Wednesday, October 9, 2024
More

    Latest Posts

    ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਗਏ ਭਾਰਤੀ ਪਰਿਵਾਰ ਨਾਲ ਪਾਕਿਸਤਾਨ ‘ਚ ਵੱਡੀ ਲੁੱਟ/Big robbery in Pakistan with Indian family who went to celebrate birth anniversary of Guru Nanak Dev Ji | ਦੇਸ਼- ਵਿਦੇਸ਼ | ActionPunjab



    ਲਾਹੌਰ: ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਪੰਜਾਬ ਦੇ ਇੱਕ ਸਿੱਖ ਪਰਿਵਾਰ ਨੂੰ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਲੁਟੇਰੇ ਪੁਲਿਸ ਦੀ ਵਰਦੀ ਵਿੱਚ ਸਨ। ਜੋ ਕਿ ਉਨ੍ਹਾਂ ਕੋਲੋਂ 1 ਲੱਖ ਭਾਰਤੀ ਰੁਪਏ ਅਤੇ ਸੋਨੇ ਦੇ ਗਹਿਣੇ ਲੁੱਟ ਫ਼ਰਾਰ ਹੋ ਗਏ। ਪਾਕਿ ਪੁਲਿਸ ਨੇ ਗੁਲਬਰਗ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਹੈ।

    ਐੱਫ.ਆਈ.ਆਰ ‘ਚ ਨਹੀਂ ਜੋੜੀ ਡਕੈਤੀ ਦੀ ਧਾਰਾ
    ਪਾਕਿਸਤਾਨੀ ਮੀਡੀਆ ਨੇ ਇਸ ਘਟਨਾ ਦੀ ਰਿਪੋਰਟ ਕਰਦਿਆਂ ਹੈਰਾਨੀ ਜਤਾਈ ਹੈ ਕਿ ਪੁਲਿਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ ਤਾਂ ਦਰਜ ਕੀਤੀ ਪਰ ਐੱਫ.ਆਈ.ਆਰ ‘ਚ ਡਕੈਤੀ ਦੀ ਧਾਰਾ ਨਹੀਂ ਜੋੜੀ ਗਈ। ਮੀਡੀਆ ਮੁਤਾਬਕ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਜਾਰੀ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਰਹੀ ਹੈ।

    ਭਾਰਤੀ ਜੱਥੇ ਨੇ ਜ਼ਾਹਿਰ ਕੀਤੀ ਆਪਣੀ ਨਾਰਾਜ਼ਗੀ
    ਪਾਕਿਸਤਾਨ ਗਏ ਭਾਰਤੀ ਜੱਥੇ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਹੈਦਰ ਨੇ ਕਿਹਾ ਕਿ ਇਹ ਮਾਮਲਾ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਦੇ ਧਿਆਨ ਵਿਚ ਹੈ। ਉਨ੍ਹਾਂ ਸਿੱਖ ਜੱਥੇ ਨੂੰ ਭਰੋਸਾ ਦਿਵਾਇਆ ਕਿ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ।

    ਫਿਲਹਾਲ ਇਹ ਸਮੂਹ ਪਾਕਿਸਤਾਨ ਵਿੱਚ ਹੀ ਹੈ ਅਤੇ ਉਨ੍ਹਾਂ ਨੂੰ ਲਾਹੌਰ ਦੇ ਆਲੇ-ਦੁਆਲੇ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਲਿਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਇੱਕ ਸੀ.ਸੀ.ਟੀ.ਵੀ. ਵੀ ਸਾਹਮਣੇ ਆਈ ਹੈ। ਜਿਸ ‘ਚ ਪੀੜਤ ਪਰਿਵਾਰ ਨੂੰ ਜ਼ਬਰਦਸਤੀ ਕਾਰ ‘ਚ ਬਿਠਾ ਕੇ ਬੰਦੂਕ ਦੀ ਨੋਕ ‘ਤੇ ਲੁੱਟਦੇ ਦੇਖਿਆ ਜਾ ਸਕਦਾ ਹੈ।

