Action Punjab

Breaking News

Pioneer Mini Kahani Writer Anvant Kaur – ਮੋਢੀ ਮਿੰਨੀ ਕਹਾਣੀ ਲੇਖਿਕਾ – ਅਨਵੰਤ ਕੌਰ, Punjab Punjabi News


ਮਿੰਨੀ ਕਹਾਣੀ ਦੇ ਵੱਡੇ ਸਿਰਜਕ-32
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਸ੍ਰੀਮਤੀ ਅਨਵੰਤ ਕੌਰ ਦਾ ਨਾਂ ਪੰਜਾਬੀ ਮਿੰਨੀ ਕਹਾਣੀ ਦੇ ਮੋਢੀਆਂ ਦੀ ਗਿਣਤੀ ਵਿੱਚ ਆਉਂਦਾ ਹੈ।ਸਾਲ 1975 ਵਿੱਚ ਇਨ੍ਹਾਂ ਨੇ ਜਿੱਥੇ ਮਹਰੂਮ ਸ਼ਰਨ ਮੱਕੜ ਨਾਲ ਮਿਲਕੇ ‘ਅਬ ਜੂਝਣ ਕੋ ਦਾਓ’  ਮਿੰਨੀ ਕਹਾਣੀ ਸੰਗ੍ਰਹਿ ਸੰਪਾਦਿਤ ਕਰਕੇ ਇੱਕ ਮਾਅਰਕੇ ਦਾ ਕੰਮ ਕੀਤਾ, ਉੱਥੇ 2008 ਵਿੱਚ ‘ਕਿਣਕਾ ਕਿਣਕਾ ਕਾਇਨਾਤ’ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਇਆ।ਕਹਾਣੀ ਦੀਆਂ ਚਾਰ ਮੌਲਿਕ ਪੁਸਤਕਾਂ ਅਤੇ ਚਾਰ ਸੰਪਾਦਿਤ ਪੁਸਤਕਾਂ ਤੋਂ ਇਲਾਵਾ ਇਹ 1968 ਤੋਂ ਲੈ ਕੇ 1986 ਤੱਕ ‘ਕੰਵਲ’ ਮੈਗਜ਼ੀਨ ਦੀ ਸੰਪਾਦਨਾ ਨਾਲ ਵੀ ਜੁੜੇ ਰਹੇ।ਸਿੱਟੇ ਵੱਜੋਂ ਅਨੇਕਾਂ ਮਾਨ ਸਨਮਾਨ ਵੀ ਇੰਨ੍ਹਾਂ ਦੀ ਝੋਲੀ ਵਿੱਚ ਆਏ।ਨਾਰੀ ਚੇਤਨਾ ਮੰਚ ਦੇ ਜ਼ਰੀਏ ਔਰਤ ਹੱਕਾਂ ਲਈ ਇਹ ਲਗਾਤਾਰ ਯਤਨਸ਼ੀਲ ਰਹੇ।ਚਾਰ ਅਪ੍ਰੈਲ 1935 ਨੂੰ ਜਨਮੀ ਇਹ ਪ੍ਰਸਿੱਧ ਲੇਖਿਕਾ ਮਿਤੀ 14 ਅਪ੍ਰੈਲ 2013 ਨੂੰ ਸਦੀਵੀ ਵਿਛੋੜਾ ਦੇ ਗਈ। ਇਨ੍ਹਾਂ ਦੀਆਂ ਮਿੰਨੀ ਕਹਾਣੀਆਂ ਸਮੇਂ ਦੇ ਵਿਭਿੰਨ ਯਥਾਰਥਾਂ ਨੂੰ ਬਾਖੂਬੀ ਰੂਪਮਾਨ ਕਰਦੀਆਂ ਹੋਈਆਂ ਪਾਠਕ ਮਨ ਨੂੰ ਹਲੂਣਾ ਦਿੰਦੀਆਂ ਹਨ:

 

