Action Punjab

Breaking News

Trio of International Hockey Players Balbir Randhawa Baldev Randhawa Baljit Randhawa – ਕੌਮਾਂਤਰੀ ਹਾਕੀ ਖੇਡਣ ਵਾਲੇ ਭਰਾਵਾਂ ਦੀ ਤਿੱਕੜੀ ਬਲਬੀਰ ਰੰਧਾਵਾ, ਬਲਦੇਵ ਰੰਧਾਵਾ ਤੇ ਬਲਜੀਤ ਰੰਧਾਵਾ, Sports Punjabi News


ਵਿਸ਼ਵ ਹਾਕੀ ਦੇ ਨਿਰਮਾਤਾ ਮੇਜਰ ਧਿਆਨ ਚੰਦ ਸਿੰਘ ਅਤੇ ਰੂਪ ਸਿੰਘ ਇੰਡੀਅਨ ਟੀਮ ’ਚ ਇੱਕਠਿਆਂ ਖੇਡਣ ਵਾਲੇ ਭਰਾਵਾਂ ਦਾ ਪਹਿਲਾ ਜੋੜਾ ਸੀ। ਹਾਕੀ ਦੇ ਜਾਦੂਗਰ ਧਿਆਨ ਚੰਦ ਸਿੰਘ ਤੇ ਓਲੰਪੀਅਨ ਰੂਪ ਸਿੰਘ ਤੋਂ ਬਾਅਦ ਭਰਾਵਾਂ ਦੀ ਤਿੱਕੜੀ ਬਲਬੀਰ ਸਿੰਘ ਰੰਧਾਵਾ, ਬਲਦੇਵ ਸਿੰਘ ਰੰਧਾਵਾ ਅਤੇ ਬਲਜੀਤ ਸਿੰਘ ਰੰਧਾਵਾ ਨੂੰ ਕੌਮਾਂਤਰੀ ਹਾਕੀ ਦੇ ਮੈਦਾਨ ’ਚ ਨਿੱਤਰਨ ਦਾ ਹੱਕ ਹਾਸਲ ਹੋਇਆ। ਇਨ੍ਹਾਂ ਤੋਂ ਬਾਅਦ ਇੰਡੀਅਨ ਟੀਮ ’ਚ ਖੇਡਣ ਵਾਲੇ ਭਰਾਵਾਂ ਦੀ ਲੰਮੀ ਸੂਚੀ ਹੈ, ਜਿਨ੍ਹਾਂ ’ਚ ਬਲਬੀਰ ਸਿੰਘ ਗਰੇਵਾਲ ਤੇ ਗੁਰਬਖਸ਼ ਸਿੰਘ ਗਰੇਵਾਲ, ਸੰਦੀਪ ਸਿੰਘ ਤੇ ਬਿਕਰਮਜੀਤ ਸਿੰਘ, ਹਰਮੀਕ ਸਿੰਘ ਤੇ ਅਜੀਤ ਸਿੰਘ, ਚਰਨਜੀਤ ਕੁਮਾਰ ਤੇ ਗੁਨਦੀਪ ਕੁਮਾਰ, ਵੀ ਜੇ ਪੀਟਰ  ਤੇ ਵੀ ਜੇ ਫਿਲਿਪਸ, ਵਿਕਰਮ ਪਿਲੈ ਤੇ ਵਿਕਾਸ ਪਿਲੈ, ਰਾਹੁਲ ਸਿੰਘ ਤੇ ਵਿਵੇਕ ਸਿੰਘ, ਬਲਜੀਤ ਸਿੰਘ ਢਿਲੋਂ ਤੇ ਦਲਜੀਤ ਸਿੰਘ ਢਿਲੋਂ, ਸਰਦਾਰ ਸਿੰਘ ਤੇ ਦੀਦਾਰ ਸਿੰਘ, ਮੁਖਬੈਨ ਸਿੰਘ ਤੇ ਸੰਦੀਪ ਸਿੰਘ, ਇਗਨੇਸ਼ ਟਿਰਕੀ ਤੇ ਪ੍ਰਬੋਧ ਟਿਰਕੀ, ਯੁਵਰਾਜ ਵਾਲਮੀਕੀ ਤੇ ਦਵਿੰਦਰ ਵਾਲਮੀਕੀ ਅਤੇ ਅਕਾਸ਼ਦੀਪ ਸਿੰਘ ਤੇ ਪ੍ਰਭਦੀਪ ਸਿੰਘ ਦੇ ਨਾਮ ਸ਼ਾਮਲ ਹਨ।

 

ਏਸ਼ੀਅਨ ਮੈਡਲ ਜੇਤੂ ਹਾਕੀ ਖਿਡਾਰੀ ਬਲਦੇਵ ਸਿੰਘ ਸੀਨੀਅਰ: ਖੇਡ ਖੇਤਰ ’ਚ ਇਕ ਗੱਲ ਸੋਲਾਂ ਆਨੇ ਸੱਚ ਮੰਨੀ ਗਈ ਹੈ ਕਿ ਮਿਹਨਤ ਨਾਲ ਆਇਆ ਪਸੀਨਾ ਹੀ ਖਿਡਾਰੀਆਂ ਲਈ ਜਿੱਤਾਂ ਦਰਜ ਕਰਨ ਲਈ ਰਾਹ ਮੋਕਲਾ ਕਰਦਾ ਹੈ। ਇਕ ਨਹੀਂ ਲੱਖਾਂ ਹੀ ਖੇਡ ਕਿੱਸੇ ਮੂੰਹੋਂ ਬੋਲਦੇ ਹਨ ਕਿ ਫਰਸ਼ ਤੋਂ ਅਰਸ਼ ’ਤੇ ਪਹੁੰਚੇ ਖਿਡਾਰੀਆਂ ਵਲੋਂ ਬਣਾਈਆਂ ਪਗਡੰਡੀਆਂ ਹਮੇਸ਼ਾ ਹੀ ਖਿਡਾਰੀਆਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਹੋਰਨਾਂ ਖੇਡਾਂ ਵਾਂਗ ਹੀ ਵਿਸ਼ਵ ਹਾਕੀ ਦੇ ਖਿਡਾਰੀਆਂ ਨਾਲ ਇਸ ਖੇਡ ਦਾ ਇਤਿਹਾਸ ਵੀ ਕੀਰਤੀਮਾਨਾਂ ਨਾਲ ਉਲਟ-ਪੁਲਟ ਹੋਇਆ ਪਿਆ ਹੈ।

