ACTION PUNJAB NEWS Desk: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਇਰਾਕ ਤੋਂ ਵਾਪਸ ਆਈਆਂ ਲੜਕੀਆਂ ਨੇ ਆਪਣੀ ਕਹਾਣੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਇਰਾਕ ਵਿੱਚ ਟਰੈਵਲ ਏਜੰਟਾਂ ਵੱਲੋਂ ਵੇਚ ਦਿੱਤਾ ਗਿਆ ਸੀ। ਇਰਾਕ ਤੋਂ ਵਾਪਸ ਆਈਆਂ ਦੋ ਲੜਕੀਆਂ ਦੇ ਨਾਲ ਮਲੇਸ਼ੀਆ ਤੋਂ ਇੱਕ ਲੜਕਾ ਵੀ ਵਾਪਸ ਆਇਆ ਹੈ, ਜੋ ਉੱਥੇ ਜੇਲ੍ਹ ਵਿੱਚ ਸੀ। ਇਰਾਕ ਤੋਂ ਵਾਪਸ ਆਈਆਂ ਇਨ੍ਹਾਂ ਪੀੜਤ ਲੜਕੀਆਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕੀਤੇ ਉਪਰਾਲੇ ਦਾ ਧੰਨਵਾਦ ਕੀਤਾ।
80 ਹਜ਼ਾਰ ਲੈ ਕੇ ਕੁੜੀਆਂ ਨੂੰ ਵੇਚਿਆ
ਇਰਾਕ ਤੋਂ ਵਾਪਸ ਆਈਆਂ ਇਨ੍ਹਾਂ ਦੋਵੇਂ ਲੜਕੀਆਂ ਨੇ ਦੱਸਿਆ ਕਿ ਉਹ 10 ਜੁਲਾਈ ਨੂੰ ਇਰਾਕ ਗਈਆਂ ਸਨ ਅਤੇ ਫਗਵਾੜਾ ਦੀ ਰਹਿਣ ਵਾਲੀ ਮਨਦੀਪ ਕੌਰ ਨਾਮਕ ਟਰੈਵਲ ਏਜੰਟ ਵੱਲੋਂ 80-80 ਹਜ਼ਾਰ ਰੁਪਏ ਲੈ ਕੇ ਦੁਬਈ ਭੇਜ ਦਿੱਤਾ ਗਿਆ ਅਤੇ 8 ਘੰਟੇ ਏਅਰਪੋਰਟ ‘ਤੇ ਰੁਕਣ ਤੋਂ ਬਾਅਦ ਉਨ੍ਹਾਂ ਨੂੰ ਉਥੋਂ ਖਾੜੀ ਦੇਸ਼ਾਂ ਨੂੰ ਭੇਜ ਦਿੱਤਾ ਗਿਆ। ਪੀੜਤ ਲੜਕੀਆਂ ਨੇ ਦੱਸਿਆ ਕਿ ਉੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਵੇਚ ਦਿੱਤਾ ਗਿਆ ਹੈ। ਉਨ੍ਹਾਂ ਨੂੰ ਦੇਰ ਰਾਤ ਤੱਕ ਕੰਮ ‘ਤੇ ਰੱਖਿਆ ਗਿਆ ਅਤੇ ਕੰਮ ਨਾ ਕਰਨ ‘ਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ। ਹਾਲਤ ਇਹ ਸਨ ਕੇ ਇਨਕਾਰ ਕਰਨ ‘ਤੇ ਕੱਪੜੇ ਲਾਹ ਪਖ਼ਾਨੇ ਵਿੱਚ ਬੰਦ ਕਰ ਦਿੱਤਾ ਜਾਂਦਾ।
ਓਮਾਨ ‘ਚ ਵੇਚੀਆਂ ਜਾਂਦੀਆਂ ਪੰਜਾਬ ਦੀਆਂ ਸਥਾਨਕ ਕੁੜੀਆਂ
