ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਯੂ.ਕੇ. ਆਧਾਰਿਤ ਨਸ਼ਾ ਤਸਕਰ ਗਿਰੋਹ ਦੇ ਸਰਗਨਾ ਮੁਨੀਸ਼ ਠਾਕੁਰ ਦੀ ਅੱਜ ਪੰਜਾਬ ਫੇਰੀ ਮੌਕੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਆਪ ਵਿਧਾਇਕ ਸ਼ੀਤਲ ਅੰਗੁਰਾਲ (MLA Sheetal Angural) ਦੇ ਖਿਲਾਫ ਕੋਈ ਕਾਰਵਾਈ ਨਹੀਂ ਨਹੀਂ ਹੋ ਰਹੀ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਤਾਜ਼ਾ ਖੁਲ੍ਹਾਸਿਆਂ ਦੇ ਮੁਤਾਬਕ ਨਸ਼ਾ ਤਸਕਰੀ ਗਿਰੋਹ ਦਾ ਸਰਗਨਾ ਮੁਨੀਸ਼ ਠਾਕੁਰ ਅੰਗੂਰਾਲ ਦੀ ਸੱਜੀ ਬਾਂਹ ਹੈ ਤੇ ਜਦੋਂ-ਜਦੋਂ ਅੰਗੂਰਾਲ ਯੂ.ਕੇ. ਜਾਂਦੇ ਹਨ ਤਾਂ ਉਨ੍ਹਾਂ ਕੋਲ ਹੀ ਠਹਿਰਦੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦਾ ਦਾਅਵਾ ਹੈ ਕਿ ਠਾਕੁਰ ਕੌਮਾਂਤਰੀ ਨਸ਼ਾ ਤਸਕਰੀ ਗਿਰੋਹ ਚਲਾ ਰਿਹਾ ਹੈ ਤੇ ਉਸਦੇ ਖਿਲਾਫ ਕੇਸ ਵੀ ਦਰਜ ਹੈ, ਇਸ ਲਈ ਕੇਸ ਵਿਚ ਆਪ ਵਿਧਾਇਕ ਦਾ ਨਾਂ ਵੀ ਸ਼ਾਮਲ ਕੀਤਾ ਜਾਵੇ ਅਤੇ ਉਸਨੂੰ ਵੀ ਨਸ਼ਾ ਤਸਕਰਾਂ ਦੀ ਸਰਗਰਮ ਮਦਦ ਲਈ ਗ੍ਰਿਫਤਾਰ ਕੀਤਾ ਜਾਵੇ।
ਐਡਵੋਕੇਟ ਕਲੇਰ ਨੇ ਕਿਹਾ ਕਿ ਆਪ ਦੇ ਆਗੂ ਤੇ ਵਰਕਰ ਨਸ਼ਾ ਤਸਕਰਾਂ ਨਾਲ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਨਸ਼ਾ ਤਸਕਰ ਖੁਲ੍ਹੇਆਮ ਘੁੰਮ ਰਹੇ ਹਨ ਤੇ ਇਸਦਾ ਜ਼ਿਕਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਗੂਰਾਲ ਦਾ ਪਿਛੋਕੜ ਦਾਗਦਾਰ ਰਿਹਾ ਹੈ ਤੇ ਪਹਿਲਾਂ ਵੀ ਉਹ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਸਦੇ ਬਾਵਜੂਦ ਉਹ ਆਪ ਦਾ ਪੋਸਟਰ ਬੁਆਇ ਹੈ, ਜਿਸ ਤੋਂ ਪਤਾ ਚਲਦਾ ਹੈ ਕਿ ਮਾੜੇ ਕੰਮਾਂ ਤੋਂ ਕਮਾਈ ਜਾ ਰਹੀ ਦੌਲਤ ਦਾ ਹਿੱਸਾ ਆਪ ਦੀ ਸਿਖ਼ਰਲੀ ਲੀਡਰਸ਼ਿਪ ਕੋਲ ਵੀ ਪਹੁੰਚ ਰਿਹਾ ਹੈ।
ਐਡਵੋਕੇਟ ਕਲੇਰ ਨੇ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਤੇ ਨਾਲ ਹੀ ਕਿਹਾ ਕਿ ਨਿਰਪੱਖ ਤੇ ਆਜ਼ਾਦ ਜਾਂਚ ਵਾਸਤੇ ਅੰਗੂਰਾਲ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੇ ਖਰਚੇ ’ਤੇ ਪੰਜਾਬ ਵਿਚ ਰੈਲੀਆਂ ਕਰਨ ’ਤੇ ਸਵਾਲ ਚੁੱਕਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਕਰੋੜਾਂ ਰੁਪਏ ਝੂਠੀ ਇਸ਼ਤਿਹਾਰਬਾਜ਼ੀ ’ਤੇ ਖਰਚ ਕੀਤੇ ਜਾ ਰਹੇ ਹਨ ਕਿ ਪੰਜਾਬੀਆਂ ਨਾਲ ਕੀਤੇ ਵਾਅਦੇ ਕਾਗਜ਼ਾਂ ਤੱਕ ਸੀਮਤ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ ਭਾਵੇਂ ਉਹ ਕਿਸਾਨ ਹੋਣ, ਨੌਜਵਾਨ, ਔਰਤਾਂ, ਕਮਜ਼ੋਰ ਵਰਗ, ਸਰਕਾਰੀ ਮੁਲਾਜ਼ਮ ਜਾਂ ਫਿਰ ਉਦਯੋਗਪਤੀ ਹੀ ਕਿਉਂ ਨਾ ਹੋਣ।