ਚੰਡੀਗੜ੍ਹ: ਪੰਜਾਬ ਪੁਲਿਸ (Punjab Police) ਨੂੰ ਮੋਹਾਲੀ ‘ਚ ਵੱਡੀ ਸਫ਼ਲਤਾ ਹੱਥ ਲੱਗੀ ਹੈ। ਮੋਹਾਲੀ ਪੁਲਿਸ (Mohali Police) ਵੱਲੋਂ ਸੈਕਟਰ-79 ਮੋਹਾਲੀ ਵਿੱਚ ਪੈਂਦੇ ਕਟਾਣੀ ਢਾਬੇ (Katani Dhaba) ‘ਤੇ ਫਾਈਰਿੰਗ ਕਰਨ ਵਾਲੇ ਗੈਂਗਸਟਰ ਲੋਕੀ ਪਟਿਆਲਾ ਅਤੇ ਮਨਦੀਪ ਧਾਲੀਵਾਲ ਦੇ ਸ਼ੂਟਰ ਗ੍ਰਿਫ਼ਤਾਰ ਕੀਤੇ ਹਨ। ਆਰੋਪੀਆਂ ਕੋਲੋਂ ਵਾਰਦਾਤ ‘ਚ ਵਰਤਿਆ ਗਿਆ ਅਸਲਾ ਅਤੇ ਵਾਹਨ ਵੀ ਬਰਾਮਦ ਕੀਤੇ ਗਏ ਹਨ।
ਇਹ ਸੀ ਪੂਰਾ ਮਾਮਲਾ
ਸੀਨੀਅਰ ਕਪਤਾਨ ਪੁਲਿਸ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ 26/27 ਫ਼ਰਵਰੀ ਦੀ ਦਰਮਿਆਨੀ ਰਾਤ ਨੂੰ ਮੈਟਰਸਾਇਕਲ ਸਵਾਰ ਨਾਮਾਲੂਮ ਵਿਅਕਤੀਆਂ ਵੱਲੋਂ ਸੈਕਟਰ-79 ਮੋਹਾਲੀ ਵਿੱਚ ਪੈਂਦੇ ਕਟਾਣੀ ਪ੍ਰੀਮੀਅਮ ਢਾਬੇ ਉਪਰ ਫਾਈਰਿੰਗ ਕੀਤੀ ਗਈ ਸੀ ਤੇ ਫਿਰ ਬਾਅਦ ਵਿੱਚ ਕਟਾਣੀ ਢਾਬੇ ਦੇ ਮਾਲਿਕ ਪਾਸੋਂ ਗੈਂਗਸਟਰ ਲੱਕੀ ਪਟਿਆਲ ਵੱਲੋਂ ਫੋਨ ਕਰਕੇ 1 ਕਰੋੜ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸ ਪਿੱਛੋਂ ਮਾਮਲਾ ਦਰਜ ਕਰਕੇ ਜਾਂਚ ਅਰੰਭੀ ਗਈ ਸੀ।
ਉਨ੍ਹਾਂ ਦੱਸਿਆ ਕਿ ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਸਪੈਸ਼ਲ ਸੈੱਲ, ਮੋਹਾਲੀ ਦੀ ਟੀਮ ਵੱਲੋਂ ਉਕਤ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਟੈਕਨੀਕਲ ਅਤੇ ਹਿਊਮਨ ਸੋਰਸਾਂ ਰਾਹੀ ਟਰੇਸ ਕਰਕੇ ਮੁਲਜ਼ਮਾਂ ਅਰਸ਼ਜੋਤ ਸਿੰਘ ਉਰਫ ਅਰਸ਼ ਵਾਸੀ ਪਿੰਡ ਬੱਲੋਮਾਜਰਾ, ਥਾਣਾ ਬਲੌਂਗੀ ਨੂੰ 8 ਮਾਰਚ ਨੂੰ ਨੇੜੇ ਪੰਜਾਬ ਢਾਬਾ, ਸੈਕਟਰ-79, ਮੋਹਾਲੀ ਤੋਂ ਅਤੇ ਇਸ ਵਾਰਦਾਤ ਦੇ ਮੁੱਖ ਮੁਲਜ਼ਮ ਸ਼ੂਟਰ ਰਣਬੀਰ ਸਿੰਘ ਉਰਫ ਰਾਣਾ ਵਾਸੀ ਪਿੰਡ ਗੁਨੋਮਾਜਰਾ ਥਾਣਾ ਬਲਾਕ ਮਾਜਰੀ ਨੂੰ 12 ਮਾਰਚ ਨੂੰ ਨੇੜੇ ਮੰਦਰ ਫੇਸ-1, ਮੋਹਾਲੀ ਤੋਂ ਮੁੱਕਦਮਾ ਉਕਤ ਵਿੱਚ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋਂ 02 ਪਿਸਟਲ (30 ਬੋਰ ਅਤੇ 32 ਬੋਰ) ਸਮੇਤ 03 ਰੋਂਦ ਜਿੰਦਾ ਅਤੇ ਵਾਰਦਾਤ ਵਿੱਚ ਵਰਤਿਆ ਸਪਲੈਡਰ ਮੋਟਰਸਾਇਕਲ ਨੰਬਰ HP-38-E-6511 ਬ੍ਰਾਮਦ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਸਾਥੀਆਂ ਅੰਮ੍ਰਿਤਪਾਲ ਸਿੰਘ ਉਰਫ ਨੋਨਾ ਵਾਸੀ ਪਿੰਡ ਬੱਲੋਮਾਜਰਾ ਥਾਣਾ ਬਲੌਂਗੀ ਨੂੰ ਏ.ਜੀ.ਟੀ.ਐਫ, ਪੰਜਾਬ ਵੱਲੋਂ ਅਤੇ ਫਿਰੋਜ਼ ਖਾਨ ਵਾਸੀ ਪਿੰਡ ਛੋਟੀ ਖਾਟੂ ਜ਼ਿਲ੍ਹਾ ਨਾਗਰੋ, ਰਾਜਸਥਾਨ ਨੂੰ ਐਸ.ਟੀ.ਐਫ. ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਡਾ. ਗਰਗ ਨੇ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਅਰਸ਼ਜੋਤ ਦੀ ਮਨਦੀਪ ਧਾਲੀਵਾਲ ਵਾਸੀ ਪਿੰਡ ਫਿਰੋਜਪੁਰ ਨਾਲ ਜੇਲ ਵਿੱਚ ਜਾਣ ਪਹਿਚਾਣ ਹੋਈ ਸੀ, ਜੋ ਮਨਦੀਪ ਧਾਲੀਵਾਲ ਗੈਂਗਸਟਰ ਲੱਕੀ ਪਟਿਆਲ ਦਾ ਸਾਥੀ ਹੈ, ਜਿਸ ‘ਤੇ ਅਰਸ਼ਜੋਤ ਨੇ ਗੈਂਗਸਟਰ ਲੱਕੀ ਪਟਿਆਲ ਅਤੇ ਮਨਦੀਪ ਧਾਲੀਵਾਲ ਦੇ ਕਹਿਣ ਤੇ ਆਪਣੀ Fortuner ਕਾਰ ਨੰਬਰ CH-01-AT- 3466 ਵਿੱਚ ਕਟਾਣੀ ਢਾਬਾ, ਸੈਕਟਰ-79, ਮੋਹਾਲੀ ਦੀ ਰੈਕੀ ਸ਼ੂਟਰਾਂ ਨੂੰ ਕਰਵਾਈ ਸੀ।