ਲੰਘੇ ਮਈ ਮਹੀਨੇ ਵੀ ਪੰਜਾਬ ਦੀ ਇੱਕ ਮਹਿਲਾ ਨੇ ਦੱਸਿਆ ਸੀ ਕਿ, ਬਿਹਤਰ ਨੌਕਰੀ ਦੀ ਭਾਲ ਵਿੱਚ ਖਾੜੀ ਦੇਸ਼ ਜਾਣ ਤੋਂ ਬਾਅਦ ਉਹ ਦੋ ਮਹੀਨਿਆਂ ਤੋਂ ਓਮਾਨ ਵਿੱਚ ਫਸੀ ਹੋਈ ਸੀ। ਪੰਜਾਬ ਸਰਕਾਰ ਨੇ ਉਸ ਦੇ ਇਲਜ਼ਾਮ ਤੋਂ ਬਾਅਦ ਸ਼ੋਸ਼ਣ ਅਤੇ ਔਰਤਾਂ ਨੂੰ ਅਨੈਤਿਕ ਕੰਮਾਂ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ।
ਪਰਮਜੀਤ ਰਾਣੀ (ਬਦਲਿਆ ਹੋਇਆ ਨਾਮ) ਨੇ ਦਿ ਵਾਇਰ ਨੂੰ ਹੱਡਬੀਤੀ ਬਿਆਨ ਕਰਦਿਆਂ ਦਾਅਵਾ ਕੀਤਾ ਕਿ ਬਿਹਤਰ ਨੌਕਰੀਆਂ ਦੇ ਬਹਾਨੇ ਓਮਾਨ ਲਿਜਾਈਆਂ ਗਈਆਂ ਪੰਜਾਬੀ ਔਰਤਾਂ ਨੂੰ ਸਥਾਨਕ ਲੋਕਾਂ ਕੋਲ ਵੇਚਿਆ ਜਾ ਰਿਹਾ ਹੈ ਅਤੇ “ਅਨੈਤਿਕ ਗਤੀਵਿਧੀਆਂ” ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ।
ਉਸਦਾ ਕਹਿਣਾ ਸੀ ਕਿ 20 ਮਈ ਨੂੰ ਜਦੋਂ ਉਹ ਮਸਕਟ-ਨਵੀਂ ਦਿੱਲੀ-ਅੰਮ੍ਰਿਤਸਰ ਫਲਾਈਟ ਵਿੱਚ ਸਵਾਰ ਹੋਈ, ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਪਲ ਸੀ। ਉਹ ਆਖਰਕਾਰ ਮਸਕਟ ਵਿੱਚ ਆਪਣੇ ਅਰਬ ਮਾਲਕਾਂ ਦੇ ਚੁੰਗਲ ਤੋਂ ਬਚ ਕੇ ਬਾਹਰ ਆ ਚੁੱਕੀ ਸੀ, ਜਿੱਥੇ ਉਸਨੂੰ ਬੰਦੀ ਬਣਾ ਲਿਆ ਗਿਆ ਸੀ ਅਤੇ ਕਥਿਤ ਤੌਰ ‘ਤੇ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਸੀ।
30-35 ਪੰਜਾਬਣਾਂ ਖਾੜੀ ਦੇਸ਼ ‘ਚ ਬੰਧਕ
ਪਰਮਜੀਤ ਦਾ ਕਹਿਣਾ ਸੀ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਟਰੈਵਲ ਏਜੰਟ ਭੋਲੇ ਭਾਲੇ ਲੋਕਾਂ ਨੂੰ ਧੋਖਾ ਦਿੰਦੇ ਹਨ, ਆਪਣੇ ਮਾਮਲੇ ‘ਚ ਉਸ ਨੇ ਪਤੀ ਦੀ ਮਾਮੀ ਨੇ ਦੋਸ਼ੀ ਠਹਿਰਾਇਆ। ਪਰਮਜੀਤ ਨੇ ਦਿ ਵਾਇਰ ਨੂੰ ਦੱਸਿਆ ਕਿ ਪਤੀ ਦੀ ਮਾਸੀ ਜੋ ਕਿ ਜਲੰਧਰ ਦੇ ਪਿੰਡ ਰਾਓਵਾਲੀ ਨਾਲ ਸਬੰਧਤ ਹੈ, ਕੇਰਲਾ ਅਤੇ ਸ਼੍ਰੀਲੰਕਾ ਸਥਿਤ ਟਰੈਵਲ ਏਜੰਟਾਂ ਦੀ ਮਦਦ ਨਾਲ ਪਿਛਲੇ ਕੁਝ ਸਾਲਾਂ ਤੋਂ ਔਰਤਾਂ ਨੂੰ ਘਰੇਲੂ ਕਰਮਚਾਰੀਆਂ ਵਜੋਂ ਮਸਕਟ ਭੇਜ ਰਹੀ ਸੀ।
