Sunday, February 25, 2024
More

  Latest Posts

  ਜਦੋਂ ਅਫਗਾਨ ਫੌਜਾਂ ਨੇ ਹਜ਼ਾਰਾਂ ਨਿਹੱਥੇ ਸਿੱਖਾਂ ਦਾ ਕੀਤਾ ਸੀ ਕਤਲੇਆਮ | Action Punjab


  Vadda Ghalughara: ‘ਘੱਲੂਘਾਰਾ’ ਦਾ ਅਰਥ ਹੈ ਤਬਾਹੀ, ਬਰਬਾਦੀ, ਸਰਵਨਾਸ਼। 18ਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਦੋ ਘੱਲੂਘਾਰੇ, ਜਿਨ੍ਹਾਂ ਵਿੱਚ ਇੱਕ ‘ਛੋਟਾ ਘੱਲੂਘਾਰਾ’ (ਸੰਨ 1746 ਈ.) ਅਤੇ ਦੂਜਾ ‘ਵੱਡਾ ਘੱਲੂਘਾਰਾ’ (ਸੰਨ 1762 ਈ.) ਨਾਂ ਨਾਲ ਪ੍ਰਸਿੱਧ ਹਨ।

  ‘ਵੱਡਾ ਘੱਲੂਘਾਰਾ’ ਮਲੇਰਕੋਟਲਾ ਤੋਂ 12 ਕਿ.ਮੀ. ਉੱਤਰ ਵੱਲ ਕੁੱਪ-ਰਹੀੜਾ ਨਾਂ ਦੇ ਦੋ ਪਿੰਡਾਂ ਦੇ ਵਿਚਾਲੇ ਵਾਲੇ ਸਥਾਨ ਉਤੇ 5 ਫਰਵਰੀ, 1762 ਈ. ਨੂੰ ਵਾਪਰਿਆ। ਇਸ ਪਿੱਛੇ ਅਹਿਮਦ ਸ਼ਾਹ ਦੁਰਾਨੀ ਦੀ ਬਦਲਾ ਲੈਣ ਦੀ ਖੋਰੀ ਰੁਚੀ ਕੰਮ ਕਰ ਰਹੀ ਸੀ। ਜਦੋਂ ਉਹ ਸੰਨ 1761 ਈ. ਵਿਚ ਮਰਹੱਟਿਆਂ ਨੂੰ ਪਾਨੀਪਤ ਦੀ ਤੀਜੀ ਲੜਾਈ ਵਿਚ ਬੁਰੀ ਤਰ੍ਹਾਂ ਹਰਾ ਕੇ ਲੁੱਟ ਦੇ ਸਾਮਾਨ ਅਤੇ ਔਰਤਾਂ ਸਮੇਤ ਆਪਣੇ ਦੇਸ਼ ਪਰਤ ਰਿਹਾ ਸੀ, ਤਾਂ ਸਿੱਖਾਂ ਨੇ ਸਤਲੁਜ ਦਰਿਆ ਤੋਂ ਜੇਹਲਮ ਦਰਿਆ ਤੱਕ ਉਸ ਦਾ ਪਿੱਛਾ ਕੀਤਾ ਅਤੇ ਕਈ ਪਾਸਿਆਂ ਤੋਂ ਛਾਪੇ ਮਾਰ ਕੇ ਉਸ ਦੇ ਸਾਮਾਨ ਨੂੰ ਲੁੱਟਿਆ ਅਤੇ ਔਰਤਾਂ ਨੂੰ ਮੁਕਤ ਕਰਾ ਕੇ ਘਰੋ-ਘਰੀ ਪਹੁੰਚਾਇਆ। ਫਿਰ ਜੂਨ ਤੋਂ ਸਤੰਬਰ 1761 ਈ. ਤੱਕ ਸਿੱਖਾਂ ਨੇ ਜਲੰਧਰ ਦੇ ਫ਼ੌਜਦਾਰ ਨੂੰ ਭਜਾਇਆ, ਅਫ਼ਗ਼ਾਨੀ ਫ਼ੌਜ ਦੇ ਦਸਤਿਆਂ ਨੂੰ ਖਦੇੜਿਆ ਅਤੇ ਲਾਹੌਰ ਦੇ ਅਫ਼ਗ਼ਾਨ ਹਾਕਮ ਨੂੰ ਹਰਾ ਕੇ ਲਾਹੌਰ ਉੱਤੇ ਕਬਜ਼ਾ ਕੀਤਾ। 

