Haryana News: ਮੰਗਲਵਾਰ ਨੂੰ ਹੀ ਭਾਰਤੀ ਜਨਤਾ ਪਾਰਟੀ (BJP) ਨੇ ਆਪਣੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (JJP) ਤੋਂ ਗਠਜੋੜ ਤੋੜ ਕੇ ਸੂਬੇ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਥਾਂ ਨਾਇਬ ਸਿੰਘ ਸੈਣੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਹੈ।
ਹਰਿਆਣਾ ਦੀ ਨਾਇਬ ਸਰਕਾਰ ਨੇ ਬੁੱਧਵਾਰ ਨੂੰ ਵਿਧਾਨ ਸਭਾ ਵਿੱਚ ਭਰੋਸੇ ਦੀ ਵੋਟ ਦਾ ਸਮਰਥਨ ਹਾਸਿਲ ਕਰ ਲਿਆ। ਇਸ ਪ੍ਰਸਤਾਵ ਨੂੰ ਸਦਨ ਦੇ ਅੰਦਰ ਆਵਾਜ਼ ਦੀ ਵੋਟ ਨਾਲ ਪਾਸ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਇਸ ਭਰੋਸੇ ਦੇ ਵੋਟ ਨੂੰ ਲੈ ਕੇ ਜੇਜੇਪੀ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਵ੍ਹਿਪ ਜਾਰੀ ਕਰ ਕੇ ਕਿਹਾ ਸੀ ਕਿ ਕੋਈ ਵੀ ਵਿਧਾਇਕ ਸਦਨ ’ਚ ਪੇਸ਼ ਨਾ ਹੋਵੇ। ਪਰ ਵ੍ਹਿਪ ਜਾਰੀ ਕਰਨ ਦੇ ਬਾਵਜੂਦ ਜੇਜੇਪੀ ਦੇ ਪੰਜ ਵਿਧਾਇਕ ਸਦਨ ਵਿੱਚ ਪੁੱਜੇ। ਹਾਲਾਂਕਿ ਇਹ ਪੰਜ ਵਿਧਾਇਕ ਵਿਸ਼ਵਾਸ ਮਤ ਪੇਸ਼ ਹੋਣ ਤੋਂ ਪਹਿਲਾਂ ਹੀ ਸਦਨ ਤੋਂ ਵਾਕਆਊਟ ਕਰ ਗਏ। ਇਸ ਤਰ੍ਹਾਂ ਵਿਸ਼ਵਾਸ ਮਤ ਦੌਰਾਨ ਜੇਜੇਪੀ ਦੇ ਸਾਰੇ 10 ਵਿਧਾਇਕ ਸਦਨ ਵਿੱਚ ਗੈਰਹਾਜ਼ਰ ਰਹੇ।
ਜੇਜੇਪੀ ਦੇ ਵਿਧਾਇਕ ਸਦਨ ਤੋਂ ਬਾਹਰ ਰਹੇ
ਇਸ ਦੇ ਨਾਲ ਹੀ ਵਿਸ਼ਵਾਸ ਮਤ ਦੌਰਾਨ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਵੀ ਸਦਨ ਤੋਂ ਵਾਕਆਊਟ ਕਰ ਗਏ। ਹਰਿਆਣਾ ਵਿਧਾਨ ਸਭਾ ਵਿੱਚ ਕੁੱਲ ਵਿਧਾਇਕਾਂ ਦੀ ਗਿਣਤੀ 90 ਹੈ। ਜਦਕਿ ਭਾਜਪਾ ਦੇ ਕੁੱਲ 41 ਵਿਧਾਇਕ ਹਨ। ਜਦੋਂ ਕਿ ਬਹੁਮਤ ਦਾ ਅੰਕੜਾ 46 ਹੈ। ਅਜਿਹੀ ਸਥਿਤੀ ਵਿੱਚ ਜੇਜੇਪੀ ਦੇ ਸਾਰੇ 10 