 

 

ਹੱਥ ’ਚ ਹਾਕੀ ਚੁੱਕ ਮੈਦਾਨ ’ਚ ਕੁੱਦਣ ਵਾਲੇ ਇੰਡੀਅਨ ਹਾਕੀ ਖਿਡਾਰੀਆਂ ਦੇ ਇਤਿਹਾਸ ਦੇ ਪੰਨੇ ਜੇ ਉਲੱਦ ਕੇ ਵੇਖੋ ਤਾਂ ਤਲੀ ’ਤੇ ਸਰੋਂ ਜਮਾਉਣ ਅਜਿਹੇ ਖੇਡ ਕਾਰਨਾਮੇ ਕਰਨ ਵਾਲੇ ਹਾਕੀ ਖਿਡਾਰੀਆਂ ਦੀਆਂ ਵਿਸ਼ਵ-ਵਿਆਪੀ ਜਿੱਤਾਂ ਦੇ ਮੀਲ ਪੱਥਰਾਂ ਅੱਗੇ ਮਾੜੇ-ਤੀੜੇ ਦੇਸ਼ਾਂ ਦੇ ਝੁੱਗੇ ਵੀ ਚੌੜ ਹੋ ਜਾਂਦੇ ਹਨ ਪਰ ਧੰਨ ਜੇਰਾ ਇਨ੍ਹਾਂ ਪੰਜਾਬ ਦੇ ਕੌਮੀ ਹਾਕੀ ਖਿਡਾਰੀਆਂ ਦਾ, ਜਿਨ੍ਹਾਂ ਦੀਆਂ ਹਾਕੀ ਮੈਦਾਨ ਮਾਰੀਆਂ ਉਡਾਰੀਆਂ ਦੀਆਂ ਚਰਚਾਵਾਂ ਖੁੰਢਾਂ ’ਤੇ ਜੁੜਦੀਆਂ ਸੱਥਾਂ ਤੋਂ ਇਲਾਵਾ ਖੇਡ ਸਕੱਤਰੇਤਾਂ ’ਚ ਆਮ ਹੁੰਦੀਆਂ ਹਨ। ਇਨ੍ਹਾਂ ਖਿਡਾਰੀਆਂ ਦੀ ਸੂਚੀ ’ਚ ਸ਼ੁਮਾਰ ਪੰਜਾਬ ਦੇ ਹਾਕੀ ਖਿਡਾਰੀ ਬਲਦੇਵ ਸਿੰਘ ਸੀਨੀਅਰ ਦੀ ਖੇਡ ’ਤੇ ਚਰਚਾ ਨਾਲ ਖੇਡ ਪ੍ਰੇਮੀਆਂ ਨੂੰ ਨਵੀਂ ਜਾਣਕਾਰੀ ਮਿਲੇਗੀ ਅਤੇ ਉਹ ਇਸ ਨਾਲ ਪੰਜਾਬ ਦੇ ਹਾਕੀ ਪਲੇਅਰਾਂ ਦੀ ਖੇਡ ਅਗਾਂਹ ਸਾਂਝੀ ਕਰਦੇ ਮਾਣ ਮਹਿਸੂਸਿਆ ਕਰਨਗੇ।

 

ਕੌਮੀ ਤੇ ਕੌਮਾਂਤਰੀ ਹਾਕੀ ਖਿਡਾਰੀ ਸੀਨੀਅਰ ਬਲਦੇਵ ਸਿੰਘ ਰੰਧਾਵਾ ਦਾ ਜਨਮ 20 ਮਾਰਚ, 1943 ’ਚ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਓਦੋਨੰਗਲ ਵਿਖੇ ਸ. ਪ੍ਰੀਤਮ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਸੁਖਵਿੰਦਰ ਕੌਰ ਰੰਧਾਵਾ ਦੀ ਕੁੱਖੋਂ ਹੋਇਆ। 1967 ’ਚ ਬਲਬੀਰ ਰੰਧਾਵਾ ਅਤੇ ਭਰਾ ਬਲਦੇਵ ਰੰਧਾਵਾ ਨਾਲ ਸ੍ਰੀਲੰਕਾ ਦੀ ਮੇਜ਼ਬਾਨ ’ਚ ਹਾਕੀ ਟੈਸਟ ਲੜੀ ਖੇਡਣ ਲਈ ਮੈਦਾਨ ’ਚ ਨਿੱਤਰਿਆ। ਬਲਦੇਵ ਸਿੰਘ ਸੀਨੀਅਰ ਦਾ ਰੰਧਾਵਾ ਦਾ ਦੂਜਾ ਭਰਾ ਬਲਜੀਤ ਸਿੰਘ ਰੰਧਾਵਾ ਵੀ ਕੌਮੀ ਤੇ ਕੌਮਾਂਤਰੀ ਹਾਕੀ ਦੇ ਮੈਦਾਨ ’ਚ ਨਿੱਤਰਿਆ। ਇਕ ਚੰਗਾ ਹਾਕੀ ਖਿਡਾਰੀ ਹੋਣ ਤੋਂ ਇਲਾਵਾ ਬਲਦੇਵ ਸਿੰਘ ਨੇ ਉੱਚ ਮਿਆਰੀ ਸਿੱਖਿਆ ਹਾਸਲ ਕਰਨ ’ਚ ਕੋਈ ਕਜੂੰਸੀ ਨਹੀਂ ਵਰਤੀ। ਫਿਜ਼ੀਕਲ ਐਜੂਕੇਸ਼ਨ ’ਚ ਐਮਏ ਤੇ ਐਲਐਲਬੀ ਡਿਗਰੀ ਹੋਲਡਰ ਬਲਦੇਵ ਸਿੰਘ ਨੇ 1963-64 ’ਚ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਨੁਮਾਇੰਦਗੀ ਕਰਕੇ ਇੰਟਰ ’ਵਰਸਿਟੀ ਚੈਂਪੀਅਨਸ਼ਿਪ ’ਚ ਚੈਂਪੀਅਨ ਬਣਨ ਦਾ ਜੱਸ ਖੱਟਿਆ। ਐਨਆਈਐਸ ਤੋਂ ਫਿਜ਼ੀਕਲ ਐਜੂਕੇਸ਼ਨ ’ਚ ਡਿਪਲੋਮਾ ਹੋਲਡਰ ਬਲਦੇਵ ਸਿੰਘ ਨੂੰ 1965-66 ਦਾ ਖੇਡ ਸੀਜ਼ਨ ਪੰਜਾਬੀ ਯੂਨੀਵਰਸਿਟੀ ਵਲੋਂ ਖੇਡਣ ਦਾ ਮੌਕਾ ਨਸੀਬ ਹੋਇਆ।

