ਪੀਟੀਸੀ ਡੈਸਕ ਨਿਊਜ਼: ਭਾਜਪਾ (BJP) ਨੇ ਲੋਕ ਸਭਾ ਚੋਣਾਂ 2024 (Lok Sabha Polls 2024) ਲਈ ਟਿਕਟਾਂ ਦੀ ਪਹਿਲੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਸੂਚੀ ਵਿੱਚ ਆਜਮਗੜ੍ਹ ਤੋਂ ਪਾਰਟੀ ਨੇ ਮੁੜ ਭੋਜਪੁਰੀ ਅਦਾਕਾਰ ਅਤੇ ਸੰਸਦ ਮੈਂਬਰ ਦਿਨੇਸ਼ ਲਾਲ ਯਾਦਵ (Dinesh Lal Yadav) ਦੇ ਨਾਂ ‘ਤੇ ਭਰੋਸਾ ਦਿਖਾਇਆ ਹੈ। ਦੱਸ ਦਈਏ ਕਿ ਪਾਰਟੀ ਨੇ ਭੋਜਪੁਰੀ ਫਿਲਮ ਇੰਡਸਟਰੀ ‘ਚ ‘ਨਿਰਹੂਆ’ (Bhojpuri Actor Nirahua) ਨਾਂ ਨਾਲ ਮਸ਼ਹੂਰ ਅਦਾਕਾਰ ਨੂੰ 2019 ਲੋਕ ਸਭਾ ਚੋਣਾਂ ‘ਚ ਆਜਮਗੜ੍ਹ ਤੋਂ ਪਹਿਲੀ ਵਾਰ ਟਿਕਟ ਦਿੱਤੀ ਸੀ। ਹਾਲਾਂਕਿ ਉਸ ਨੂੰ ਸਪਾ ਪ੍ਰਮੁੱਖ ਅਖਿਲੇਸ਼ ਯਾਦਵ ਨੇ ਹਰਾ ਦਿੱਤਾ ਸੀ, ਪਰ ਅਖਿਲੇਸ਼ ਦੇ ਅਸਤੀਫਾ ਦੇਣ ਤੋਂ ਬਾਅਦ ਹੋਈ ਉਪ ਚੋਣ ਵਿੱਚ ਉਹ ਜੇਤੂ ਰਹੇ ਸਨ।
‘ਨਿਰਹੂਆ’ ਬਿੱਗ ਬੌਸ ‘ਚ ਵੀ ਮਚਾ ਚੁੱਕੇ ਹਨ ਧਮਾਲ
ਨਿਰਹੂਆ ਨਾਂ ਨਾਲ ਮਸ਼ਹੂਰ ਦਿਨੇਸ਼ ਲਾਲ ਯਾਦਵ (Dinesh Lal Yadav Profile) ਰਿਐਲਟੀ ਸ਼ੋਅ ਬਿੱਗ ਬੌਸ-6 ਅਤੇ ਨੱਚ ਬੱਲੀਏ-6 ਵਿੱਚ ਵੀ ਨਾਂ ਕਮਾ ਚੁੱਕੇ ਹਨ। ਉਹ ਇੱਕ ਭੋਜਪੁਰੀ ਫਿਲਮ ਅਦਾਕਾਰ, ਗਾਇਕ ਅਤੇ ਟੈਲੀਵਿਜ਼ਨ ਸਰੋਤਾ ਵੀ ਹਨ। ਇਸਤੋਂ ਇਲਾਵਾ ਉਹ ਦਿਨੇਸ਼ ਪ੍ਰੋਡਕਸ਼ਨ ਹਾਊਸ ਨਿਰਹੂਆ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਮਾਲਕ ਵੀ ਹਨ। ਦਿਨੇਸ਼ ਲਾਲ ਗਾਜੀਪੁਰ ਦੇ ਇੱਕ ਛੋਟੇ ਜਿਹੇ ਪਿੰਡ ਟੰਡਵਾ ਨਾਲ ਸਬੰਧ ਰੱਖਦੇ ਹਨ, ਜਿਸ ਦਾ ਜਨਮ 2 ਜਨਵਰੀ 1979 ਨੂੰ ਹੋਇਆ। ਉਨ੍ਹਾਂ ਦੇ ਦੋ ਭਰਾ ਅਤੇ ਤਿੰਨ ਭੈਣਾਂ ਹਨ।
2006 ‘ਚ ਸ਼ੁਰੂ ਕੀਤਾ ਸੀ ਫਿਲਮੀ ਕਰੀਅਰ
