ਅਬੋਹਰ ਦੇ ਮਲੋਟ ਬਾਈਪਾਸ ਰੋਡ ‘ਤੇ ਦੇਰ ਰਾਤ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ‘ਚ ਫ਼ੌਜ ਦੇ ਦੋ ਜਵਾਨਾਂ ਸਮੇਤ ਕੁੱਲ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੋਂ ਇੱਕ ਔਰਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਜੰਮੂ ‘ਚ ਤਾਇਨਾਤ ਆਰਮੀ ਦੇ ਰਾਈਫਲਮੈਨ ਮਨੀਸ਼ ਪੁੱਤਰ ਵਿਜੇ ਕੁਮਾਰ ਅਤੇ ਸ਼ਗੁਨ ਰਾਣਾ ਪੁੱਤਰ ਕਰਨਜੀਤ ਬੀਤੀ ਰਾਤ ਜੰਮੂ ਤੋਂ ਸੂਰਤਗੜ੍ਹ ਆ ਰਹੇ ਸਨ ਕਿ ਜਦੋਂ ਉਹ ਅਬੋਹਰ ਦੇ ਮਲੋਟ ਰੋਡ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਅਬੋਹਰ ਤੋਂ ਮਲੋਟ ਵੱਲ ਜਾ ਰਹੀ ਇਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਨੋਂ ਫੌਜੀ ਜਵਾਨ ਅਤੇ ਦੂਜੀ ਕਾਰ ਵਿੱਚ ਸਵਾਰ ਮੋਹਨ ਪੁੱਤਰ ਮੰਗਤ ਸਿੰਘ ਵਾਸੀ ਸ਼ਸ਼ੀ ਰਾਣੀ ਅਤੇ ਸਤੀਸ਼ ਕੁਮਾਰ ਵਾਸੀ ਪੰਜਪੀਰ ਨਗਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਆਸ-ਪਾਸ ਦੇ ਲੋਕਾਂ ਨੇ ਇਸ ਦੀ ਸੂਚਨਾ ਐਸਐਸਐਫ ਦੀ ਟੀਮ ਨੂੰ ਦਿੱਤੀ, ਜਿਸ ’ਤੇ ਟੀਮ ਦੇ ਮੈਂਬਰ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਔਰਤ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਉੱਚ ਕੇਂਦਰ ਰੈਫਰ ਕਰ ਦਿੱਤਾ।
ਐਸਐਸਐਫ ਟੀਮ ਦੇ ਏਐਸਆਈ ਗੁਰਚਰਨ ਅਤੇ ਮਹਿੰਦਰਾ ਨੇ ਦੱਸਿਆ ਕਿ ਮਲੋਟ ਵੱਲ ਜਾ ਰਹੀ ਕਾਰ ਗਲਤ ਸਾਈਡ ਤੋਂ ਜਾ ਰਹੀ ਸੀ, ਜਿਸ ਨੇ ਫੌਜ ਦੇ ਜਵਾਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਘਟਨਾ ਸਬੰਧੀ ਥਾਣਾ ਸਦਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
– ACTION PUNJAB NEWS