Electoral Bonds: ਚੋਣ ਬਾਂਡ ਜਾਂ ਚੁਣਾਵੀ ਬਾਂਡ ਇੱਕ ਅਜਿਹੀ ਯੋਜਨਾ ਹੈ, ਜਿਸ ਰਾਹੀਂ ਕੋਈ ਵੀ ਵਿਅਕਤੀ ਕਿਸੇ ਵੀ ਪਾਰਟੀ ਨੂੰ ਸਿਆਸੀ ਫੰਡ ਦੇ ਸਕਦਾ ਹੈ। ਇਹ ਸਕੀਮ ਕੇਂਦਰ ਸਰਕਾਰ ਵੱਲੋਂ 2017-18 ਵਿੱਚ ਲਿਆਂਦੀ ਗਈ ਸੀ, ਜਿਸ ਤਹਿਤ ਕਿਸੇ ਵੀ ਸਿਆਸੀ ਪਾਰਟੀ ਨੂੰ ਚੰਦਾ ਜਾਂ ਫੰਡ ਦੇਣ ਲਈ ਸਟੇਟ ਬੈਂਕ ਆਫ਼ ਇੰਡੀਆ (SBI) ਦੀਆਂ ਅਧਿਕਾਰਤ ਬਰਾਂਚਾਂ ਨੂੰ ਇਨ੍ਹਾਂ ਬਾਂਡ ਨੂੰ ਖਰੀਦ ਸਕਦਾ ਹੈ। ਉਪਰੰਤ ਖਰੀਦਦਾਰ ਇਸ ਬਾਂਡ ਨੂੰ ਫੰਡ (Party Fund) ਵਜੋਂ ਆਪਣੀ ਪਸੰਦੀਦਾ ਪਾਰਟੀ ਨੂੰ ਦੇ ਸਕਦਾ ਹੈ।
ਕੀ ਹੈ ਚੋਣ ਬਾਂਡ ਅਤੇ ਕਿਹੜੀ ਜਾਣਕਾਰੀ ਰੱਖੀ ਜਾਂਦੀ ਹੈ ਗੁਪਤ
ਚੋਣ ਬਾਂਡ ਜਾਂ ਚੁਣਾਵੀ ਬਾਂਡ ਅਸਲ ਵਿੱਚ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਦਾ ਇੱਕ ਵਿੱਤੀ ਸਾਧਨ ਹੈ। ਇੱਕ ਇੱਕ ਵਚਨ ਪੱਤਰ ਵਾਂਗ ਹੈ, ਜਿਸ ਨੂੰ ਕੋਈ ਵੀ ਨਾਗਰਿਕ ਖਰੀਦ ਕੇ ਕਿਸੇ ਵੀ ਸਿਆਸੀ ਪਾਰਟੀ ਨੂੰ ਦੇ ਸਕਦਾ ਹੈ। ਭਾਰਤ ਸਰਕਾਰ ਵੱਲੋਂ ਇਸ ਯੋਜਨਾ ਦਾ ਐਲਾਨ 2017 ਵਿੱਚ ਕੀਤਾ ਗਿਆ ਸੀ। ਹਾਲਾਂਕਿ ਇਸ ਨੂੰ ਕਾਨੂੰਨੀ ਮਨਜੂਰੀ 29 ਜਨਵਰੀ 2018 ‘ਚ ਮਿਲੀ। ਯੋਜਨਾ ਤਹਿਤ ਸਟੇਟ ਬੈਂਕ ਆਫ਼ ਇੰਡੀਆ ਸਿਆਸੀ ਪਾਰਟੀਆਂ ਨੂੰ ਚੰਦਾ ਦੇਣ ਲਈ ਬਾਂਡ ਜਾਰੀ ਕਰਦਾ ਹੈ, ਜਿਸ ਨੂੰ ਕੋਈ ਵੀ ਅਜਿਹਾ ਵਿਅਕਤੀ, ਜਿਸ ਦਾ ਬੈਂਕ ਖਾਤਾ ਅਤੇ ਕੇਵਾਈਸੀ ਸਬੰਧੀ ਸਾਰੀ ਜਾਣਕਾਰੀ ਹੋਵੇ, ਖਰੀਦ ਸਕਦਾ ਹੈ। ਪਰੰਤੂ ਬਾਂਡ ਵਿੱਚ ਉਸ ਦਾ ਨਾਂ ਨਹੀਂ ਹੁੰਦਾ। ਇਸਤੋਂ ਇਲਾਵਾ ਇਸ ਵਿੱਚ ਕਿੰਨੇ ਪੈਸੇ ਦੇ ਬਾਂਡ ਕਿਸ ਸਿਆਸੀ ਪਾਰਟੀ ਨੂੰ ਦਿੱਤੇ ਗਏ ਹਨ ਇਹ ਵੀ ਗੁਪਤ ਰੱਖਿਆ ਜਾਂਦਾ ਹੈ।
ਕਿੰਨੇ ਰੁਪਏ ਦਾ ਹੁੰਦਾ ਹੈ ਇਹ ਚੋਣ ਬਾਂਡ
