ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਬੈਨਰ ਹੇਠ ਇਕਜੁੱਟ ਹੋਣ ਤਾਂ ਜੋ ਵਿਕਾਸ ਦੇ ਦੌਰ ਨੂੰ ਵਾਪਸ ਲਿਆਂਦਾ ਜਾ ਸਕੇ ਅਤੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੀਆਂ ਸਰਕਾਰਾਂ ਨੇ ਪੰਜਾਬ ਨੂੰ ਵੀਹ ਸਾਲ ਪਿੱਛੇ ਧੱਕ ਦਿੱਤਾ ਹੈ।
ਪੰਜਾਬ ਬਚਾਓ ਯਾਤਰਾ ਤਹਿਤ ਨਿਹਾਲ ਸਿੰਘ ਵਾਲਾ ਤੇ ਬਾਘਾਪੁਰਾਣਾ ਵਿਚ ਹਜ਼ਾਰਾਂ ਲੋਕਾਂ ਨੇ ਸੜਕ ਦੋਵੇਂ ਪਾਸੇ ਖੜ੍ਹੇ ਹੋ ਕੇ ਅਕਾਲੀ ਦਲ ਦੇ ਪ੍ਰਧਾਨ ਦਾ ਨਿੱਘਾ ਸਵਾਗਤ ਕੀਤਾ ਤੇ ਸਨਮਾਨ ਕੀਤਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ 7 ਸਾਲਾਂ ਦੌਰਾਨ ਕਾਂਗਰਸ ਤੇ ਆਪ ਦੇ ਰਾਜ ਵਿਚ ਕੋਈ ਵਿਕਾਸ ਕਾਰਜ ਨਹੀਂ ਹੋਇਆ। ਉਹਨਾਂ ਕਿਹਾ ਕਿ ਹਰ ਪੈਮਾਨੇ ’ਤੇ ਸੂਬਾ ਹੇਠਾਂ ਗਿਆ ਹੈ ਭਾਵੇਂ ਉਹ ਵਿੱਤੀ, ਬੁਨਿਆਦੀ ਢਾਂਚੇ, ਪੇਂਡੂ ਵਿਕਾਸ, ਸ਼ਹਿਰੀ ਸਹੂਲਤਾਂ ਤੇ ਸਮਾਜ ਭਲਾਈ ਸਕੀਮਾਂ ਦਾ ਲਾਭ ਹੋਵੇ, ਸਭ ਠੱਪ ਪਏ ਹਨ।
ਬਾਦਲ ਨੇ ਕਿਹਾ ਕਿ ਸਿਰਫ ਅਕਾਲੀ ਦਲ ਹੀ ਸਰਵ ਪੱਖੀ ਵਿਕਾਸ ਕਰਵਾ ਸਕਦਾਹੈ। ਬਾਦਲ, ਜਿਹਨਾਂ ਦੇ ਨਾਲ ਬਾਘਾ ਪੁਰਾਣਾ ਵਿਚ ਸੂਬੇਦਾਰ ਬਲਦੇਵ ਸਿੰਘ ਮਾਣੂਕੇ ਤੇ ਨਿਹਾਲ ਸਿੰਘ ਵਾਲਾ ਵਿਚ ਤੀਰਥ ਸਿੰਘ ਵਾਹਲਾ ਵੀ ਸਨ, ਨੇ ਕਿਹਾ ਕਿ ਦਿੱਲੀ ਆਧਾਰਿਤ ਪਾਰਟੀਆਂ ਨੇ ਵਾਰ-ਵਾਰ ਤੁਹਾਨੂੰ ਲੁੱਟਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰਿਆਂ ’ਤੇ ਨੱਚ ਰਿਹਾ ਹੈ ਤੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਵਿਚੋਂ ਕਰੋੜਾਂ ਰੁਪਏ ਆਪ ਦਾ ਹੋਰ ਰਾਜਾਂ ਵਿਚ ਨੈਟਵਰਕ ਫੈਲਾਉਣ ’ਤੇ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਕੀਤੇ ਗਏ ਸਨ ਤੇ ਹਰ ਔਰਤ ਦਾ ਹੁਣ ਸਰਕਾਰ ਵੱਲ 24-24 ਹਜ਼ਾਰ ਰੁਪਏ ਬਕਾਇਆ ਹੋ ਗਿਆ ਹੈ। ਦੂਜੇ ਪਾਸੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਗਰੀਬਾਂ ਨੂੰ ਆਟਾ ਦਾਲ ਤੇ ਬੁਢਾਪਾ ਪੈਨਸ਼ਨ ਵਰਗੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ।