 

 

ਹਾਕੀ ਖੇਡਣ ਤੋਂ ਇਲਾਵਾ ਬਲਦੇਵ ਸਿੰਘ ਅੱਵਲਤਰੀਨ ਅਥਲੀਟ ਵੀ ਸੀ। ਅਥਲੈਟਿਕਸ ’ਚ ਇਸੇ ਕਾਰਗੁਜ਼ਾਰੀ ਸਦਕਾ ਬਲਦੇਵ ਸਿੰਘ 1962-63 ’ਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੇ 1963-64 ’ਚ ਡੀਏਵੀ ਕਾਲਜ ਜਲੰਧਰ ’ਚ ਕਰਮਵਾਰ ਦੋ ਵਾਰ ‘ਬੈਸਟ ਅਥਲੀਟ’ ਰਿਹਾ। ਹਾਕੀ ਤੋਂ ਇਲਾਵਾ ਬਲਦੇਵ ਸਿੰਘ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਦੀ ਅਥਲੈਟਿਕਸ ਟੀਮ ਦੀ ਇੰਟਰ ’ਵਰਸਿਟੀ ਅਥਲੈਟਿਕਸ ਖੇਡ ਸੀਜ਼ਨ 1965-66 ’ਚ ਪ੍ਰਤੀਨਿੱਧਤਾ ਕੀਤੀ।  1965 ’ਚ ਬਲਦੇਵ ਸਿੰਘ ਰੰਧਾਵਾ ਨੂੰ ਦਿੱਲੀ ਸਟੇਟ ਹਾਕੀ ਟੀਮ ਨਾਲ ਸ੍ਰੀਲੰਕਾ ਵਿਰੁੱਧ ਖੇਡਣ ਦਾ ਮੌਕਾ ਹਾਸਲ ਹੋਇਆ।

 

 

ਨਹਿਰੂ ਹਾਕੀ ਟੂਰਨਾਮੈਂਟ ਖੇਡਣ ’ਚ ਕੰਬਾਇੰਡ ਯੂਨੀਵਰਸਿਟੀ ਦੀ ਟੀਮ ਨਾਲ ਮੈਦਾਨ ’ਚ ਕੁੱਦਣ ਵਾਲੇ ਬਲਦੇਵ ਸਿੰਘ ਰੰਧਾਵਾ ਨੇ 1966 ’ਚ ਕੰਬਾਇੰਡ ’ਵਰਸਿਟੀ ਤੇ ਸਰਵਿਸਿਜ਼ ਦੀਆਂ ਹਾਕੀ ਟੀਮਾਂ ਨਾਲ ਨੇਪਾਲ ਤੇ ਸ੍ਰੀਲੰਕਾ ਨਾਲ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ। 1967 ’ਚ ਬੀਐਸਐਫ ਵਲੋਂ ਅਫਗਾਨਿਸਤਾਨ ’ਚ ਖੇਡਣ ਵਾਲੇ ਬਲਦੇਵ ਸਿੰਘ ਰੰਧਾਵਾ ਨੂੰ 1966 ’ਚ ਬੈਂਕਾਕ ਏਸ਼ੀਅਨ ਖੇਡਾਂ ਤੋਂ ਪਹਿਲਾਂ ਕੌਮੀ ਹਾਕੀ ਟੀਮ ਦੇ ਸਿਖਲਾਈ ਕੈਂਪ ’ਚ ਕਾਲ ਕੀਤਾ ਗਿਆ। ਪੱਛਮੀ ਜਰਮਨੀ, ਜਾਪਾਨ, ਸਿੰਗਾਪੁਰ, ਕੀਨੀਆ, ਅਫਗਾਨਿਸਤਾਨ  ਤੇ ਸ੍ਰੀਲੰਕਾ ਦੀਆਂ ਟੀਮਾਂ ਖਿਲਾਫ ਟੈਸਟ ਤੇ ਦੋਸਤਾਨਾ ਮੈਚ ਖੇਡਣ ਵਾਲੇ ਬਲਦੇਵ ਸਿੰਘ ਰੰਧਾਵਾ ਸੀਨੀਅਰ ਨੂੰ 1970 ’ਚ ਬੰਬੇ ’ਚ ਖੇਡੇ ਹਾਕੀ ਟੂਰਨਾਮੈਂਟ ’ਚ ਇੰਡੀਆ ਡਾਰਕ ਬਲਿਓ ਦੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੋਇਆ। 

 

ਵੱਖ-ਵੱਖ ਦੇਸ਼ਾਂ ਦੀਆਂ ਹਾਕੀ ਟੀਮਾਂ ਵਿਰੁੱਧ ਮੈਦਾਨ ’ਚ ਨਿੱਤਰ ਚੁੱਕੇ ਬਲਦੇਵ ਸਿੰਘ ਰੰਧਾਵਾ ਨੂੰ ਬੈਂਕਾਕ-1970 ਦੀ ਏਸ਼ੀਅਨ ਹਾਕੀ ਖੇਡਣ ਵਾਲੀ ਕੌਮੀ ਟੀਮ ਦੇ ਦਸਤੇ ’ਚ ਸ਼ਾਮਲ ਕੀਤਾ ਗਿਆ। ਬੈਂਕਾਕ-1966 ਦੀਆਂ ਏਸ਼ੀਅਨ ਖੇਡਾਂ ’ਚ ਗੋਲਡ ਮੈਡਲ ਜਿੱਤਣ ਵਾਲੀ ਕੌਮੀ ਹਾਕੀ ਟੀਮ ਇਸ ਵਾਰ ਬੈਂਕਾਕ ਦੇ ਹਾਕੀ ਮੈਦਾਨ ’ਚ ਜਿੱਤ ਦਾ ਪਰਚਮ ਨਹੀਂ ਲਹਿਰਾਉਣ ’ਚ ਨਾਕਾਮ ਰਹੀ। ਕਪਤਾਨ ਹਰਬਿੰਦਰ ਸਿੰਘ ਦੀ ਹਾਕੀ ਟੀਮ ਪਾਕਿਸਤਾਨ ਤੋਂ ਫਸਵੇਂ ਮੈਚ 1-0 ਗੋਲ ਹਾਰਨ ਸਦਕਾ ਚਾਂਦੀ ਦਾ ਤਗਮਾ ਹੀ ਜਿੱਤ ਸਕੀ।