ਦਿਨੇਸ਼ ਲਾਲ ਯਾਦਵ ਪੜ੍ਹਾਈ ਵਿੱਚ ਬੀਕਾਮ ਦੀ ਡਿਗਰੀ ਹਾਸਲ ਹਨ। ਉਨ੍ਹਾਂ ਨੇ ਕੋਲਕਾਤਾ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ। ਉਹ ਭੋਜਪੁਰੀ ਫਿਲਮ ਇੰਡਸਟਰੀ ਦੇ ਸਭ ਤੋਂ ਕਮਾਈ ਕਰਨ ਵਾਲੇ ਵਾਲੇ ਅਦਾਕਾਰ ਹਨ। ਉਨ੍ਹਾਂ ਨੇ ਪਹਿਲਾਂ ਗਾਇਕ ਵੱਜੋਂ 2003 ਵਿੱਚ ‘ਨਿਰਹੂਆ ਸਾਤਲ ਰਹੇ’ ਐਲਬਮ ਤੋਂ ਸ਼ੁਰੂਆਤ ਕੀਤੀ, ਜਿਸ ਤੋਂ ਉਨ੍ਹਾਂ ਨੂੰ ਇੰਡਸਟਰੀ ਵਿੱਚ ਨਿਰਹੂਆ ਨਾਂ ਨਾਲ ਪ੍ਰਸਿੱਧੀ ਮਿਲੀ।
ਫਿਰ ਫਿਲਮਾਂ ਵਿੱਚ ਵੱਡੇ ਪਰਦੇ ‘ਤੇ 2006 ਵਿੱਚ ਫਿਲਮ ‘ਹਮਕਾ ਐਸਾ ਵੈਸਾ ਨਾ ਸਮਝਾ’ ਤੋਂ ਬਤੌਰ ਅਦਾਕਾਰ ਸਫ਼ਰ ਸ਼ੁਰੂ ਕੀਤਾ। ਪਰ ਅਸਲੀ ਸਫ਼ਲਤਾ 2007 ਵਿੱਚ ਉਦੋਂ ਮਿਲੀ ਜਦੋਂ ਉਨ੍ਹਾਂ ਦੀ ਫਿਲਮ ‘ਨਿਰਹੂਆ ਰਿਕਸ਼ਾਵਾਲਾ’ ਸੁਪਰਹਿੱਟ ਰਹੀ, ਜਿਸ ਕਾਰਨ ਉਹ ਇੰਡਸਟਰੀ ਦੇ ਇੱਕ ਸਥਾਪਿਤ ਅਦਾਕਾਰ ਬਣ ਗਏ ਅਤੇ ‘ਜੁਬਲੀ ਸਟਾਰ’ ਦਾ ਖਿਤਾਬ ਮਿਲਿਆ। ਇਸ ਦੌਰਾਨ ਉਸ ਨੇ 2008 ‘ਚ ‘ਪਰਿਵਾਰ’, 2009 ‘ਚ ‘ਰੰਗੀਲਾ ਬਾਬੂ’, 2009 ‘ਚ ‘ਨਿਰਾਹੁਆ ਨੰਬਰ-1’ ਅਤੇ 2010 ‘ਚ ‘ਸਾਤ ਸਹੇਲਿਓ’ ‘ਚ ਵੀ ਕੰਮ ਕੀਤਾ। 2012 ‘ਚ ਨਿਰਾਹੁਆ ਨੂੰ ਅਮਿਤਾਭ ਬੱਚਨ ਅਤੇ ਜਯਾ ਬੱਚਨ ਨਾਲ ਫਿਲਮ ‘ਗੰਗਾ ਦੇਵੀ’ ‘ਚ ਦੇਖਿਆ ਗਿਆ ਸੀ। ਇਸ ਸਾਲ ਉਹ ‘ਬਿੱਗ ਬੌਸ 6’ ‘ਚ ਵੀ ਨਜ਼ਰ ਆਈ ਸੀ। ਇਸ ਪਿੱਛੋਂ ਉਹ ਲਗਾਤਾਰ ਹਿੱਟ ਫਿਲਮ ਦਿੰਦੇ ਆ ਰਹੇ ਹਨ।
ਦਿਨੇਸ਼ ਲਾਲ ਯਾਦਵ ਨੇ ਫਿਲਮਾਂ ਤੋਂ ਬਾਅਦ 2019 ਵਿੱਚ OTT ਪਲੇਟਫਾਰਮ ‘ਤੇ ਵੀ ਧਮਾਲ ਮਚਾਈ। ਓਟੀਟੀ ‘ਤੇ ਰਿਲੀਜ਼ ਹੋਈ ਫਿਲਮ ‘ਹੀਰੋ ਵਰਦੀਵਾਲਾ’ ਵਿੱਚ ਉਹ ਇੱਕ ਪੁਲਿਸ ਅਫਸਰ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ। ਇਹ ਭੋਜਪੁਰੀ ਭਾਸ਼ਾ ਦੀ ਪਹਿਲੀ ਵੈੱਬ ਸੀਰੀਜ਼ ਵੀ ਸੀ।
