਬ ਮਨੁੱਖੀ ਜੀਵਨ ਦਾ ਅਸਲ ਮਨੋਰਥ ਵੀ ਦ੍ਰਿੜ ਕਰਦੇ ਹਨ‌। ਉਹਨਾਂ ਅਨੁਸਾਰ ਮਨੁੱਖੀ ਜੀਵਨ ਦਾ ਅਸਲ ਮਨੋਰਥ ਉਸ ਸੱਚ ਦੀ ਅਸਲੀਅਤ ਨੂੰ ਸਮਝਣਾ ਹੈ।

    ਸੱਚਾ ਗੁਰੂ ਹੀ ਮਨੁੱਖ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦਾ ਹੈ। ਜਿਹੜੇ ਜੀਵ ਗੁਰੂ ਦੀ ਕਿਰਪਾ ਸਦਕਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ, ਉਹਨਾਂ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜੀਵ ਦੀ ਸੁਰਤਿ ਉੱਚੀ ਹੁੰਦੀ ਹੈ ਤੇ ਉਸਨੂੰ ਆਪਣੇ ਜੀਵਨ ਦੇ ਅਸਲ ਮਨੋਰਥ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਤੇ ਅਜਿਹੇ ਜੀਵ ਹੀ ਪਰਮਾਤਮਾ ਦੇ ਦਰ ‘ਤੇ ਵਡਿਆਈ ਦੇ ਪਾਤਰ ਬਣਦੇ ਹਨ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.