ਪੀਟੀਸੀ ਡੈਸਕ ਨਿਊਜ਼: ਰਮਾਦਾਨ (Ramadan 2024) ਦੇ ਪਹਿਲੇ ਦਿਨ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ (hyderabad) ‘ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਹੋਟਲ ਨੇ ਪਹਿਲੇ ਦਿਨ ਮੁਫ਼ਤ ਹਲੀਮ (ਖਾਣਾ) (Free Haleem) ਦਾ ਆਫ਼ਰ ਦੇ ਦਿੱਤਾ। ਹੋਟਲ ਵੱਲੋਂ ਆਫਰ ਦੇਣ ਦੀ ਗੱਲ ਸੀ ਕਿ ਸ਼ਾਮ ਸਮੇਂ ਤੱਕ ਹੋਟਲ ਦੇ ਬਾਹਰ ਮੁਫ਼ਤ ਖਾਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹੋਟਲ ਸਟਾਫ਼ ਨੇ ਇਸ ਭੀੜ ਨੂੰ ਕੰਟਰੋਲ ਨਹੀਂ ਕਰ ਸਕਿਆ ਅਤੇ ਪੁਲਿਸ ਸੱਦਣੀ ਪਈ, ਜਿਸ ਪਿੱਛੋਂ ਪੁਲਿਸ ਨੇ ਲਾਠੀਚਾਰਜ ਕਰਕੇ ਭੀੜ ਨੂੰ ਤਿੱਤਰ-ਬਿੱਤਰ ਕੀਤਾ।
ਹੋਟਲ ਦੇ ਬਾਹਰ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਮੁਫ਼ਤ ਦੇ ਖਾਣ (Free Food) ਦੇ ਲਾਲਚ ਵਿੱਚ ਲੋਕ ਇਕੱਠੇ ਹੋ ਗਏ ਹਨ। ਇਸ ਦੌਰਾਨ ਉਥੇ ਟ੍ਰੈਫਿਕ ਜਾਮ ਵੀ ਹੋ ਗਿਆ। ਹਾਲਾਂਕਿ ਮਾਮਲੇ ਵਿੱਚ ਪੁਲਿਸ ਨੇ ਹੋਟਲ ਮਾਲਕ ਖਿਲਾਫ਼ ਕੇਸ ਦਰਜ ਕੀਤਾ ਹੈ।
ਦਰਅਸਲ, ਰਮਜ਼ਾਨ ਦੇ ਪਹਿਲੇ ਦਿਨ ਹੋਟਲ ਮਾਲਕ ਨੇ ਮੁਫਤ ਹਲੀਮ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ PR ਟੀਮ ਨੇ ਮੁਫਤ ਹਲੀਮ ਦੀ ਮਸ਼ਹੂਰੀ ਕਰਨ ਲਈ ਕਈ ਸਥਾਨਕ ਫੂਡ ਬਲੌਗਰਾਂ ਨੂੰ ਸ਼ਾਮਲ ਕੀਤਾ, ਜਿਸ ਦਾ ਅਸਰ ਇਹ ਹੋਇਆ ਕਿ ਸੈਂਕੜੇ ਲੋਕਾਂ ਦੀ ਭੀੜ ਹੋਟਲ ਦੇ ਬਾਹਰ ਪਹੁੰਚ ਗਈ। ਕਿਉਂਕਿ ਹੋਟਲ ਪ੍ਰਬੰਧਕਾਂ ਨੂੰ ਇੰਨੀ ਭੀੜ ਦੀ ਉਮੀਦ ਨਹੀਂ ਸੀ। ਅਜਿਹੇ ‘ਚ ਉਸ ਦੇ ਹੱਥ-ਪੈਰ ਫੁੱਲ ਗਏ। ਇਸ ਦੌਰਾਨ ਭੀੜ ਕਾਫੀ ਹਫੜਾ-ਦਫੜੀ ਮਚ ਗਈ ਅਤੇ ਹੰਗਾਮਾ ਹੋ ਗਿਆ। ਉਪਰੰਤ ਪੁਲਿਸ ਨੂੰ ਆ ਕੇ ਭੀੜ ‘ਤੇ ਲਾਠੀਚਾਰਜ ਕਰਨਾ ਪਿਆ।