ਉਸ ਨੇ ਅੱਗੇ ਦੱਸਿਆ ਕਿ ਮਸਕਟ ‘ਚ ਕਰੀਬ 30 ਤੋਂ 35 ਹੋਰ ਔਰਤਾਂ ਵੀ ਫਸੀਆਂ ਹੋਈਆਂ ਸਨ ਅਤੇ ਕਥਿਤ ਤੌਰ ‘ਤੇ ਜਿਨਸੀ ਗਤੀਵਿਧੀਆਂ ‘ਚ ਸ਼ਾਮਲ ਹੋਣ ਲਈ ਮਜ਼ਬੂਰ ਸਨ। ਉਸ ਨੂੰ 20 ਤੋਂ 40 ਸਾਲ ਦੀਆਂ ਹੋਰ ਔਰਤਾਂ ਦੇ ਨਾਲ ਸ਼ੁਰੂ ਵਿੱਚ 12 ਦਿਨਾਂ ਤੱਕ ਫਲੈਟਾਂ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਸੀ।
ਉਨ੍ਹੇ ਦੱਸਿਆ ਕਿ ਸਾਨੂੰ ਹਫ਼ਤੇ ਵਿੱਚ ਸਿਰਫ਼ ਦੋ ਤੋਂ ਤਿੰਨ ਦਿਨ ਕੰਮ ਦਿੱਤਾ ਜਾਂਦਾ ਸੀ। ਸਾਡੇ ਮਾਲਕਾਂ ਨੇ ਸਾਡੇ ਪਾਸਪੋਰਟ ਅਤੇ ਮੋਬਾਈਲ ਫੋਨ ਵੀ ਖੋਹ ਲਏ। ਸਾਨੂੰ ਸ਼ੁੱਕਰਵਾਰ ਨੂੰ ਸਿਰਫ਼ ਇੱਕ ਘੰਟੇ ਲਈ ਆਪਣੇ ਪਰਿਵਾਰਾਂ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਸੀ, ਉਹ ਵੀ ਸਾਡੇ ਮਾਲਕਾਂ ਦੀ ਮੌਜੂਦਗੀ ਵਿੱਚ, ਜਿਨ੍ਹਾਂ ਵਿਚੋਂ ਕੁੱਝ ਮਾਲਕ ਹਿੰਦੀ ਭਾਸ਼ਾ ਨੂੰ ਸਮਝ ਸਕਦੇ ਸਨ।
ਖੁਸ਼ਕਿਸਮਤੀ ਨਾਲ ਪਰਮਜੀਤ ਪਖ਼ਾਨੇ ਵਿੱਚ ਆਪਣੇ ਪਤੀ ਨਾਲ ਫੋਨ ‘ਤੇ ਗੱਲ ਕਰਨ ਵਿੱਚ ਕਾਮਯਾਬ ਰਹੀ। ਉਸਨੇ ਆਪਣੇ ਪਤੀ ਨੂੰ ਆਪਣੀ ਔਖ ਦੱਸੀ ਅਤੇ ਪੰਜਾਬ ਸਰਕਾਰ ਨੂੰ ਇੱਕ ਵੀਡੀਓ ਵੀ ਭੇਜੀ, ਜਿਸ ਵਿੱਚ ਸਹਾਇਤਾ ਦੀ ਬੇਨਤੀ ਕੀਤੀ ਗਈ ਸੀ। ਜਿਨ੍ਹਾਂ ਉਸਨੂੰ ਮਸਕਟ ਤੋਂ ਵਾਪਸ ਲਿਆਉਣ ਵਿੱਚ ਮਦਦ ਕੀਤੀ।
ਸੰਤ ਸੀਚੇਵਾਲ ਦੀ ਮੁੱਖ ਮੰਤਰੀ ਮਾਨ ਨੂੰ ਅਪੀਲ