ਵਿਧਾਇਕਾਂ (ਪੰਜ ਸਦਨ ਵਿੱਚ ਨਹੀਂ ਆਏ ਜਦੋਂ ਕਿ ਪੰਜ ਸਦਨ ਤੋਂ ਬਾਹਰ ਚਲੇ ਗਏ) ਅਤੇ ਇੱਕ ਆਜ਼ਾਦ ਵਿਧਾਇਕ ਦੇ ਬਾਹਰ ਹੋਣ ਨਾਲ, ਹੁਣ ਵਿਧਾਨ ਸਭਾ ਵਿੱਚ ਕੁੱਲ ਗਿਣਤੀ 79 ਹੋ ਗਈ। ਜਿਸ ਮੁਤਾਬਕ ਬਹੁਮਤ ਦਾ ਅੰਕੜਾ 40 ਹੈ। ਜਦੋਂ ਕਿ ਭਾਜਪਾ ਦੇ ਸਦਨ ਵਿੱਚ 41 ਵਿਧਾਇਕ ਹਨ।
ਦੱਸ ਦੇਈਏ ਕਿ ਨਾਇਬ ਸੈਣੀ ਨੇ ਮੰਗਲਵਾਰ ਨੂੰ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੰਗਲਵਾਰ ਸਵੇਰੇ ਮਨੋਹਰ ਲਾਲ ਖੱਟਰ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਹੀ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਨਾਇਬ ਸੈਣੀ ਨੂੰ ਅਹੁਦੇ ਦੀ ਸਹੁੰ ਚੁਕਾਈ। ਸੈਣੀ ਤੋਂ ਇਲਾਵਾ ਕੰਵਰਪਾਲ ਗੁੱਜਰ ਅਤੇ ਮੂਲਚੰਦ ਸ਼ਰਮਾ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।
ਕੰਵਰਪਾਲ ਮਨੋਹਰ ਪਾਰਟ-2 ਸਰਕਾਰ ਵਿੱਚ ਸਿੱਖਿਆ ਮੰਤਰੀ ਸਨ, ਜਦਕਿ ਮੂਲਚੰਦ ਸ਼ਰਮਾ ਪਿਛਲੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਸਨ। ਇਸ ਤੋਂ ਇਲਾਵਾ ਰਣਜੀਤ ਸਿੰਘ, ਜੈਪ੍ਰਕਾਸ਼ ਦਲਾਲ ਅਤੇ ਡਾਕਟਰ ਬਨਵਾਰੀ ਲਾਲ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਹਰਿਆਣਾ ਦੀ ‘ਨਾਇਬ ਸਰਕਾਰ’
- ਨਾਇਬ ਸੈਣੀ – ਮੁੱਖ ਮੰਤਰੀ (ਐੱਮ. ਪੀ. ਕੁਰੂਕਸ਼ੇਤਰ)
- ਕੰਵਰਪਾਲ ਗੁੱਜਰ – ਕੈਬਨਿਟ ਮੰਤਰੀ (ਛਛਰੌਲੀ ਵਿਧਾਇਕ)
- ਮੂਲਚੰਦ ਸ਼ਰਮਾ – ਕੈਬਨਿਟ ਮੰਤਰੀ (ਬੱਲਭਗੜ੍ਹ ਵਿਧਾਇਕ)
- ਰਣਜੀਤ ਸਿੰਘ – ਕੈਬਨਿਟ ਮੰਤਰੀ (ਰਾਣੀਆਂ ਵਿਧਾਇਕ)
- ਜੇਪੀ ਦਲਾਲ – ਕੈਬਨਿਟ ਮੰਤਰੀ (ਲੋਹਾੜੂ ਵਿਧਾਇਕ)
- ਡਾ: ਬਨਵਾਰੀ ਲਾਲ – ਕੈਬਨਿਟ ਮੰਤਰੀ (ਬਾਵਲ ਵਿਧਾਇਕ)