 

 

ਰਾਸ਼ਟਰੀ ਹਾਕੀ ਖੇਡਣ ’ਚ 1964 ਤੋਂ 1966 ਤੱਕ ਪੈਪਸੂ ਦੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਬਲਦੇਵ ਸਿੰਘ ਰੰਧਾਵਾ ਨੇ 1968 ਤੋਂ 1972 ਤੱਕ ਨੈਸ਼ਨਲ ਹਾਕੀ ’ਚ ਪੰਜਾਬ ਦੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਬਲਦੇਵ ਸਿੰਘ ਸੀਨੀਅਰ ਦੀ ਖੇਡ ਦੀ ਖਾਸੀਅਤ ਇਹ ਰਹੀ ਕਿ ਪੰਜਾਬ ਦੀ ਹਾਕੀ ਟੀਮ ਨੇ 1969 ਤੋਂ 1972 ਤੱਕ ਭਾਵ ਚਾਰ ਸਾਲ ਇੰਡੀਅਨ ਹਾਕੀ ਚੈਂਪੀਅਨਸ਼ਿਪ ’ਚ ਚੈਂਪੀਅਨ ਬਣਨ ਦਾ ਅਧਿਕਾਰ ਹਾਸਲ ਕੀਤਾ। ਇੰਡੀਅਨ ਹਾਕੀ ਟੀਮ ਤੋਂ ਸਨਿਆਸ ਲੈਣ ਤੋਂ ਬਾਅਦ ਬਲਦੇਵ ਸਿੰਘ ਰੰਧਾਵਾ ਨੇ 1977 ਤੋਂ 1985 ਤੱਕ ਬੌਚੀ ਸਟੇਟ ਆਫ ਨਾਇਜੀਰੀਆ ਦੀ ਨੁਮਾਇੰਦਗੀ ’ਚ  ਨਾਇਜੀਰੀਆ ਨੈਸ਼ਨਲ ਸਪੋਰਟਸ ਹਾਕੀ ਫੈਸਟੀਵਲ ਖੇਡਣ ਦਾ ਸੁਭਾਗ ਹਾਸਲ ਹੋਇਆ। 

 

ਖੇਡ ਕਰੀਅਰ ਨੂੰ ਬਾਇ-ਬਾਇ ਕਰਨ ਤੋਂ ਬਾਅਦ ਵੀ ਬਲਦੇਵ ਸਿੰਘ ਰੰਧਾਵਾ ਦਾ ਹਾਕੀ ਨਾਲੋਂ ਮੋਹ ਭੰਗ ਨਹੀਂ ਹੋਇਆ। ਬਤੌਰ ਹਾਕੀ ਕੋਚ ਬਲਦੇਵ ਸਿੰਘ ਸੀਨੀਅਰ ਨੇ 1972-73 ’ਚ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਨੂੰ ਕੋਚਿੰਗ ਦੇਣ ਦਾ ਜ਼ਿੰਮਾ ਸੰਭਾਲਿਆ। 1973 ਤੋਂ 1976 ਤੱਕ ਐਨਆਈਐਸ ਪਟਿਆਲਾ ’ਚ ਚੀਫ ਹਾਕੀ ਕੋਚ ਦੇ ਅਹੁਦੇ ’ਤੇ ਰਹਿਣ ਤੋਂ ਬਾਅਦ ਬਲਦੇਵ ਸਿੰਘ ਰੰਧਾਵਾ ਨੂੰ 1982 ਤੋਂ 1986 ਤੱਕ ਨਾਇਜੀਰੀਆ ਦੀ ਸਪੋਰਟਸ ਮਨਿਸਟਰੀ ਵਲੋਂ ਇੰਚਾਰਜ ਆਫ ਐਜੂਕੇਸ਼ਨ ਬੌਚੀ ਸਟੇਟ ਆਫ ਨਾਇਜੀਰੀਆ ਲਾਇਆ ਗਿਆ।

 

ਦੱਖਣ ਅਫਰੀਕੀ ਮੁਲਕ ’ਚ ਇਸ ਟਰਮ ਤੋਂ ਬਾਅਦ ਬਲਦੇਵ ਸਿੰਘ ਨੂੰ ਨਾਇਜੀਰੀਆ ’ਚ ਬੌਚੀ ਸਟੇਟ ਸਪੋਰਟਸ ਕੌਂਸਲ ਵਲੋਂ 1982 ਤੋਂ 1986 ਤੱਕ ਚੀਫ ਹਾਕੀ ਕੋਚ ਨਾਮਜ਼ਦ ਕੀਤਾ ਗਿਆ।  ਐਨਆਈਐਸ ਪਟਿਆਲਾ ਤੋਂ ਹਾਕੀ ਕੋਚ ਵਜੋਂ ਕੌਮੀ ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਨੂੰ ਟਰੇਂਡ ਕਰਨ ’ਚ ਅਹਿਮ ਰੋਲ ਅਦਾ ਕਰਨ ਵਾਲੇ ਸਿਖਲਾਇਰ ਬਲਦੇਵ ਸਿੰਘ ਰੰਧਾਵਾ ਨੂੰ 1991 ਤੋਂ 1995 ਤੱਕ ਨਾਮਧਾਰੀ ਹਾਕੀ ਟੀਮ ਨੂੰ ਕੋਚਿੰਗ ਦੇਣ ਦੀ ਜ਼ਿੰਮੇਵਾਰੀ ਓਟੀ ਗਈ। ਇਸ ਤੋਂ ਬਾਅਦ ਬਲਦੇਵ ਸਿੰਘ ਰੰਧਾਵਾ ਨੂੰ 2004 ਤੋਂ ਇਕ ਸਾਲ ਲਈ ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ, ਅੰਮਿ੍ਰਤਸਰ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ।