ਸਟੇਟ ਬੈਂਕ ਵੱਲੋਂ ਇਹ ਚੋਣ ਬਾਂਡ 1000 ਰੁਪਏ, 10,000 ਰੁਪਏ, ਇੱਕ ਲੱਖ ਰੁਪਏ, ਦਸ ਲੱਖ ਰੁਪਏ ਅਤੇ ਇੱਕ ਕਰੋੜ ਰੁਪਏ ਤੱਕ ਦੇ ਜਾਰੀ ਕੀਤੇ ਜਾਂਦੇ ਹਨ ਅਤੇ ਵਿਅਕਤੀ ਇਨ੍ਹਾਂ ਵਿਚੋਂ ਕੋਈ ਵੀ ਖਰੀਦ ਕਰ ਸਕਦਾ ਹੈ। ਇਨ੍ਹਾਂ ਚੋਣ ਬਾਂਡਾਂ ਦੀ ਮਿਆਦ ਸਿਰਫ਼ 15 ਦਿਨ ਦੀ ਹੁੰਦੀ ਹੈ।
ਕਿਹੜੀਆਂ ਪਾਰਟੀਆਂ ਨੂੰ ਦਿੱਤੇ ਜਾ ਸਕਦੇ ਹਨ ਬਾਂਡ
ਚੋਣ ਬਾਂਡ ਖਰੀਦਣ ਵਾਲਾ ਉਨ੍ਹਾਂ ਪਾਰਟੀਆਂ ਨੂੰ ਹੀ ਇਹ ਫੰਡ ਵੱਜੋਂ ਦੇ ਸਕਦਾ ਹੈ, ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ ਅਤੇ ਪਿਛਲੀਆਂ ਲੋਕ ਸਭਾ ਤੇ ਵਿਧਾਨ ਸਭਾ ਵਿੱਚ ਉਨ੍ਹਾਂ ਨੇ ਕੁੱਲ ਵੋਟਾਂ ਦਾ ਇੱਕ ਫ਼ੀਸਦੀ ਹਾਸਲ ਕੀਤਾ ਹੋਵੇ। ਯੋਜਨਾ ਤਹਿਤ ਬੈਂਕ ਵੱਲੋਂ ਇਹ ਬਾਂਡ ਜਨਵਰੀ, ਅਪ੍ਰੈਲ, ਜੁਲਾਈ ਅਤੇ ਅਕਤੂਬਰ ਮਹੀਨਿਆਂ ਵਿੱਚ ਸਿਰਫ਼ 10 ਦਿਨਾਂ ਲਈ ਹੀ ਜਾਰੀ ਕੀਤੇ ਜਾਂਦੇ ਹਨ।
ਕਿਹੜੀ ਪਾਰਟੀ ਨੂੰ ਮਿਲਿਆ ਕਿੰਨਾ ਚੰਦਾ
ਜੇਕਰ ਚੋਣ ਬਾਂਡ ਰਾਹੀਂ ਸਭ ਤੋਂ ਵੱਧ ਚੰਦਾ ਪ੍ਰਾਪਤ ਕਰਨ ਵਾਲੀ ਪਾਰਟੀ ਦੇਖੀ ਜਾਵੇ ਤਾਂ ਉਹ ਭਾਰਤੀ ਜਨਤਾ ਪਾਰਟੀ ਰਹੀ ਹੈ। ਚੋਣ ਨਿਗਰਾਨ ਸੰਸਥਾ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮਜ਼ (ADR) ਦੀ ਰਿਪੋਰਟ ਵਿੱਚ 2016-17 ਤੋਂ ਲੈ ਕੇ 2021-22 ਤੱਕ ਦੇ ਅੰਕੜੇ ਹਨ, ਜਿਸ ਤਹਿਤ ਇਨ੍ਹਾਂ 5 ਸਾਲਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਕੁੱਲ 9188 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ, ਜਿਨ੍ਹਾਂ ਵਿੱਚ ਕੁੱਲ 7 ਰਾਸ਼ਟਰੀ ਪਾਰਟੀਆਂ ਅਤੇ 24 ਖੇਤਰੀ ਪਾਰਟੀਆਂ ਹਨ।
ਹਾਲਾਂਕਿ ਇਸ ਕੁੱਲ ਚੰਦੇ ਵਿਚੋਂ ਇਕੱਲੇ 58 ਫ਼ੀਸਦੀ 5272 ਕਰੋੜ ਰੁਪਏ ਦਾ ਚੰਦਾ ਭਾਜਪਾ (bjp) ਨੂੰ ਦਿੱਤਾ ਗਿਆ ਹੈ। ਉਪਰੰਤ ਕਾਂਗਰਸ (congress) ਨੂੰ 952 ਕਰੋੜ ਰੁਪਏ ਦਾ ਚੰਦਾ ਅਤੇ 767 ਕਰੋੜ ਰੁਪਏ ਦਾ ਚੰਦਾ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (TMC) ਨੂੰ ਮਿਲਿਆ ਹੈ।