  27 ਅਕਤੂਬਰ, 1761 ਈ. ਨੂੰ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਵਿਚ ਹੋਏ ‘ਸਰਬੱਤ ਖ਼ਾਲਸਾ’ ਨੇ ਮਤਾ ਪਾਸ ਕੀਤਾ ਕਿ ਸਭ ਤੋਂ ਪਹਿਲਾਂ ਅਫ਼ਗ਼ਾਨਾਂ ਦੇ ਗੁਪਤਚਰਾਂ, ਸੂਹਿਆਂ ਅਤੇ ਮੁਖ਼ਬਰਾਂ ਨੂੰ ਸਬਕ ਸਿਖਾਇਆ ਜਾਏ। ਉਨ੍ਹਾਂ ਨੇ ਪਹਿਲਾਂ ਨਿਰੰਜਨੀਆ ਸੰਪ੍ਰਦਾਇ ਦੇ ਆਕਿਲ ਦਾਸ ਨੂੰ ਸਜ਼ਾ ਦੇਣ ਲਈ ਜੰਡਿਆਲਾ ਨੂੰ ਘੇਰਿਆ। ਆਕਿਲ ਦਾਸ ਨੇ ਤੁਰੰਤ ਅਹਿਮਦ ਸ਼ਾਹ ਦੁਰਾਨੀ ਨੂੰ ਸੂਚਨਾ ਦੇਣ ਲਈ ਆਪਣੇ ਬੰਦੇ ਭੇਜੇ। ਸਿੱਖਾਂ ਦੀ ਵਧਦੀ ਸ਼ਕਤੀ ਤੋਂ ਘਬਰਾਇਆ ਤੇ ਉਨ੍ਹਾਂ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਅਹਿਮਦ ਸ਼ਾਹ ਦੁਰਾਨੀ ਉਦੋਂ ਤੱਕ ਇਕ ਵੱਡੀ ਫ਼ੌਜ ਸਹਿਤ ਰੋਹਤਾਸ ਪਹੁੰਚ ਚੁੱਕਿਆ ਸੀ। ਸੁਨੇਹਾ ਮਿਲਦਿਆਂ ਹੀ ਉਸ ਨੇ ਬੜੀ ਤੀਬਰ ਗਤੀ ਨਾਲ ਆਪਣੀ ਘੋੜਸਵਾਰ ਫ਼ੌਜ ਜੰਡਿਆਲੇ ਵੱਲ ਤੋਰ ਦਿੱਤੀ।

  ਸਿੱਖ ਸੂਰਬੀਰਾਂ ਨੇ ਜੰਡਿਆਲੇ ਦਾ ਘੇਰਾ ਉਠਾ ਕੇ ਆਪਣੇ ਪਰਿਵਾਰਾਂ ਨੂੰ ਮਾਲਵੇ ਦੇ ਜੰਗਲਾਂ ਵਿਚ ਸੁਰੱਖਿਅਤ ਥਾਂਵਾਂ ’ਤੇ ਪਹੁੰਚਣ ਲਈ ਕੂਚ ਕਰ ਦਿੱਤਾ। ਪਰ ਅਜੇ ਸਿੰਘਾਂ ਦਾ ਵਹੀਰ ਕੁੱਪ-ਰਹੀੜਾ ਵਾਲੇ ਸਥਾਨ ਉਤੇ ਪਹੁੰਚ ਕੇ ਅੱਗੇ ਨੂੰ ਚੱਲਣ ਦੀ ਤਿਆਰੀ ਕਰ ਹੀ ਰਿਹਾ ਸੀ ਕਿ ਦੁਰਾਨੀ ਫ਼ੌਜ ਨੇ 5 ਫਰਵਰੀ, 1762 ਈ. ਨੂੰ ਅਚਾਨਕ ਹਮਲਾ ਬੋਲ ਦਿੱਤਾ। ਸਰਹਿੰਦ ਦਾ ਫ਼ੌਜਦਾਰ ਜ਼ੈਨ ਖ਼ਾਨ ਅਤੇ ਮਲੇਰਕੋਟਲਾ ਦਾ ਨਵਾਬ ਭੀਖਨ ਖ਼ਾਨ ਵੀ ਆਪਣੀਆਂ ਫ਼ੌਜਾਂ ਸਹਿਤ ਦੁਰਾਨੀਆਂ ਦੀ ਮਦਦ ਕਰ ਰਹੇ ਸਨ। ਸਿੱਖ ਸਰਦਾਰ ਦੁਰਾਨੀ ਫ਼ੌਜਾਂ ਦੇ ਇਤਨਾ ਜਲਦੀ ਪਹੁੰਚਣ ਦਾ ਕਿਆਸ ਨਹੀਂ ਕਰ ਸਕੇ ਸਨ।