 

 

ਅੱਜ-ਕੱਲ੍ਹ ਬਲਦੇਵ ਸਿੰਘ ਰੰਧਾਵਾ ਸੀਨੀਅਰ ਭੈਣੀ ਸਾਹਿਬ ਵਿਖੇ ਨਾਮਧਾਰੀ ਹਾਕੀ ਟੀਮ ਨੂੰ ਲਗਾਤਾਰ ਟਰੇਂਡ ਕਰਨ ’ਚ ਯੋਗਦਾਨ ਪਾ ਰਹੇ ਹਨ। 
ਕੌਮਾਂਤਰੀ ਹਾਕੀ ਖਿਡਾਰੀ ਬਲਬੀਰ ਸਿੰਘ ਰੰਧਾਵਾ: ਬਲਬੀਰ ਸਿੰਘ ਰੰਧਾਵਾ ਦਾ ਜਨਮ ਸ. ਪ੍ਰੀਤਮ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਸੁਖਵਿੰਦਰ ਕੌਰ ਰੰਧਾਵਾ ਦੀ ਕੁੱਖੋਂ 1 ਜੂਨ, 1942 ’ਚ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਓਦੋ ਨੰਗਲ ’ਚ ਹੋਇਆ। ਬਲਬੀਰ ਰੰਧਾਵਾ ਨੇ ਐਸ ਡੀ ਕਾਲਜ, ਅੰਬਾਲਾ  ’ਚ ਪੜ੍ਹਦਿਆਂ ਕੀਤੀ। ਬਲਬੀਰ ਰੰਧਾਵਾ ਦੇ ਹਾਕੀ ਖੇਡਣ ਪਿੱਛੇ ਅੰਬਾਲਾ ’ਚ ਸਪੋਰਟਸ ਅਫਸਰ ਤਾਇਨਾਤ ਫੁੱਫੜ ਸਰਦੂਲ ਸਿੰਘ ਸੇਖੋਂ ਦਾ ਵੱਡਾ ਹੱਥ ਰਿਹਾ। ਹਾਕੀ ਖੇਡਣ ਦੇ ਬੇਸ ’ਤੇ 4 ਫਰਵਰੀ, 1958 ’ਚ ਬਲਬੀਰ ਸਿੰਘ ਰੰਧਾਵਾ ਨੂੰ ਇੰਡੀਅਨ ਨੇਵੀ ਵਾਲਿਆਂ ਨੇ ਭਰਤੀ ਕਰ ਲਿਆ। 11 ਸਾਲ ਨੇਵੀ ਦੀ ਹਾਕੀ ਟੀਮ ਰਾਸ਼ਟਰੀ ਹਾਕੀ ਖੇਡਣ ਵਾਲਾ ਬਲਬੀਰ ਰੰਧਾਵਾ ਚੀਫ ਪੈਟੀ ਅਫਸਰ ਦਾ ਅਹੁਦਾ ਤਿਆਗ ਕੇ 1969 ’ਚ ਇੰਡੀਅਨ ਰੇਲਵੇ ’ਚ ਸਪੈਸ਼ਲ ਟਿਕਟ ਚੈੱਕਰ ਦੀ ਪੋਸਟ ’ਤੇ ਭਰਤੀ ਹੋ ਗਿਆ। ਇੰਡੀਅਨ ਰੇਲਵੇ ’ਚ 33 ਸਾਲਾ ਸਰਵਿਸ ਤੋਂ ਬਾਅਦ ਚੀਫ ਇੰਸਪੈਕਟਰ ਟਿਕਟ ਦੀ ਪੋਸਟ ਤੋਂ ਰਿਟਾਇਰ ਹੋਇਆ ਬਲਬੀਰ ਸਿੰਘ ਰੰਧਾਵਾ ਰੇਲਵੇ ਵਲੋਂ ਨੈਸ਼ਨਲ ਹਾਕੀ ਖੇਡਣ ਤੋਂ ਇਲਾਵਾ ਰੇਲਵੇ ਦੀਆਂ ਮਹਿਲਾ ਤੇ ਪੁਰਸ਼ ਦੋਵੇਂ ਹਾਕੀ ਟੀਮਾਂ ਨੂੰ ਟਰੇਂਡ ਕਰਨ ਦੀ ਜ਼ਿੰਮੇਵਾਰੀ ਹੀ ਨਿਭਾਉਂਦਾ ਰਿਹਾ।

 

 

ਹਾਕੀ । 1976 ’ਚ ਬਲਬੀਰ ਸਿੰਘ ਰੰਧਾਵਾ ਨੇ ਐਨ ਆਈ ਐਸ, ਪਟਿਆਲਾ ਤੋਂ ਹਾਕੀ ਕੋਚਿੰਗ ਦਾ ਡਿਪਲੋਮਾ ਕੀਤਾ। ਕੌਮੀ ਤੇ ਕੌਮਾਂਤਰੀ ਹਾਕੀ ਖੇਡਣ ਤੋਂ ਇਲਾਵਾ ਬਲਬੀਰ ਰੰਧਾਵਾ ਨੂੰ ਇੰਡੀਅਨ ਰੇਲਵੇ ਦੀਆਂ ਮਹਿਲਾ ਅਤੇ ਪੁਰਸ਼ ਦੋਵੇਂ ਹਾਕੀ ਟੀਮਾਂ ਨੂੰ ਟਰੇਂਡ ਕਰਨ ਦਾ ਹੱਕ ਹਾਸਲ ਹੋਇਆ। ਬਲਬੀਰ ਸਿੰਘ ਰੰਧਾਵਾ ਦਾ ਹਾਕੀ ਨਾਲ ਨਹੰੂ-ਮਾਸ ਦਾ ਰਿਸ਼ਤਾ ਹੈ, ਜਿਸ ਸਦਕਾ ਅੱਜ-ਕੱਲ੍ਹ ਉਹ ਰਾਊਂਡ ਗਲਾਸ ਸਪੋਰਟਸ, ਮੁਹਾਲੀ ਦਾ ਸਪੋਰਟਸ ਅਡਵਾਇਜ਼ਰ ਹੈ। ਗੌਰਤਲਬ ਹੈ ਕਿ ਰਾਊਂਡ ਗਲਾਸ ਸਪੋਰਟਸ ਦੇ ਸਰਪ੍ਰਸਤ ਸਰਪਾਲ ਸਿੰਘ ਅਤੇ ਓਨਰ ਸੰਨੀ ਸਿੰਘ ਵਲੋਂ ਪੰਜਾਬ ’ਚ ਖਾਲਸਾ ਹਾਕੀ ਅਕੈਡਮੀ, ਮਹਿਤਾ, ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ-ਤਾਰਨ ’ਚ ਮਹਿਲਾ ਹਾਕੀ ਸੈਂਟਰ, ਖਾਲਸਾ ਕਾਲਜ, ਜਲੰਧਰ ’ਚ ਮਹਿਲਾ ਹਾਕੀ ਟਰੇਨਿੰਗ ਸੈਂਟਰ ਅਤੇ ਹਾਕੀ ਓਲੰਪੀਅਨ ਵਰਿੰਦਰ ਸਿੰਘ ਦੇ ਪਿੰਡ ਧੰਨੋਵਾਲੀ ’ਚ ਹਾਕੀ ਅਕੈਡਮੀਆਂ ਰਨ ਕੀਤੀਆਂ ਜਾ ਰਹੀਆਂ ਹਨ।

