ਗੰਜੇ ਮਰਦਾਂ ‘ਚ ਕੋਰੋਨਾ ਵਾਇਰਸ ਦਾ ਗੰਭੀਰ ਸੰਕਰਮਣ ਹੋਣ ਦਾ ਖ਼ਤਰਾ ਦੂਜਿਆਂ ਨਾਲੋਂ ਵੱਧ ਹੈ। ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਸ ਅਧਿਐਨ ਦੇ ਮੁੱਖ ਖੋਜਕਰਤਾ ਪ੍ਰੋਫੈਸਰ ਕਾਰਲੋਸ ਵੈਂਬੀਅਰ ਦੇ ਅਨੁਸਾਰ, “ਮਰਦਾਂ ਵਿੱਚ ਗੰਜਾਪਨ COVID-19 ਦੇ ਗੰਭੀਰ ਸੰਕਰਮਣ ਲਈ ਜ਼ੋਖਮ ਦਾ ਕਾਰਨ ਹੈ।”
ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ‘ਚ ਚੀਨ ਦੇ ਵੁਹਾਨ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਤੋਂ ਬਾਅਦ ਅਜਿਹੀ ਰਿਸਰਚ ਸਾਹਮਣੇ ਆਈ ਸੀ ਕਿ ਇਸ ਮਹਾਂਮਾਰੀ ਨਾਲ ਮੌਤ ਹੋਣ ਦਾ ਖ਼ਤਰਾ ਔਰਤਾਂ ਦੇ ਮੁਕਾਬਲੇ ਮਰਦਾਂ ‘ਚ ਵੱਧ ਹੈ।
ਸਪੇਨ ਤੇ ਅਮਰੀਕਾ ‘ਚ ਹੋਈ ਸਟਡੀ
ਦਰਅਸਲ, ਕੋਰੋਨਾ ਵਾਇਰਸ ਅਤੇ ਗੰਜਾਪਨ ਦੇ ਵਿਚਕਾਰ ਸਬੰਧਾਂ ਨੂੰ ਸਮਝਣ ਲਈ ਦੋ ਅਧਿਐਨ ਕੀਤੇ ਗਏ ਹਨ। ਸਪੇਨ ‘ਚ ਕੀਤੇ ਗਏ ਇੱਕ ਅਧਿਐਨ ਵਿੱਚ 41 ਕੋਰੋਨਾ ਮਰੀਜ਼ਾਂ ਬਾਰੇ ਕੀਤੀ ਗਈ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਵਿੱਚੋਂ 71% ਤੋਂ ਵੱਧ ਗੰਜੇ ਸਨ। ਜਦਕਿ ਬ੍ਰਾਊਨ ਯੂਨੀਵਰਸਿਟੀ ਦੇ ਅਧਿਐਨ ਦੇ ਅਨੁਸਾਰ 122 ਕੋਰੋਨਾ ਮਰੀਜ਼ਾਂ ‘ਤੇ ਹੋਈ ਜਾਂਚ ‘ਚ 79% ਗੰਜੇ ਸਨ।
ਇੱਕੋ ਜਿਹਾ ਨਤੀਜਾ ਮਿਲਿਆ
ਦੋਵਾਂ ਅਧਿਐਨਾਂ ‘ਚ ਇੱਕੋ ਜਿਹੇ ਨਤੀਜੇ ਸਾਹਮਣੇ ਆਏ। ਖੋਜਕਰਤਾਵਾਂ ਦੇ ਅਨੁਸਾਰ ਗੰਜਾਪਨ ਅਤੇ ਕੋਰੋਨਾ ਦੇ ਗੰਭੀਰ ਇਨਫੈਕਸ਼ਨ ਦੇ ਵਿਚਕਾਰ ਇੱਕ ਖਾਸ ਸਬੰਧ ਹੈ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਮਰਦਾਂ ਦਾ ਸੈਕਸ ਹਾਰਮੋਨ ਐਂਡਰੋਜਨ ਕੋਰੋਨਾ ਵਾਇਰਸ ਦੇ ਸੰਕਰਮਿਤ ਹੋਣ ਦੀ ਸਮਰੱਥਾ ਨੂੰ ਵਧਾ ਸਕਦਾ ਹੈ। ਇਸੇ ਹਾਰਮੋਨ ਕਾਰਨ ਮਰਦਾਂ ਵਿੱਚ ਦਵਾਈਆਂ ਦਾ ਪ੍ਰਭਾਵ ਘੱਟ ਰਿਹਾ ਹੈ ਅਤੇ ਮਰੀਜ਼ ਗੰਭੀਰ ਰੂਪ ‘ਚ ਬਿਮਾਰ ਹੋ ਜਾਂਦੇ ਹਨ। ਅਜਿਹੇ ਮਰੀਜ਼ਾਂ ਦੀ ਰਿਕਵਰੀ ਵਿੱਚ ਵੀ ਵੱਧ ਸਮਾਂ ਲੱਗਦਾ ਹੈ।
ਇਕ ਹੋਰ ਸਟਡੀ ‘ਚ ਖੁਲਾਸਾ ਹੋਇਆ ਸੀ
ਇਸ ਤੋਂ ਪਹਿਲਾਂ ਇੱਕ ਅਧਿਐਨ ‘ਚ ਇਹ ਕਿਹਾ ਗਿਆ ਸੀ ਕਿ ਔਰਤਾਂ ਨਾਲੋਂ ਮਰਦਾਂ ਦੇ ਖੂਨ ਵਿੱਚ ਅਜਿਹੇ ਅਣੂਆਂ ਦੀ ਗਿਣਤੀ ਜ਼ਿਆਦਾ ਹੈ, ਜੋ ਆਸਾਨੀ ਨਾਲ ਕੋਰੋਨਾ ਵਾਇਰਸ ਦੇ ਵਾਹਕ ਬਣ ਜਾਂਦੇ ਹਨ। ਸੰਕਰਮਿਤ ਮਰਦ ਤੇ ਔਰਤਾਂ ਦੀ ਉਮਰ ਅਤੇ ਗਿਣਤੀ ਇੱਕੋ ਜਿਹੀ ਸੀ, ਪਰ ਮਰਦਾਂ ਨੂੰ ਵੱਧ ਗੰਭੀਰ ਬਿਮਾਰੀ ਹੋਈ। ਵਿਗਿਆਨੀਆਂ ਨੇ ਇਹ ਵੀ ਪਾਇਆ ਕਿ ਮਰਨ ਵਾਲੇ 70% ਤੋਂ ਵੱਧ ਮਰੀਜ਼ ਮਰਦ ਸਨ, ਜਿਸ ਦਾ ਮਤਲਬ ਹੈ ਕਿ ਮਰਦਾਂ ਦੀ ਮੌਤ ਦਰ ਔਰਤਾਂ ਨਾਲੋਂ 2.5 ਗੁਣਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਮਰਦ ਦੀ ਉਮਰ ਕਿੰਨੀ ਵੀ ਹੋਵੇ ਪਰ ਮਰਦ ਹੋਣ ਕਾਰਨ ਵਾਇਰਸ ਕਾਰਨ ਗੰਭੀਰ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।