ਮੁੰਬਈ ‘ਚ ਫਲੈਟ ਅਤੇ ਲਗਜ਼ਰੀ ਕਾਰਾਂ ਦਾ ਮਾਲਕ ਹੈ ‘ਨਿਰਹੂਆ’
ਆਜ਼ਮਗੜ੍ਹ ਲੋਕਸਭਾ ਉਪ ਚੋਣਾਂ 2022 ਵਿੱਚ ਦਾਇਰ ਹਲਫ਼ਨਾਮੇ ਅਨੁਸਾਰ ਦਿਨੇਸ਼ ਯਾਦਵ 12ਵੀਂ ਪਾਸ ਹਨ। ਉਨ੍ਹਾਂ ਕੋਲ 8 ਕਰੋੜ 66 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਜਦੋਂਕਿ ਉਨ੍ਹਾਂ ਦੀ ਪਤਨੀ ਦੀ ਜਾਇਦਾਦ 6 ਕਰੋੜ ਰੁਪਏ ਹੈ ਅਤੇ ਉਹ ਇੱਕ ਫਿਲਮ ਲਈ 50 ਤੋਂ 60 ਲੱਖ ਰੁਪਏ ਭੁਗਤਾਨ ਲੈਂਦੇ ਹਨ। ਉਨ੍ਹਾਂ ਕੋਲ 1 ਕਰੋੜ ਰੁਪਏ ਦੀ ਖੇਤੀ ਵਾਲੀ ਜ਼ਮੀਨ, 15 ਲੱਖ ਰੁਪਏ ਦੀ ਗੈਰ-ਖੇਤੀ ਜ਼ਮੀਨ ਅਤੇ 45 ਲੱਖ ਰੁਪਏ ਦੀ ਕੀਮਤ ਦਾ ਗੋਰਖਪੁਰ ਵਿੱਚ ਇੱਕ ਫਲੈਟ ਹੈ। ਅਦਾਕਾਰ ਕੋਲ ਮੁੰਬਈ ਦੇ ਅੰਧੇਰੀ ਵਿੱਚ 3 ਕਰੋੜ ਰੁਪਏ ਦਾ ਫਲੈਟ ਵੀ ਹੈ। ਇਸਤੋਂ ਇਲਾਵਾ ਇੱਕ ਲਗਜ਼ਰੀ ਕਾਰ, ਰੇਂਜ ਰੋਵਰ ਅਤੇ ਫਾਰਚੂਨਰ ਵੀ ਹੈ। ਉਸ ਕੋਲ 16 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ ਹਨ।
ਰਾਜਨੀਤੀ ਦਾ ਸਫਰ
ਭੋਜਪੁਰੀ ਇੰਡਸਟਰੀ ‘ਚ ਛਾਅ ਜਾਣ ਤੋਂ ਬਾਅਦ ਦਿਨੇਸ਼ ਲਾਲ ਯਾਦਵ ਨੇ ਰਾਜਨੀਤੀ ਵਿੱਚ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 27 ਮਾਰਚ 2019 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਪਾਰਟੀ ਨੇ ਉਨ੍ਹਾਂ ‘ਤੇ ਵਿਸ਼ਵਾਸ ਵੀ ਜਤਾਇਆ ਅਤੇ ਆਜਮਗੜ੍ਹ ਤੋਂ ਟਿਕਟ ਦਿੱਤੀ, ਪਰ ਉਹ ਅਖਿਲੇਸ਼ ਯਾਦਵ ਤੋਂ ਹਾਰ ਗਏ। ਹਾਲਾਂਕਿ ਅਖਿਲੇਸ਼ ਯਾਦਵ ਦੇ ਅਸਤੀਫਾ ਦੇਣ ਤੋਂ ਬਾਅਦ ਉਪ ਚੋਣ ਵਿੱਚ ਉਨ੍ਹਾਂ ਨੇ ਜਿੱਤ ਹਾਸਲ ਕਰ ਲਈ। ਇਸਤੋਂ ਬਾਅਦ ਹੁਣ ਭਾਜਪਾ ਨੇ ਮੁੜ ਅਦਾਕਾਰ ‘ਤੇ ਭਰੋਸਾ ਜਤਾਉਂਦਿਆਂ ਇੱਕ ਵਾਰ ਫਿਰ ਟਿਕਟ ਦਿੱਤੀ ਹੈ।