 

ਬਲਬੀਰ ਸਿੰਘ ਰੰਧਾਵਾ ਨੇ 1964 ’ਚ ਮੁੰਬਈ ਇਲੈਵਨ ਦੀ ਹਾਕੀ ਟੀਮ ਵਲੋਂ ਇੰਗਲੈਂਡ ਵਿਰੁੱਧ ਕੌਮਾਂਤਰੀ ਪਾਰੀ ਦਾ ਆਗਾਜ਼ ਕੀਤਾ। 1967 ’ਚ ਬਲਬੀਰ ਰੰਧਾਵਾ ਅਤੇ ਭਰਾ ਬਲਦੇਵ ਰੰਧਾਵਾ ਨਾਲ ਸ੍ਰੀਲੰਕਾ ਦੀ ਮੇਜ਼ਬਾਨ ’ਚ ਹਾਕੀ ਟੈਸਟ ਲੜੀ ਖੇਡਣ ਲਈ ਮੈਦਾਨ ’ਚ ਨਿੱਤਰਿਆ। ਇੰਡੀਅਨ ਹਾਕੀ ਦੇ ਇਤਿਹਾਸ ’ਚ ਧਿਆਨ ਚੰਦ ਸਿੰਘ ਅਤੇ ਰੂਪ ਸਿੰਘ ਤੋਂ ਬਾਅਦ ਦੋ ਭਰਾ ਬਲਬੀਰ ਰੰਧਾਵਾ ਅਤੇ ਬਲਦੇਵ ਰੰਧਾਵਾ ਨੂੰ ਇੱਕਠਿਆਂ ਕੌਮਾਂਤਰੀ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ। 1967 ’ਚ ਬਲਬੀਰ ਸਿੰਘ ਰੰਧਾਵਾ ਨੂੰ ਕੌਮੀ ਹਾਕੀ ਟੀਮ ਨਾਲ ਸਪੇਨ ਦੀ ਰਾਜਧਾਨੀ ਮੈਡਰਿਡ ’ਚ ਹਾਕੀ ਫੈਸਟੀਵਲ ਟੂਰਨਾਮੈਂਟ ਖੇਡਣ ਦਾ ਐਜ਼ਾਜ ਹਾਸਲ ਹੋਇਆ। ਇਸ ਹਾਕੀ ਟੂਰਨਾਮੈਂਟ ਦੀ ਖਾਸੀਅਤ ਇਹ ਰਹੀ ਕਿ ਇੰਡੀਅਨ ਹਾਕੀ ਟੀਮ ਚਾਰ ਬਲਬੀਰ ਪਲੇਇੰਗ ਇਲੈਵਨ ’ਚ ਸ਼ਾਮਲ ਹੋਏ।

 

 

ਇਨ੍ਹਾਂ ’ਚ ਬਲਬੀਰ ਸਿੰਘ ਰੰਧਾਵਾ (ਨੇਵੀ ਵਾਲਾ) ਤੋਂ ਇਲਾਵਾ ਸੰਸਾਰਪੁਰ ਦੇ ਬਲਬੀਰ ਸਿੰਘ ਕੁਲਾਰ (ਪੰਜਾਬ ਪੁਲੀਸ), ਬਲਬੀਰ ਸਿੰਘ ਕੁਲਾਰ (ਸਰਵਿਸਿਜ਼) ਅਤੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਸ਼ਾਮਲ ਸਨ। ਬਲਬੀਰ ਰੰਧਾਵਾ ਨੂੰ 1967 ’ਚ ਯੂਰਪੀਅਨ ਹਾਕੀ ਟੂਰ ’ਚ ਜਰਮਨੀ, ਹਾਲੈਂਡ, ਸਪੇਨ ਅਤੇ ਇਟਲੀ ਦੀਆਂ ਟੀਮਾਂ ਵਿਰੁੱਧ ਖੇਡਣ ਲਈ ਕੌਮੀ ਹਾਕੀ ਟੀਮ ’ਚ ਸ਼ਾਮਲ ਕੀਤਾ ਗਿਆ। ਯੂਰਪੀਅਨ ਹਾਕੀ ਟੂਰ ਦੌਰਾਨ ਕਮਾਲ ਦੀ ਹਾਕੀ ਖੇਡਣ ਸਦਕਾ ਪ੍ਰਬੰਧਕਾਂ ਵਲੋਂ ਬਲਬੀਰ ਸਿੰਘ ਰੰਧਾਵਾ ਨੂੰ ‘ਬੈਸਟ ਹਾਕੀ ਪਲੇਅਰ ਆਫ ਦਿ ਯੂਰਪੀਅਨ ਟੂਰ’ ਐਲਾਨਿਆ ਗਿਆ। ਕੌਮੀ ਸਿਲੈਕਟਰਾਂ ਵਲੋਂ ਫਰੰਟ ਲਾਈਨ ’ਚ ਸਟਰਾਈਕਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਬਲਬੀਰ ਰੰਧਾਵਾ ਦੀ ਚੋਣ ਲੰਡਨ  ’ਚ ਪ੍ਰੀ-ਓਲੰਪਿਕ ਹਾਕੀ ਟੂਰਨਾਮੈਂਟ ਖੇਡਣ ਲਈ ਕੀਤੀ ਗਈ। ਇਹ ਪਹਿਲਾ ਕੌਮਾਂਤਰੀ ਹਾਕੀ ਟੂਰਨਾਮੈਂਟ ਹੈ ਜਿਹੜਾ ਲਾਰਡਜ਼ ਦੇ ਿਕਟ ਗਰਾਊਂਡ ’ਚ ਖੇਡਿਆ ਗਿਆ। 