  ਸਿੱਖ ਸਰਦਾਰਾਂ ਨੇ ਆਪਣੇ ਵਹੀਰ ਨੂੰ ਸਾਰਿਆਂ ਪਾਸਿਆਂ ਤੋਂ ਘੇਰਾ ਪਾ ਕੇ ਸੁਰਖਿਅਤ ਢੰਗ ਨਾਲ ਬਰਨਾਲੇ ਵਾਲੇ ਪਾਸੇ ਵਧਣਾ ਸ਼ੁਰੂ ਕਰ ਦਿੱਤਾ। ਉਹ ਦੁਰਾਨੀਆਂ ਨਾਲ ਲੜਦੇ ਵੀ ਜਾਂਦੇ ਸਨ ਅਤੇ ਅਗੇ ਨੂੰ ਵਧਦੇ ਵੀ ਜਾਂਦੇ ਸਨ। ਉਨ੍ਹਾਂ ਦੇ ਸੁਰੱਖਿਆ-ਘੇਰੇ ਨੂੰ ਕਈ ਵਾਰ ਦੁਰਾਨੀਆਂ ਨੇ ਤੋੜਿਆ ਅਤੇ ਨਿਹੱਥਿਆਂ ਨੂੰ ਮਾਰਿਆ ਪਰ ਸਿੱਖ ਫਿਰ ਉਨ੍ਹਾਂ ’ਤੇ ਹਾਵੀ ਹੋ ਜਾਂਦੇ ਸਨ। ਇਸ ਤਰ੍ਹਾਂ ਲੜਦੇ ਤੇ ਜੂਝਦੇ ਦੁਪਹਿਰ ਤੋਂ ਬਾਅਦ ਉਹ ਹਠੂਰ ਦੀ ਢਾਬ ਪਾਸ ਪਹੁੰਚੇ। ਦੋਹਾਂ ਪਾਸਿਆਂ ਦੀਆਂ ਫ਼ੌਜਾਂ ਆਪਣੀ ਪਿਆਸ ਬੁਝਾਉਣ ਲਈ ਢਾਬ ਦੇ ਦੁਆਲੇ ਇਕੱਠੀਆਂ ਹੋ ਗਈਆਂ। ਦੁਰਾਨੀਆਂ ਨੇ ਭਾਵੇਂ ਬਹੁਤ ਸਾਰੇ ਬੱਚੇ, ਇਸਤਰੀਆਂ, ਬਿਰਧ ਸਿੰਘ ਮਾਰ ਦਿੱਤੇ ਸਨ ਪਰ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸਿੱਖਾਂ ਨੂੰ ਖ਼ਤਮ ਕਰ ਸਕਣਾ ਉਨ੍ਹਾਂ ਦੇ ਵਸ ਦੀ ਗੱਲ ਨਹੀਂ, ਇਸ ਲਈ ਉਨ੍ਹਾਂ ਨੇ ਸਿੱਖਾਂ ਦਾ ਹੋਰ ਪਿੱਛਾ ਕਰਨਾ ਛੱਡ ਦਿੱਤਾ। ਇਸ ਤਰ੍ਹਾਂ ਇਸ ਘੱਲੂਘਾਰੇ ਦਾ ਅੰਤ ਹੋਇਆ।