ਬਾਦਲ ਨੇ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਸੇ ਸਦਕਾ ਰਾਜ ਵਿਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਰਾਹ ਪੱਧਰਾ ਹੋਵੇਗਾ ਅਤੇ ਤੇਜ਼ ਰਫਤਾਰ ਵਿਕਾਸ ਤੇ ਖੁਸ਼ਹਾਲੀ ਦਾ ਯੁੱਗ ਆਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਇਹ ਇਤਿਹਾਸ ਰਿਹਾ ਹੈ ਕਿ ਉਸਨੇ ਥਰਮਲ ਪਲਾਂਟ, ਹਵਾਈ ਅੱਡੇ, ਚਾਹੁੰ ਮਾਰਗੀ ਸੜਕਾਂ ਵੱਡੇ ਵੱਡੇ ਪ੍ਰਾਜੈਕਟ ਹੀ ਨਹੀਂ ਲਿਆਂਦੇ ਬਲਕਿ ਆਟਾ ਦਾਲ, ਬੁਢਾਪਾ ਪੈਨਸ਼ਨ ਸ਼ਗਨਸਕੀਮ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਵੀ ਸ਼ੁਰੂ ਕੀਤੀਆਂ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਵਰਗੀ ਸਹੂਲਤ ਵੀ ਸ਼ੁਰੂ ਕੀਤੀ।
ਬਾਦਲ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਨਸ਼ਿਆਂ ਦਾ ਪਸਾਰ ਖ਼ਤਰਨਾਕ ਪੱਧਰ ਤੱਕ ਵੱਧ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਵੇਖ ਰਹੇ ਹਾਂ ਕਿ ਨਸ਼ਿਆਂ ਦੀ ਘਰ-ਘਰ ਡਲੀਵਰੀ ਹੋ ਰਹੀਹੈ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਆਪ ਦੇ ਵਿਧਾਇਕ ਨਸ਼ਾ ਤਸਕਰਾਂ ਨਾਲ ਰਲੇ ਹੋਏ ਹਨ ਅਤੇ ਉਹਨਾਂ ਤੋਂ ਮਹੀਨੇ ਲੈ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੁਲਿਸ ਨਸ਼ਾ ਤਸਕਰੀ ਦੇ ਸਰਗਨਿਆਂ ਨੂੰ ਗ੍ਰਿਫਤਾਰ ਨਹੀਂ ਕਰ ਪਾ ਰਹੀ।
ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਦਹਾਕਿਆਂ ਤੋਂ ਬਾਘਾ ਪੁਰਾਣਾ ਨਾਲ ਜੁੜੇ ਹਨ। ਇਹ ਹਲਕਾ ਉਹਨਾਂ ਦੇ ਪਾਰਲੀਮਾਨੀ ਹਲਕੇ ਫਰੀਦਕੋਟ ਦਾ ਹਿੱਸਾ ਹੁੰਦਾ ਸੀ ਤੇ ਹਰ ਵਾਰ ਲੋਕਾਂ ਨੇ ਉਹਨਾਂ ’ਤੇ ਵਿਸ਼ਵਾਸ ਪ੍ਰਗਟ ਕੀਤਾ ਸੀ। ਉਹਨਾਂ ਇਹ ਵੀ ਚੇਤੇ ਕੀਤਾ ਕਿ ਕਿਵੇਂ ਜਥੇਦਾਰ ਤੋਤਾ ਸਿੰਘ ਨੇ ਵੱਡੀਆਂ ਸ਼ਹਾਦਤਾਂ ਦਿੱਤੀਆਂ। ਇਸ ਦੌਰਾਨ ਹਲਕੇ ਦੇ ਇੰਚਾਰਜ ਤੇ ਜਥੇਦਾਰ ਸਾਹਿਬ ਦੇ ਸਪੁੱਤਰ ਸਰਦਾਰ ਬਰਜਿੰਦਰ ਸਿੰਘ ਬਰਾੜ ਅਤੇ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਲੰਘੇਕੇ ਵੀ ਪਾਰਟੀ ਪ੍ਰਧਾਨ ਦੇ ਨਾਲ ਸਨ।
ਬਾਦਲ ਨੇ ਦੋਵਾਂ ਹਲਕਿਆਂ ਦੇ ਲੋਕਾਂ ਵੱਲੋਂ ਪੰਜਾਬ ਬਚਾਓ ਯਾਤਰਾ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ’ਤੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭ੍ਰਿਸ਼ਟ ਅਤੇ ਘੁਟਾਲਿਆਂ ਭਰੀ ਤੇ ਪੰਜਾਬ ਤੇ ਪੰਜਾਬੀ ਵਿਰੋਧੀ ਆਪ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ ਹੈ ਅਤੇ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਸਾਰੀਆਂ 13 ਦੀਆਂ 13 ਸੀਟਾਂ ਜਿੱਤੇਗਾ।