ਕਿਸਾਨ ਅੰਦੋਲਨ (Kisan Andolan 2.0) ‘ਚ ਖਨੌਰੀ ਬਾਰਡਰ ‘ਤੇ ਕੁੱਟਮਾਰ ਦਾ ਸ਼ਿਕਾਰ ਹੋਏ ਪ੍ਰੀਤਪਾਲ ਸਿੰਘ ਦੇ ਮਾਮਲੇ ਵਿੱਚ ਪੰਜਾਬ-ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਦੇ ਸੀਜੇਐਮ ਨੂੰ ਹੁਕਮ ਜਾਰੀ ਕੀਤੇ ਹਨ। ਹਾਈਕੋਰਟ (High Court) ਨੇ ਹੁਕਮ ਜਾਰੀ ਕਰਦਿਆਂ ਸੀਜੇਐਮ ਨੂੰ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਨ ਲਈ ਕਿਹਾ ਹੈ।
ਮੰਗਲਵਾਰ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਨ ਸਮੇਂ ਇੱਕ ਡਾਕਟਰ ਦੀ ਮੌਜੂਦਗੀ ਅਤੇ ਨਾਲ ਹੀ ਹਰਿਆਣਾ ਪੁਲਿਸ ਦੇ ਏਸੀਪੀ ਨੂੰ ਵੀ ਮੌਜੂਦ ਰਹਿਣ ਦੇ ਹੁਕਮ ਦਿੱਤੇ ਹਨ।
ਸੁਣਵਾਈ ਦੌਰਾਨ ਪ੍ਰੀਤਪਾਲ ਸਿੰਘ ਦੇ ਪਿਤਾ ਵੱਲੋਂ ਵਕੀਲ ਈਸ਼ ਪੁਨੀਤ ਸਿੰਘ ਨੇ ਹਾਈਕੋਰਟ ਨੂੰ ਦੱਸਿਆ ਕਿ ਪ੍ਰੀਤਪਾਲ ਦੀ ਹਾਲਤ ਹੁਣ ਅੱਗੇ ਨਾਲੋਂ ਕੁੱਝ ਠੀਕ ਹੈ ਅਤੇ ਫਿਲਹਾਲ ਉਹ ਆਪਣਾ ਬਿਆਨ ਦਰਜ ਕਰਵਾਉਣ ਦੇ ਸਮਰੱਥ ਹੈ।
ਉਪਰੰਤ ਹਾਈਕੋਰਟ ਨੇ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਕੇ 15 ਮਾਰਚ ਨੂੰ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਦੱਸ ਦੇਈਏ ਕਿ ਰੋਹਤਕ ਦੇ ਪੀਜੀਆਈ ਵਿੱਚ ਪ੍ਰੀਤਪਾਲ ਸਿੰਘ ਦੀ ਬਹੁਤ ਜ਼ਖ਼ਮੀ ਹਾਲਤ ਵਿੱਚ ਤਸਵੀਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪ੍ਰੀਤਪਾਲ ਸਿੰਘ ਨੂੰ ਰੋਹਤਕ ਦੇ ਪੀਜੀਆਈ ਤੋਂ ਚੰਡੀਗੜ੍ਹ ਪੀਜੀਆਈ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਦੱਸ ਦਈਏ ਕਿ ਹਰਿਆਣਾ ਪੁਲਿਸ (Haryana Police) ਨੇ ਅਦਾਲਤ ਨੂੰ ਦੱਸਿਆ ਸੀ ਕਿ ਪ੍ਰੀਤਪਾਲ 21 ਫਰਵਰੀ ਨੂੰ ਖਨੌਰੀ ਸਰਹੱਦ ਨੇੜੇ ਹਰਿਆਣਾ ਖੇਤਰ ਵਿੱਚ ਖੇਤਾਂ ਵਿੱਚੋਂ ਮਿਲਿਆ ਸੀ, ਜਿਸ ਤੋਂ ਬਾਅਦ ਹਾਈਕੋਰਟ ਨੇ ਪਹਿਲਾਂ ਇਹ ਦੱਸਣ ਲਈ ਕਿਹਾ ਸੀ ਕਿ ਪ੍ਰੀਤਪਾਲ ਜ਼ਖਮੀ ਕਿਵੇਂ ਹੋਇਆ। ਹੁਣ ਹਾਈਕੋਰਟ ਨੇ ਚੰਡੀਗੜ੍ਹ ਦੇ ਸੀਜੇਐਮ ਨੂੰ ਪੀਜੀਆਈ ਜਾ ਕੇ ਪ੍ਰੀਤਪਾਲ ਸਿੰਘ ਦੇ ਬਿਆਨ ਦਰਜ ਕਰਨ ਦੇ ਹੁਕਮ ਦਿੱਤੇ ਹਨ।