  ਸਿੱਖਾਂ ਨੇ ਤਿੰਨ ਮਹੀਨਿਆਂ ਵਿਚ ਦੁਬਾਰਾ ਸੰਗਠਿਤ ਹੋ ਕੇ ਸਰਹਿੰਦ ਉੱਤੇ ਹਮਲਾ ਕੀਤਾ ਅਤੇ ਫਿਰ ਲਾਹੌਰ ਦੇ ਇਰਦ-ਗਿਰਦ ਦਾ ਇਲਾਕਾ ਉਜਾੜਿਆ। ਅਹਿਮਦ ਸ਼ਾਹ ਦੁਰਾਨੀ ਅਜੇ ਭਾਵੇਂ ਪੰਜਾਬ ਵਿਚ ਹੀ ਸੀ ਪਰ ਉਸ ਦਾ ਕੁਝ ਵੱਸ ਨਾ ਚੱਲਿਆ। ਇਸ ਘਟਨਾ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਦੇ ਹਮਲੇ ਕੇਵਲ ਉਸ ਦੀ ਕਮਜ਼ੋਰੀ ਦਾ ਢੰਡੋਰਾ ਸਨ, ਸ਼ਕਤੀ ਦਾ ਨਗਾਰਾ ਨਹੀਂ ਸਨ। ਇਸ ਘੱਲੂਘਾਰੇ ਨਾਲ ਸਿੱਖ ਜੂਝਾਰੂਆਂ ਵਿਚ ਇਕ ਨਵੀਂ ਅਤੇ ਅਦੱਬ ਸ਼ਕਤੀ ਦਾ ਸੰਚਾਰ ਹੋਇਆ। ਉਨ੍ਹਾਂ ਨੇ ਅਗਲੇ ਸਾਲ ਸੰਨ 1763 ਈ. ਨੂੰ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਸਰਹਿੰਦ ਨੂੰ ਜਿੱਤਿਆ ਅਤੇ ਸਿੱਖ ਰਾਜ ਦੀ ਸਥਾਪਨਾ ਦਾ ਰਾਹ ਮੋਕਲਾ ਕੀਤਾ ਅਤੇ ਇਹ ਵੀ ਸਾਬਤ ਕਰ ਦਿੱਤਾ ਕਿ ਸਿੱਖਾਂ ਦੀ ਚੜ੍ਹਦੀ ਕਲਾ ਨੂੰ ਦਬਾਇਆ ਨਹੀਂ ਜਾ ਸਕਦਾ।

  ਇਸ ਘੱਲੂਘਾਰੇ ਵਿਚ ਕਿੰਨ੍ਹੇ ਹੀ ਸਿੰਘ-ਸਿੰਘਣੀਆਂ ਅਤੇ ਬੱਚੇ ਮਾਰੇ ਗਏ? ਇਸ ਬਾਰੇ ਇਤਿਹਾਸਕਾਰ ਇਕ-ਮੱਤ ਨਹੀਂ ਹਨ। 12 ਹਜ਼ਾਰ ਤੋਂ ਪੰਜਾਹ ਹਜ਼ਾਰ ਤੱਕ ਗਿਣਤੀ ਦੱਸੀ ਜਾਂਦੀ ਹੈ। ਪਰ ਅਨੁਮਾਨ ਹੈ ਕਿ ਸਿੱਖ-ਦਲ ਦਾ ਵੀਹ ਹਜ਼ਾਰ ਦੇ ਨੇੜੇ-ਤੇੜੇ ਜਾਨੀ ਨੁਕਸਾਨ ਹੋਇਆ ਅਤੇ ਬੇਹਿਸਾਬ ਸੈਨਿਕ ਜ਼ਖ਼ਮੀ ਹੋਏ। ਇਸ ਘੱਲੂਘਾਰੇ ਦੌਰਾਨ ਸ. ਜੱਸਾ ਸਿੰਘ ਆਹਲੂਵਾਲੀਆ ਨੂੰ 22 ਅਤੇ ਸ. ਚੜ੍ਹਤ ਸਿੰਘ ਨੂੰ 16 ਜ਼ਖ਼ਮ ਲੱਗੇ ਸਨ। ਇਤਿਹਾਸਕਾਰਾਂ ਨੇ ਦੁਰਾਨੀ ਸੈਨਾ ਦਾ ਵੀ ਇਤਨਾ ਹੀ ਨੁਕਸਾਨ ਹੋਇਆ ਮੰਨਿਆ ਹੈ।


  actionpunjab
  Author: actionpunjab

  Latest Posts

  Don't Miss

  Stay in touch

  To be updated with all the latest news, offers and special announcements.