ਡੰਗਰ

ਲਹਿਲਹਾਂਦੇ ਗਾਚੇ ਦੇ ਟਾਂਡਿਆਂ ਵਿੱਚ ਹਰੀਆਂ ਹਰੀਆਂ ਛੱਲੀਆਂ ਵੇਖ ਕੇ ਸਾਰਿਆਂ ਦਾ ਜੀਅ ਲਲਚਾ ਆਇਆ।ਸਾਰਿਆਂ ਨੇ ਚਾਰ ਚਾਰ, ਛੇ-ਛੇ ਛੱਲੀਆਂ ਤੋੜ ਕੇ ਆਪਣੇ ਬੈਗਾਂ ਵਿੱਚ ਭਰ ਲਈਆਂ।ਦੂਰ ਬੈਠੇ ਰਾਖੇ ਨੂੰ ਪਠਿਆਂ ਵਿੱਚ ਸਰਸਰਾਹਟ ਸੁਣਾਈ ਦਿੱਤੀ।ਉੱਠ ਕੇ ਵੇਖਿਆ।ਛੱਲੀਆਂ ਤੋੜਦਿਆਂ ਵੇਖ ਸੋਟੀ ਲੈ ਕੇ ਦੌੜਿਆ।ਰਾਖੇ ਨੂੰ ਆਇਆ ਵੇਖ ਕੇ ਭੱਜਣ ਦੀ ਥਾਂ ਉਹ ਸਾਰੇ ਆਕੜ ਕੇ ਖਲੋ ਗਏ।

-ਓਏ ਕੀ ਗੱਲ ਏ?ਦੋ ਛੱਲੀਆਂ ਨਾਲ ਖੇਤ ਉੱਜੜ ਗਿਆ ਏ, ਜੁ ਇੰਜ ਭੱਜਦਾ ਆਇਆ ਏ?

-ਸਰਕਾਰ ਮੈਂ ਤਾਂ ਰਾਖਾ ਹਾਂ, ਮਾਲਕਾਂ ਨੂੰ ਹਿਸਾਬ ਦੇਣਾ ਹੁੰਦੈ।ਮਾਲਕ ਤਾਂ ਇੱਕ ਟਾਂਡਾ ਪੁੱਟਿਆ ਵੀ ਬਾਰਦਾਸ਼ਤ ਨਹੀਂ ਕਰਦੇ।ਕਾਮੇ ਨੇ ਡਰਦਿਆਂ ਡਰਦਿਆਂ ਕਿਹਾ।

-ਤੈਨੂੰ ਪਤਾ ਅਸੀਂ ਸਰਕਾਰੀ ਬੰਦੇ ਹਾਂ ਅਤੇ ਗਿਰਦਾਵਰੀ ਕਰਨ ਆਏ ਹਾਂ।

ਕਾਮਾ ਲਾਚਾਰ ਸੀ।ਡਰ ਨਾਲ ਕੰਬਣ ਲੱਗ ਪਿਆ-ਕੋਈ ਨਹੀਂ ਸਰਕਾਰ ਤੁਸੀਂ ਹੋਰ ਦੋ ਚਾਰ ਤੋੜ ਲਵੋ।

-ਹੁਣ ਮਾਲਕ ਕੁੱਝ ਨਹੀਂ ਕਹੇਗਾ? ਇੱਕ ਨੇ ਵਿਅੰਗ ਕੀਤਾ।

-ਕਦੇ ਕਦੇ ਝੂਠ ਵੀ ਬੋਲਣਾ ਪੈ ਜਾਂਦੈ।ਕਹਿ ਦਿਆਂਗਾਂ , ਡੌਗਰ ਮੂੰਹ ਮਾਰ ਗਏ ਨੇ।

=============

ਕ…ਕੀ…ਈ…?

 ਨੂੰਹ ਦੇ ਹੱਥ ਵਿੱਚੋਂ ਕੱਚ ਦੇ ਭਾਂਡਿਆਂ ਵਾਲੀ ਟ੍ਰੇਅ ਡਿੱਗ ਪਈ। ਕਸੂਰ ਉਸ ਦਾ ਨਹੀਂ ਸੀ। ਚਿੱਟੇ ਮਾਰਬਲ ਦੇ ਫਰਸ਼ ਉੱਤੇ ਡੁੱਲ੍ਹਿਆ ਪਾਣੀ ਉਸ ਦੀ ਨਜ਼ਰੀਂ ਨਹੀਂ ਸੀ ਪਿਆ। ਪੈਰ ਤਿਲਕ ਗਿਆ। ਆਪ ਤਾਂ ਕਿਸੇ ਤਰ੍ਹਾਂ ਸੰਭਲ ਗਈ, ਪਰ ਟ੍ਰੇਅ ਡਿੱਗ ਪਈ। ਕੱਚ ਦੇ ਦੋ ਗਲਾਸ ਅਤੇ ਦੋ ਪਲੇਟਾਂ ਟੁੱਟ ਗਈਆਂ।

