Patiala Rajindra Hospital Power Failure : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਸਿਹਤ ਸਹੂਲਤਾਂ ਅਤੇ ਬਿਜਲੀ ਸਰਪਲੱਸ ਨੂੰ ਲੈ ਕੇ ਸਮੇਂ-ਸਮੇਂ ‘ਤੇ ਕਈ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦੀ ਸ਼ਰੇਆਮ ਪੋਲ ਇੱਕ ਤਸਵੀਰ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਤਸਵੀਰ ਮਾਲਵੇ ਦੇ ਸਭ ਤੋਂ ਵੱਡੇ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਹੈ, ਜਿਥੇ ਲਗਭਗ ਢਾਈ ਘੰਟੇ ਤੱਕ ਕੱਟ ਲੱਗਿਆ, ਜਿਸ ਕਾਰਨ ਮਜ਼ਬੂਰੀਵੱਸ ਡਾਕਟਰਾਂ ਨੇ ਇੱਕ ਔਰਤ ਦੀ ਡਿਲੀਵਰੀ ਮੋਬਾਈਲ ਦੀ ਟਾਰਚ ਦੀ ਰੌਸ਼ਨੀ ਵਿੱਚ ਕੀਤੀ।
ਘਟਨਾ ਸ਼ਨੀਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ, ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋਈ। ਦੱਸਿਆ ਜਾ ਰਿਹਾ ਹੈ ਕਿ ਕੱਟ ਰਾਤ ਕਰੀਬ 8 ਵਜੇ ਦੇ ਲਗਭਗ ਲੱਗਿਆ, ਜਿਸ ਬਾਰੇ ਪੀ.ਡਬਲਯੂ.ਡੀ.ਬੀ.ਐਂਡ.ਆਰ. ਅਤੇ ਪਾਵਰਕਾਮ ਦੇ ਇਲੈਕਟ੍ਰਿਕ ਵਿੰਗ ਦੇ ਇੰਜੀਨੀਅਰਾਂ/ਕਰਮਚਾਰੀਆਂ ਨੂੰ ਕਟੌਤੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਢਾਈ ਘੰਟੇ ਦਾ ਸਮਾਂ ਲੱਗਾ।
ਬਿਜਲੀ ਜਾਣ ਪਿੱਛੋਂ ਰਾਜਿੰਦਰਾ ਹਸਪਤਾਲ ਵਿੱਚ ਪੂਰੀ ਤਰ੍ਹਾਂ ਹਨ੍ਹੇਰਾ ਛਾ ਗਿਆ, ਜਿਸ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਦੇ ਲਗਭਗ 25 ਵਾਰਡਾਂ ਵਿੱਚ ਹਨੇਰਾ ਛਾ ਗਿਆ ਸੀ। ਭਾਵੇਂ ਜਨਰੇਟਰ ਦੀ ਮਦਦ ਨਾਲ ਐਮਰਜੈਂਸੀ ਵਾਰਡ ਵਿੱਚ ਟੈਸਟਿੰਗ ਲਈ ਬਿਜਲੀ ਉਪਲਬਧ ਕਰਵਾਈ ਗਈ ਸੀ ਪਰ ਹੋਰ ਵਾਰਡਾਂ ਵਿੱਚ ਬਿਜਲੀ ਪੂਰੀ ਤਰ੍ਹਾਂ ਖ਼ਰਾਬ ਰਹੀ।
ਹਾਲਾਤ ਇੰਨੇ ਖਰਾਬ ਸਨ ਕਿ ਗਾਇਨੀਕੋਲਾਜੀ ਵਾਰਡ ‘ਚ ਡਾਕਟਰਾਂ ਨੇ ਮੋਬਾਈਲ ਟਾਰਚ ਦੀ ਮਦਦ ਨਾਲ ਜਣੇਪਾ ਕੀਤਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਿੱਥੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਅਤੇ ਰਜਿੰਦਰਾ ਹਸਪਤਾਲ ਦੇ ਵਿੱਚ ਬਿਜਲੀ ਸਹੀ ਢੰਗ ਨਾਲ ਮੁਹੱਈਆ ਕਰਾਉਣ ਦੇ ਲਈ ਪੀਐਸਪੀਸੀ.