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਅਤੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮਦਦ ਨਾਲ ਪਿਛਲੇ ਦਿਨਾਂ ਵਿੱਚ ਕਈ ਔਰਤਾਂ ਨੂੰ ਮਸਕਟ ਤੋਂ ਸੁਰੱਖਿਅਤ ਬਾਹਰ ਕੱਢ ਉਨ੍ਹਾਂ ਨੂੰ ਭਾਰਤ ਲਿਆਇਆ ਗਿਆ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਇਨ੍ਹਾਂ ਮਾਮਲਿਆਂ ਵਿੱਚ ਫਰਜ਼ੀ ਟਰੈਵਲ ਏਜੰਟਾਂ ਅਤੇ ਵਿਚੋਲਿਆਂ ਦੇ ਗਠਜੋੜ ਦੀ ਜਾਂਚ ਕਰ ਰਹੀ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਟਰੈਵਲ ਏਜੰਟਾਂ ਦਾ ਇੱਕ ਵੱਡਾ ਗਰੋਹ ਹੈ, ਜਿਸ ਨੂੰ ਕਾਬੂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਗਰੀਬ ਅਤੇ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਕੇ ਉਨ੍ਹਾਂ ਦੀਆਂ ਨੌਜਵਾਨ ਲੜਕੀਆਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਵੇਚ ਰਹੇ ਹਨ।
ਪੰਜਾਬ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਇੰਡੀਆ ਟੂਡੇ ਨੂੰ ਆਪਣੇ ਬਿਆਨ ‘ਚ ਦੱਸਿਆ ਸੀ, “ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਇਹ ਸਿਰਫ਼ ਮੇਰੇ ਮੰਤਰਾਲੇ ਦਾ ਡੋਮੇਨ ਨਹੀਂ ਹੈ। ਮੇਰਾ ਵਿਚਾਰ ਹੈ ਕਿ ਘਰੇਲੂ ਕਰਮਚਾਰੀ ਨੂੰ ਸਾਜਿਸ਼ ਤਹਿਤ ਵਿਦੇਸ਼ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਸਾਨੂੰ ਇਸ ਦੀ ਜੜ੍ਹਾਂ ਵਿੱਚ ਜਾਣ ਦੀ ਲੋੜ ਹੈ ਕਿ ਇਹ ਔਰਤਾਂ ਵਿਦੇਸ਼ ਕਿਉਂ ਜਾਣਾ ਚਾਹੁੰਦੀਆਂ ਹਨ। ਇਸ ਤਰ੍ਹਾਂ ਦੇ ਕੰਮ ਪਿੱਛੇ ਏਜੰਟਾਂ ਦਾ ਹੱਥ ਹੁੰਦਾ ਹੈ। ਸਾਨੂੰ ਇਨ੍ਹਾਂ ਅਪਰਾਧੀਆਂ ਨੂੰ ਫੜਨ ਦੀ ਲੋੜ ਹੈ।”
– ACTION PUNJAB NEWS