ਖੜਾਕ ਸੁਣ ਕੇ ਹਰ ਸਮੇਂ ਗੋਡਿਆਂ ਦੇ ਦਰਦ ਦਾ ਰੋਣਾ ਰੋਣ ਵਾਲੀ ਸੱਸ ਭੱਜਦੀ ਹੋਈ ਆਈ। ਕੱਚ ਦੇ ਟੁਕੜਿਆਂ ਜਿਤਨੇ ਹੀ ਗਾਲ੍ਹਾਂ ਦੇ ਟੁਕੜੇ ਉਸ ਦੀ ਜ਼ਬਾਨ ਵਿੱਚੋਂ ਗੋਲੀਆਂ ਵਾਂਗ ਡਿੱਗਣ ਲੱਗੇ, “ਨੀ ਇਸ ਘਰ ਦੀਏ ਦੁਸ਼ਮਣੇ, ਤੇਰਾ ਕੱਖ ਨਾ ਰਹੇ। ਤੂੰ ਮੇਰੇ ਘਰ ਦਾ ਬੇੜਾ ਗਰਕ ਕਰਕੇ ਰਹੇਂਗੀ। ਭੁਖਿਆਂ ਦੀਏ ਓਲਾਦੇ, ਪਿੱਛੇ ਕੁਝ ਵੇਖਿਆ ਨੀ, ਹੁਣ ਇਹ ਭਰਿਆ ਘਰ ਤੇਥੋਂ ਜਰ ਨਹੀਂ ਹੁੰਦਾ। ਇੰਜ ਕਰ, ਜਿਹੜੀ ਕਰਾਕਰੀ ਅਲਮਾਰੀ `ਚ ਪਈ ਐ, ਉਹ ਵੀ ਲੈ ਆ ਤੇ ਸਾਰੀ ਇਕੋ ਵਾਰ ਤੋੜ ਦੇ। ਜਦ ਤਕ ਇਕ ਵੀ ਪਲੇਟ ਤੈਨੂੰ ਸਬੂਤੀ ਨਜ਼ਰ ਆਵੇਗੀ, ਤੇਥੋਂ ਜਰ ਨਹੀਂ ਹੋਣੀ।”

ਪਤਨੀ ਦੀ ਕੁਰਖਤ ਆਵਾਜ਼ ਅਤੇ ਗਾਹਲਾਂ ਸੁਣਕੇ ਸਹੁਰਾ ਵੀ ਆਪਣੇ ਕਮਰੇ ਵਿੱਚੋਂ ਨਿਕਲ ਆਇਆ। ਕੁਝ ਪੁੱਛਣ ਦੀ ਲੋੜ ਨਹੀਂ ਸੀ। ਕੱਚ ਦੇ ਟੁਕੜੇ, ਨੂੰਹ ਦੀਆਂ ਅੱਖਾਂ ਦੇ ਅਥਰੂ ਅਤੇ ਪਤਨੀ ਦੀਆਂ ਗਾਹਲਾਂ ਸਭ ਕੁਝ ਦੱਸ ਰਹੀਆਂ ਸਨ। ਉਹ ਬੋਲੇ, “ਇਸ ਦਾ ਕੀ ਕਸੂਰ ਐ? ਪੈਰ ਤਾਂ ਕਿਸੇ ਦਾ ਵੀ ਫਿਸਲ ਸਕਦੈ। ਗਲਾਸ ਈ ਨੇ, ਹੋਰ ਆ ਜਾਣਗੇ।”

“ਤੁਸੀਂ ਤਾਂ ਜਬਾਨ ਹਿਲਾ ਦਿੱਤੀ, ਹੋਰ ਆ ਜਾਣਗੇ। ਮਹੀਨੇ `ਚ ਇਕ ਵਾਰ ਤਨਖਾਹ ਲਿਆ ਕੇ ਦੋਵੇਂ ਪਿਓ-ਪੁੱਤ ਫੜਾ ਦਿੰਦੇ ਓ। ਪਰ ਮੈਨੂੰ ਈ ਪਤੈ, ਇਸ ਮਹਿੰਗਾਈ ਦੇ ਜ਼ਮਾਨੇ `ਚ ਘਰ ਦਾ ਖਰਚ ਕਿੰਜ ਚਲਾਂਦੀ ਆਂ। ਮੈਂ ਤਾਂ ਤੀਹ ਦਿਨ ਪਾਈ-ਪਾਈ ਸੋਚ ਕੇ ਖਰਚਣੀ ਹੁੰਦੀ ਐ।”

“ਓਹੋ! ਇਸ ਪਾਸੇ ਤਾਂ ਅਸਾਂ ਕਦੇ ਸੋਚਿਆ ਈ ਨਹੀਂ। ਅੱਜ ਤੋਂ ਤੈਨੂੰ ਔਖਿਆਂ ਹੋਣ ਦੀ ਲੋੜ ਨਹੀਂ। ਪੜ੍ਹੀ-ਲਿਖੀ ਨੂੰਹ ਘਰ ਆਈ ਐ। ਆਪੇ ਬਜਟ ਬਣਾ ਕੇ ਘਰ ਤੋਰ ਲਵੇਗੀ। ਅੱਗੇ ਤੋਂ ਤਨਖ਼ਾਹ ਇਸ ਦੇ ਹੱਥ ਵਿਚ ਦੇ ਦਿਆ ਕਰਾਂਗੇ।”

“ਕ…ਕੀ…ਈ…?