ਐਲ ਨੂੰ ਵੀ ਆਦੇਸ਼ ਦੇ ਦਿੱਤੇ ਗਏ ਹਨ। ਉੱਥੇ ਹੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਖੁਦ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਸਮੱਸਿਆ ਦੇ ਸਥਾਈ ਹੱਲ ਕਰਨ ਲਈ ਕਿਹਾ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਘੇਰੀ ਸਰਕਾਰ
ਉਧਰ, ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ, ਇਹ ਬਹੁਤ ਹੀ ਸ਼ਰਮਨਾਕ ਗੱਲ ਸਾਹਮਣੇ ਆਈ ਕਿ ਪਟਿਆਲਾ ਦੇ ਸਰਕਾਰੀ ਹਸਪਤਾਲ ‘ਚ ਮੋਬਾਈਲ ਦੀ ਲਾਈਟ ਚਲਾ ਕੇ ਇੱਕ ਮਹਿਲਾ ਦੀ ਡਿਲੀਵਰੀ ਕੀਤੀ ਗਈ, ਹੁਣ ਇਸ ਗੱਲ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇਣ ਕਿ ਕੀ ਇਹ ਹੈ ਤੁਹਾਡੀ ਸਿਹਤ ਕ੍ਰਾਂਤੀ, ਤੁਹਾਡਾ ਫੇਲ੍ਹ ਹੋਇਆ ਦਿੱਲੀ ਮਾਡਲ ?”
ਉਨ੍ਹਾਂ ਕਿਹਾ, ”ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਪੰਜਾਬ ਸਰਕਾਰ ਕੇਵਲ ਇਸ਼ਤਿਹਾਰਬਾਜੀ ਤੇ ਵਿਖਾਵੇ ਵਿੱਚ ਹੀ ਵਿਸ਼ਵਾਸ਼ ਰੱਖਦੀ ਹੈ, ਸਿਹਤ ਅਤੇ ਬਿਜਲੀ ਪ੍ਰਬੰਧਾਂ ਦਾ ਜੋ ਹਾਲ ਹੈ ਉਹ ਅੱਜ ਸਭ ਦੇ ਸਾਹਮਣੇ ਹੈ।” ਉਨ੍ਹਾਂ ਕਿਹਾ ਕਿ ਇਸਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਰੂਰ ਦੇਣਾ ਚਾਹੀਦਾ ਹੈ।
ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਲਾਈਟ ਦੇ ਕੱਟ ਨੂੰ ਲੈ ਕੇ ਐਮਐਸ ਗਿਰੀਸ਼ ਸਾਨੀ ਦਾ ਪੱਖ ਆਇਆ ਸਾਹਮਣੇ ਹੈ, ਜਿਸ ਵਿੱਚ ਉਹਨਾਂ ਨੇ ਬਿਜਲੀ ਦੇ ਕੱਟ ਨੂੰ ਲੈ ਕੇ ਸਾਰੇ ਹੀ ਵੀਡੀਓ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਅਜਿਹਾ ਕੁਝ ਵੀ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸਾਰੇ ਹੀ ਜਨਰੇਟਰ ਚਲਦੇ ਨੇ ਤੇ ਬਿਜਲੀ ਦੀ ਕੋਈ ਸਮੱਸਿਆ ਨਹੀਂ ਹੈ। ਬਿਜਲੀ ਵਿਭਾਗ ਦੇ ਵੱਲੋਂ ਗ੍ਰੇਡ ਦੇ ਵਿੱਚ ਸਮੱਸਿਆ ਆਣ ਕਾਰਨ ਬੱਤੀ ਗੁਲ ਹੋਈ ਸੀ। ਰਜਿੰਦਰਾ ਹਸਪਤਾਲ ਦੇ ਜੱਚਾ ਬੱਚਾ ਵਾਰਡ ਦੇ ਫੋਟੋ ਉੱਪਰ ਐਮਐਸ ਨੇ ਕੁਝ ਨਹੀਂ ਕਿਹਾ।
– ACTION PUNJAB NEWS