    ਮੁੱਖ ਮੰਤਰੀ ਨੇ ਮੰਗੀ ਰਿਪੋਰਟ
    ਪਾਕਿਸਤਾਨੀ ਮੀਡੀਆ ਦੀ ਮੰਨੀਏ ਤਾਂ ਉਨ੍ਹਾਂ ਆਪਣੀ ਰਿਪੋਰਟ ‘ਚ ਕਿਹਾ ਕਿ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਵੀ ਸਿੱਖ ਸ਼ਰਧਾਲੂ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਲੁੱਟ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਲਾਹੌਰ ਪੁਲਿਸ ਮੁਖੀ ਤੋਂ ਤੁਰੰਤ ਰਿਪੋਰਟ ਮੰਗੀ ਹੈ। ਨਕਵੀ ਨੇ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਸ਼ੱਕੀਆਂ ਦੀ ਫੌਰੀ ਪਛਾਣ ’ਤੇ ਜ਼ੋਰ ਦਿੰਦਿਆਂ ਡਕੈਤੀ ਵਿੱਚ ਸ਼ਾਮਲ ਮੁਲਜ਼ਮਾਂ ਦੀ ਜਲਦ ਗ੍ਰਿਫ਼ਤਾਰੀ ਦੇ ਨਿਰਦੇਸ਼ ਦਿੱਤੇ ਹਨ। 

    ਦੁਕਾਨ ਤੋਂ ਬਾਹਰ ਆਉਂਦੇ ਹੀ ਤਾਣ ਦਿੱਤੀ ਬੰਦੂਕ
    ਪਾਕਿਸਤਾਨੀ ਮੀਡੀਆ ਨਾਲ ਗੱਲ ਕਰਦਿਆਂ ਪੁਲਿਸ ਅਧਿਕਾਰੀ ਅਹਿਤਸ਼ਾਮ ਹੈਦਰ ਨੇ ਦੱਸਿਆ ਕਿ 29 ਨਵੰਬਰ ਦੀ ਸ਼ਾਮ ਨੂੰ ਕੰਵਲਜੀਤ ਸਿੰਘ ਆਪਣੇ ਪਰਿਵਾਰ ਨਾਲ ਪਾਕਿਸਤਾਨ ਸਥਿਤ ਲਾਹੌਰ ਦੇ ਗੁਲਬਰਗ ਵਿੱਚ ਖਰੀਦਦਾਰੀ ਕਰਨ ਲਈ ਲਿਬਰਟੀ ਮਾਰਕੀਟ ਪਹੁੰਚਿਆ ਸੀ। ਜਦੋਂ ਸਿੱਖ ਪਰਿਵਾਰ ਇੱਕ ਦੁਕਾਨ ਤੋਂ ਬਾਹਰ ਆਇਆ ਤਾਂ ਪੁਲਿਸ ਵਰਦੀ ਵਿੱਚ ਦੋ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਬੰਦੂਕ ਦੀ ਨੋਕ ‘ਤੇ ਨਕਦੀ ਅਤੇ ਗਹਿਣੇ ਲੁੱਟ ਲਏ। ਲੁਟੇਰਿਆਂ ਨੇ ਸਿੱਖ ਪਰਿਵਾਰ ਕੋਲੋਂ ਸੋਨੇ ਦੇ ਗਹਿਣਿਆਂ ਤੋਂ ਇਲਾਵਾ 1 ਲੱਖ ਭਾਰਤੀ ਰੁਪਏ ਦੀ ਨਕਦੀ ਵੀ ਲੁੱਟ ਲਈ ਹੈ।

    SGPC ਨੇ ਜਤਾਇਆ ਗੁੱਸਾ, ਸੁਰੱਖਿਆ ਦੀ ਮੰਗ ਕੀਤੀ
    ਇਸ ਘਟਨਾ ਬਾਰੇ ਭਾਰਤ ਸਰਕਾਰ ਵੱਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਾਕਿਸਤਾਨ ‘ਚ ਲੁੱਟ ਦੀ ਇਸ ਘਟਨਾ ‘ਤੇ ਸ਼੍ਰੋਮਣੀ ਕਮੇਟੀ ਨੇ ਗੁੱਸਾ ਜ਼ਾਹਰ ਕੀਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪਾਕਿਸਤਾਨ ਵਿੱਚ ਭਾਰਤੀ ਸ਼ਰਧਾਲੂ ਨਾਲ ਵਾਪਰੀ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂ ਸ਼ਰਧਾ ਨਾਲ ਪਾਕਿਸਤਾਨ ਜਾਂਦੇ ਹਨ। ਪਾਕਿਸਤਾਨ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.