 

============

ਗਊ ਮਾਤਾ

ਰਾਜੂ ਸ਼ਰਮੇ ਦਾ ਸਹੁਰਾ ਪਿੰਡ ਨਦੀਓਂ ਪਾਰ ਸੀ। ਪਿੰਡ ਵਿਚ ਬਹੁਤੇ ਘਰ ਬ੍ਰਾਹਮਣਾਂ ਦੇ ਸਨ। ਗਊ-ਗਰੀਬ ਦੀ ਰੱਖਿਆ ਕਰਨੀ ਉਹ ਆਪਣਾ ਪਹਿਲਾਂ ਧਰਮ ਮੰਨਦੇ ਸਨ। ਰਾਜੂ ਸ਼ਰਮਾ ਉਸ ਪਿੰਡ ਦੇ ਇਕ ਸਨਮਾਨਯੋਗ ਪ੍ਰੋਹਿਤ ਦਾ ਜੁਆਈ ਸੀ। ਪਿੰਡ ਵਿਚ ਉਸਦੀ ਬਹੁਤ ਇੱਜ਼ਤ ਸੀ। ਇਕ ਦਿਨ ਲੋਕਾਂ ਨੇ ਵੇਖਿਆ ਕਿ ਰਾਜੂ ਚਿੱਕੜ ਵਿਚ ਲੱਥ ਪੱਥ ਹੋਈ ਗਊ ਨੂੰ ਹਿਕ ਕੇ ਨਦੀ ਵਿੱਚੋਂ ਬਾਹਰ ਕੱਢ ਰਿਹਾ ਹੈ। ਭੀੜ ਇਕੱਠੀ ਹੋ ਗਈ। ਭੀੜ ਨੂੰ ਵੇਖ ਕੇ ਸਾਹੋ ਸਾਹ ਹੋਇਆ ਰਾਜੂ ਦੱਸਣ ਲੱਗਾ

“ਗਊ ਮਾਤਾ ਚਿੱਕੜ ਵਿਚ ਬੁਰੀ ਤਰ੍ਹਾਂ ਫਸੀ ਹੋਈ ਸੀ। ਮੈਂ ਵੇਖਿਆ ਤਾਂ ਮੈਥੋਂ ਸਹਿਣ ਨਾ ਹੋਇਆ। ਜਾਨ ਜੋਖੋਂ ਵਿਚ ਪਾ ਕੇ ਇਸ ਨੂੰ ਬਚਾਅ ਕੇ ਲਿਆਇਆ ਹਾਂ। ਜੇ ਮੈਂ ਨਾ ਵੇਖਦਾ ਤਾਂ ਇਸ ਦਾ ਬਚਣਾ ਮੁਸ਼ਕਲ ਸੀ।”

ਪਿੰਡ ਵਾਸੀ ਉਸ ਦੇ ਇਸ ਪਰਉਪਕਾਰੀ ਕੰਮ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਸਾਰਿਆਂ ਨੇ ਉਸਦੀ ਜੈ-ਜੈ ਕਾਰ ਕੀਤੀ। ਉਸ ਦੇ ਲਿੱਬੜੇ ਕਪੜਿਆਂ ਦੀ ਪਰਵਾਹ ਕੀਤੇ ਬਗੈਰ ਉਸ ਨੂੰ ਜੱਫੀਆਂ ਪਾ ਲਈਆਂ। ਜਲੂਸ ਦੀ ਸ਼ਕਲ ਵਿਚ ਰਾਜੂ ਨੂੰ ਉਸ ਦੇ ਸਹੁਰੇ ਘਰ ਲਿਆਂਦਾ ਗਿਆ। ਘਰਵਾਲਿਆਂ ਨੇ ਜਦੋਂ ਸਾਰੀ ਗੱਲ ਸੁਣੀ ਤਾਂ ਉਹ ਵੀ ਬਹੁਤ ਖੁਸ਼ ਹੋਏ। ਉਹ ਦੇ ਚਿੱਕੜ-ਚਿਕੜ ਹੋਏ ਕਪੜਿਆਂ ਨੂੰ ਵੇਖ ਕੇ ਉਸ ਦੀ ਘਰਵਾਲੀ ਕਹਿਣ ਲੱਗੀ, “ਪਹਿਲਾਂ ਹੱਥ-ਮੂੰਹ ਧੋ ਕੇ, ਗੰਦੇ ਕਪੜੇ ਬਦਲ ਲਓ।”