 

17 ਸਾਲ ਦੀ ਨਿਆਣੀ ਉਮਰ ’ਚ ਬਲਬੀਰ ਰੰਧਾਵਾ ਸਰਵਿਸਿਜ਼ ਦੀ ਟੀਮ ਲਈ 1959 ’ਚ ਕੋਲਕਾਤਾ ’ਚ ਖੇਡੀ ਗਈ ਨੈਸ਼ਨਲ ਹਾਕੀ ਖੇਡਿਆ। ਲਗਾਤਾਰ 11 ਸਾਲ ਨੇਵੀ ਅਤੇ ਸਰਵਿਸਿਜ਼ ਦੀਆਂ ਹਾਕੀ ਟੀਮਾਂ ਨਾਲ ਰਾਸ਼ਟਰੀ ਹਾਕੀ ਖੇਡਣ ਲਈ ਮੈਦਾਨ ’ਚ ਵਿਚਰਨ ਤੋਂ ਬਾਅਦ ਬਲਬੀਰ ਸਿੰਘ ਰੰਧਾਵਾ ਨੇ 8 ਸਾਲ ਨੈਸ਼ਨਲ ਹਾਕੀ ਖੇਡਣ ਲਈ ਇੰਡੀਅਨ ਰੇਲਵੇ ਦੀ ਟੀਮ ਪ੍ਰਤੀਨਿੱਧਤਾ ਕੀਤੀ। ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਵਾਲੇ ਬਲਬੀਰ ਰੰਧਾਵਾ ਹਾਕੀ ਕਿੱਲੀ ’ਤੇ ਟੰਗਣ ਤੋਂ ਬਾਅਦ ਇੰਡੀਅਨ ਰੇਲਵੇ ਦੀਆਂ ਨੈਸ਼ਨਲ ਹਾਕੀ ਖੇਡਣ ਵਾਲੀਆਂ ਦੋਵੇਂ ਪੁਰਸ਼ ਅਤੇ ਮਹਿਲਾ ਟੀਮਾਂ ਨੂੰ ਮੈਨੇਜ ਕਰਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਬਤੌਰ ਹਾਕੀ ਸਿਖਲਾਇਰ ਬਲਬੀਰ ਸਿੰਘ ਰੰਧਾਵਾ ਤੋਂ ਸਿਖਲਾਈਯਾਫਤਾ ਮਹਿਲਾ ਖਿਡਾਰਨਾਂ ਕੁਲਦੀਪ ਕੌਰ, ਸੰਦੀਪ ਕੌਰ, ਸੀਤਾ, ਰਜ਼ੀਆ, ਸੁਧਾ, ਪ੍ਰਤੀਮਾ, ਭੁਪਿੰਦਰ ਕੌਰ ਅਤੇ ਪੁਰਸ਼ਾਂ ਖਿਡਾਰੀਆਂ ਵਰਿੰਦਰ ਸਿੰਘ, ਚਾਂਦ ਸਿੰਘ, ਅਜੀਤ ਸਿੰਘ, ਬਲਵਿੰਦਰ ਸਿੰਘ ਸ਼ੰਮੀ ਨੂੰ ਵਿਸ਼ਵ, ਏਸ਼ਿਆਈ ਅਤੇ ਓਲੰਪਿਕ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। 

 

ਸਾਲ-1958 ਤੋਂ ਹਾਕੀ ਖੇਡਣ ਦਾ ਆਗਾਜ਼ ਕਰਨ ਤੋਂ ਬਾਅਦ 2002 ’ਚ ਬਤੌਰ ਰਾਸ਼ਟਰੀ ਹਾਕੀ ਕੋਚ (ਕਰੀਬ 45 ਸਾਲ) ਦੇਸ਼ ਲਈ ਖੇਡ ਸੇਵਾ ਕਰਨ ਵਾਲੇ ਬਲਬੀਰ ਸਿੰਘ ਰੰਧਾਵਾ ਨੂੰ ਸਮੇਂ ਦੀਆਂ ਪੰਜਾਬ ਅਤੇ ਕੇਂਦਰੀ ਸਰਕਾਰਾਂ ਵਲੋਂ ਮਾਣ-ਸਨਮਾਨ ਤੋਂ ਸੱਖਣੇ ਰੱਖਣ ਦੇ ਕੀ ਕਾਰਨ ਹਨ। ਲੱਗਦਾ ਹੈ ਕੌਮੀ ਤੇ ਕੌਮਾਂਤਰੀ ਖਿਡਾਰੀ ਅਤੇ ਟਰੇਂਡ ਹਾਕੀ ਕੋਚ ਬਲਬੀਰ ਸਿੰਘ ਰੰਧਾਵਾ ਦਾ ਨਾਮ ਵੀ ਉਨ੍ਹਾਂ ਅਣਗੌਲੇ ਅਣ-ਗਿਣਤ ਖਿਡਾਰੀਆਂ ਦੀ ਸੂਚੀ ’ਚ ਸ਼ੁਮਾਰ ਹੈ, ਜਿਹੜੇ ਅਜੇ ਵੀ ਉਮੀਦ ਲਾਈ ਬੈਠੇ ਹਨ ਕਿ ਸਰਕਾਰਾਂ ਦੇ ਘਰ ਦੇਰ ਹੈ ਹਨ੍ਹੇਰ ਨਹੀਂ। 

 

