Morinda Triple Murder Case : ਅਦਾਲਤ ਨੇ ਮੋਰਿੰਡਾ ਵਿੱਚ ਹੋਏ ਤੀਹਰੇ ਕਤਲ ਦੇ ਮੁਲਜ਼ਮ ਆਲਮ ਨੂੰ 70 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮੁਲਜ਼ਮ ਨੇ ਆਪਣੀ ਪਤਨੀ, ਭਰਜਾਈ ਅਤੇ ਪਤਨੀ ਦੇ ਭਤੀਜੇ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ ਸੀ। ਵਾਰਡ ਨੰਬਰ 1 ਸ਼ੂਗਰ ਮਿੱਲ ਰੋਡ ਮੋਰਿੰਡਾ ਦੇ ਵਸਨੀਕ ਆਲਮ (28) ਨੂੰ ਆਪਣੀ ਪਤਨੀ, ਭਰਜਾਈ ਅਤੇ ਪਤਨੀ ਦੇ ਭਤੀਜੇ ਦਾ ਕਤਲ ਕਰਨ ਅਤੇ ਇੱਕ ਹੋਰ ਭਤੀਜੇ ਨੂੰ ਜ਼ਖ਼ਮੀ ਕਰਨ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਕੁੱਲ 70 ਸਾਲ ਦੀ ਸੁਣਾਈ ਸਜ਼ਾ
ਦੋਸ਼ੀ ਨੂੰ ਕੁੱਲ 70 ਸਾਲ ਦੀ ਸਜ਼ਾ ਕੱਟਣੀ ਪਵੇਗੀ। 3 ਜੂਨ 2020 ਦੀ ਰਾਤ ਨੂੰ ਆਲਮ ਨੇ ਆਪਣੀ ਪਤਨੀ ਕਾਜਲ, ਭਰਜਾਈ ਜਸਪ੍ਰੀਤ ਕੌਰ ਅਤੇ ਉਸ ਦੇ ਬੇਟੇ ਸਾਹਿਲ ਦਾ ਕੁਹਾੜੀ ਨਾਲ ਉਸ ਸਮੇਂ ਕਤਲ ਕਰ ਦਿੱਤਾ ਜਦੋਂ ਉਹ ਸੁੱਤੇ ਪਏ ਸਨ ਅਤੇ ਆਪਣੀ ਭਰਜਾਈ ਦੇ ਦੂਜੇ ਲੜਕੇ ਬੌਬੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਮੋਰਿੰਡਾ ਵਿੱਚ ਆਪਣੀ ਪਤਨੀ ਦੇ ਜੱਦੀ ਘਰ ਵਿੱਚ ਰਹਿ ਰਿਹਾ ਸੀ।
ਅਦਾਲਤ ਨੇ ਦੋਸ਼ੀ ਕਰਾਰ ਦਿੱਤਾ
ਵਕੀਲ ਰਮੇਸ਼ ਕੁਮਾਰੀ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਆਲਮ ਨੂੰ ਆਈਪੀਸੀ ਦੀ ਧਾਰਾ 302 ਤਹਿਤ ਕਤਲ ਅਤੇ ਧਾਰਾ 307 ਤਹਿਤ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਇਸ ਕੇਸ ਵਿੱਚ ਆਈਪੀਸੀ ਦੀ ਧਾਰਾ 57 ਦੀ ਵਰਤੋਂ ਕੀਤੀ, ਜਿਸ ਵਿੱਚ 20 ਸਾਲ ਤੋਂ ਉਮਰ ਕੈਦ ਦੀ ਸਜ਼ਾ ਦਾ ਪ੍ਰਬੰਧ ਹੈ। ਇਸ ਧਾਰਾ ਦੇ ਆਧਾਰ ‘ਤੇ, ਆਲਮ ਨੂੰ 60 ਸਾਲ, ਭਾਵ ਆਈਪੀਸੀ ਦੀ ਧਾਰਾ 302 (ਤਿੰਨ ਅਪਰਾਧਾਂ ਲਈ) ਦੇ ਤਹਿਤ 20-20 ਸਾਲ ਅਤੇ ਧਾਰਾ 307 ਦੇ ਅਧੀਨ ਅਪਰਾਧ ਲਈ 10 ਹੋਰ ਸਾਲ ਦੀ ਸਜ਼ਾ ਭੁਗਤਣੀ ਹੋਵੇਗੀ।
ਕੁਹਾੜੀ ਨਾਲ ਕੀਤੇ ਸਨ ਕਤਲ
ਦੱਸ ਦਈਏ ਕਿ ਮੁਲਜ਼ਮ ਨਕੋਦਰ ਦਾ ਰਹਿਣ ਵਾਲਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਉਸਨੂੰ ਕੋਵਿਡ ਪੀਰੀਅਡ ਦੌਰਾਨ ਆਪਣੀ ਪਤਨੀ ਉੱਤੇ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਸੀ। ਜਦੋਂ ਉਸ ਨੇ ਆਪਣੀ ਪਤਨੀ ‘ਤੇ ਕੁਹਾੜੀ ਨਾਲ ਹਮਲਾ ਕੀਤਾ ਤਾਂ ਉਸ ਦਾ 9 ਮਹੀਨਿਆਂ ਦਾ ਬੇਟਾ ਉਸ ਦੇ ਕੋਲ ਹੀ ਸੁੱਤਾ ਪਿਆ ਸੀ। ਮੁਲਜ਼ਮ ਨੇ ਉਸਨੂੰ ਨੁਕਸਾਨ ਨਹੀਂ ਪਹੁੰਚਾਇਆ। ਘਟਨਾ ਤੋਂ ਬਾਅਦ ਮੁਲਜ਼ਮ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ।
ਇਹ ਵੀ ਪੜ੍ਹੋ: US Elections 2024 : ਬਾਈਡਨ ਦੀ ਹਾਂ ਤੋਂ ਬਾਅਦ ਵੀ ਕਮਲਾ ਹੈਰਿਸ ਦੇ ਨਾਂ ‘ਤੇ ਕੋਈ ਅੰਤਿਮ ਮੋਹਰ ਨਹੀਂ ! ਕਿਉਂ ਸਮਰਥਨ ਨਹੀਂ ਦੇ ਰਹੇ ਓਬਾਮਾ ?
– ACTION PUNJAB NEWS