“ਕਪੜਿਆਂ ਦਾ ਕੀ ਹੈ? ਧੋ ਕੇ ਸਾਫ ਹੋ ਜਾਣਗੇ। ਭਗਵਾਨ ਦਾ ਸ਼ੁਕਰ ਕਰੋ ਗਊ ਮਾਤਾ ਦੀ ਜਾਨ ਬਚ ਗਈ।”

ਪਤਨੀ ਉਸ ਨੂੰ ਬਾਹੋਂ ਫੜ ਕੇ ਘਰ ਦੇ ਅੰਦਰ ਲੈ ਗਈ, “ਫੰਡਰ ਗਊ ਸੀ। ਮਰ ਜਾਂਦੀ ਤਾਂ ਅਸਮਾਨ ਟੁੱਟ ਪੈਣਾ ਸੀ। ਤੁਹਾਨੂੰ ਇਸ ਮੁਸੀਬਤ `ਚ ਪੈਣ ਦੀ ਕੀ ਲੋੜ ਸੀ?”

ਰਾਜੂ ਹੱਸਦਾ ਹੋਇਆ ਲੋਟ-ਪੋਟ ਹੋ ਗਿਆ ਤੇ ਬੋਲਿਆ, “ਝੱਲੀਏ! ਗਊ ਨੂੰ ਬਚਾਣ ਦੀ ਕਹਾਣੀ ਘੜਨੀ ਤਾਂ ਮੇਰੀ ਸਿਆਸਤ ਹੈ। ਅਸਲ ਵਿਚ ਮੈਂ ਇਧਰ ਆਉਣਾ ਸੀ। ਨਦੀ ਤੇ ਆਇਆ ਤਾਂ ਵੇਖਿਆ ਕਿ ਕੋਈ ਬੇੜੀ ਨਹੀਂ ਹੈ। ਨਦੀ ਵਿਚ ਪਾਣੀ ਬਹੁਤ ਘੱਟ ਸੀ। ਗਿੱਟੇ-ਗਿੱਟੇ ਪਾਣੀ ਵੇਖ ਕੇ ਮੈਂ ਤੁਰ ਕੇ ਹੀ ਨਦੀ ਪਾਰ ਕਰਨ ਲੱਗ ਪਿਆ। ਵਿਚਕਾਰ ਪਹੁੰਚਿਆ ਤਾਂ ਖੋਭਾ ਹੀ ਖੋਭਾ। ਚਿੱਕੜ ਵਿਚ ਧਸਦਾ ਜਾਵਾਂ। ਨਾ ਅੱਗੇ ਜਾਣ ਜੋਗਾ ਰਿਹਾ, ਨਾ ਪਿੱਛੇ ਮੁੜਨ ਜੋਗਾ। ਅਚਾਨਕ ਮੇਰੀ ਨਜ਼ਰ ਗਊ ਤੇ ਗਈ। ਸੋਚਿਆ ਇਹ ਜ਼ਰੂਰ ਚਿੱਕੜ ਵਿੱਚੋਂ ਲੰਘ ਜਾਵੇਗੀ। ਸੋ ਮੈਂ ਗਊ ਦੀ ਪੂੰਛ ਫੜ ਲਈ ਤੇ ਉਸ ਨੂੰ ਬਾਹਰ ਵੱਲ ਧੱਕਦਾ-ਧਕਾਂਦਾ ਕਿਨਾਰੇ ਤੱਕ ਪੁੱਜ ਹੀ ਗਿਆ। ਗਊ ਨਾ ਹੁੰਦੀ ਤਾਂ ਮੈਂ ਚਿੱਕੜ ਵਿਚ ਹੀ ਦਬ ਕੇ ਰਹਿ ਜਾਣਾ ਸੀ।

ਪਤਨੀ ਉਸ ਨੂੰ ਸਾਫ਼ ਕਪੜੇ ਦੇ, ਆਪ ਹੱਥ ਜੋੜ ਕੇ `ਜੈ ਗਊ ਮਾਤਾ ਦੀ` ਕਹਿੰਦੀ ਭੀੜ ਵਿਚ ਜਾ ਰਲੀ।

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

Source link

Other From The World

Related Posts

Treading News

Latest Post