ਕੌਮੀ ਤੇ ਕੌਮਾਂਤਰੀ ਖਿਡਾਰੀ ਬਲਜੀਤ ਸਿੰਘ ਰੰਧਾਵਾ: ਕੌਮਾਂਤਰੀ ਹਾਕੀ ਖਿਡਾਰੀਆਂ ਬਲਦੇਵ ਸਿੰਘ ਰੰਧਾਵਾ ਤੇ ਬਲਬੀਰ ਸਿੰਘ ਰੰਧਾਵਾ ਦਾ ਤੀਜਾ ਭਰਾ ਬਲਜੀਤ ਸਿੰਘ ਰੰਧਾਵਾ ਨੂੰ ਕੌਮੀ ਤੇ ਕੌਮਾਂਤਰੀ ਹਾਕੀ ਦੇ ਮੈਦਾਨ ’ਚ ਕੁੱਦਣ ਦਾ ਸੁਭਾਗ ਹਾਸਲ ਹੋਇਆ। ਐਸਕੇਡੀ ਖਾਲਸਾ ਹਾਈ ਸਕੂਲ ਗੁਰਦਾਸਪੁਰ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਵਾਲੇ ਬਲਜੀਤ ਸਿੰਘ ਰੰਧਾਵਾ ਨੂੰ ਮਹਿੰਦਰਾ ਕਾਲਜ ਪਟਿਆਲਾ ’ਚ ਪੜ੍ਹਦਿਆਂ ਪੰਜਾਬੀ ਯੂਨੀਵਰਸਿਟੀ ਵਲੋਂ ਇੰਟਰ-’ਵਰਸਿਟੀ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ। ਇੰਟਰ ਯੂਨੀਵਰਸਿਟੀ ਹਾਕੀ ਖੇਡਣ ਦੌਰਾਨ ਬਲਜੀਤ ਸਿੰਘ ਦੀ ਸਿਲੈਕਸ਼ਨ ਕੰਬਾਂਇੰਡ ’ਵਰਸਿਟੀ ਦੀ ਟੀਮ ਲਈ ਕੀਤੀ ਗਈ। 1976 ’ਚ ਬਲਜੀਤ ਸਿੰਘ ਰੰਧਾਵਾ ਨੇ ਯੂਰਪ ਹਾਕੀ ਟੂਰ ਖੇਡਣ ਲਈ ਇੰਡੀਅਨ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਨੁਮਾਇੰਦਗੀ ਕੀਤੀ।

 

ਬਲਜੀਤ ਸਿੰਘ ਰੰਧਾਵਾ ਦਾ ਜਨਮ 1 ਅਪਰੈਲ, 1955 ’ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਤੁਗਲਵਾਲਾ ’ਚ ਹੈੱਡਮਾਸਟਰ ਪ੍ਰੀਤਮ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਸੁਖਵਿੰਦਰ ਕੌਰ ਰੰਧਾਵਾ ਦੀ ਕੁੱਖੋਂ ਹੋਇਆ। 1979 ’ਚ ਕੌਮੀ ਹਾਕੀ ਸਿਲੈਕਟਰਾਂ ਵਲੋਂ ਬਲਜੀਤ ਸਿੰਘ ਰੰਧਾਵਾ ਦੀ ਚੋਣ ਇੰਡੀਅਨ ਹਾਕੀ ਟੀਮ ’ਚ ਖੇਡਣ ਲਈ ਕੀਤੀ ਗਈ। ਇਸੇ ਸਾਲ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ’ਚ ਬਲਜੀਤ ਸਿੰਘ ਨੂੰ ਰਸ਼ੀਆ ਨਾਲ ਤਿੰਨ ਹਾਕੀ ਟੈਸਟ ਮੈਚ ਖੇਡਣ ਦਾ ਮੌਕਾ ਨਸੀਬ ਹੋਇਆ।  

 

 

ਭਾਰਤੀ ਹਾਕੀ ਟੀਮ ਨੇ ਰਸ਼ੀਆ ਨੂੰ 2-1 ਨਾਲ ਜਿੱਤ ਹਾਸਲ ਕਰਕੇ ਹਾਕੀ ਸੀਰੀਜ਼ ’ਤੇ ਕਬਜ਼ਾ ਜਮਾਇਆ। 1977 ਐਨਆਈਐਸ ਕਰਨ ਤੋਂ ਬਾਅਦ ਬਲਜੀਤ ਸਿੰਘ ਰੰਧਾਵਾ ਨੇ ਪੰਜਾਬ ਪੁਲੀਸ ’ਚ ਨੌਕਰੀ ਸ਼ੁਰੂ ਕੀਤੀ। 1977 ਤੋਂ 1989 ਤੱਕ ਲਗਾਤਾਰ ਪੰਜਾਬ ਪੁਲੀਸ ਦੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਦਿਆਂ ਆਲ ਇੰਡੀਆ ਪੁਲੀਸ ਗੇਮਜ਼ ’ਚ 10 ਗੋਲਡ ਮੈਡਲ ਜਿੱਤਣ ਦਾ ਕਰਿਸ਼ਮਾ ਕੀਤਾ। 2015 ’ਚ ਪੰਜਾਬ ਪੁਲੀਸ ’ਚੋਂ ਏਡੀਸੀਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਬਲਜੀਤ ਸਿੰਘ ਰੰਧਾਵਾ ਨੂੰ 1978 ’ਚ ਪੰਜਾਬ ਵਲੋਂ ਨੈਸ਼ਨਲ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। ਰਾਸ਼ਟਰੀ ਹਾਕੀ ’ਚ ਬਲਜੀਤ ਸਿੰਘ ਰੰਧਾਵਾ ਨੇ 3 ਵਾਰ ਗੋਲਡ ਮੈਡਲ ਅਤੇ 2 ਵਾਰ ਚਾਂਦੀ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਟੀਮ ਦੀ ਨੁਮਾਇੰਦਗੀ ਕੀਤੀ।

 

=================

 

ਸੁਖਵਿੰਦਰਜੀਤ ਸਿੰਘ ਮਨੌਲੀ

ਮੋਬਾਈਲ: 94171-82993

ਸੁਖਵਿੰਦਰਜੀਤ ਸਿੰਘ ਮਨੌਲੀ

Source link

Other From The World

Related Posts

Treading News

Latest Post