MSP on crops: ਕੇਂਦਰੀ ਮੰਤਰੀ ਮੰਡਲ ਨੇ ਸਾਉਣੀ ਸੀਜ਼ਨ ਦੀਆਂ 14 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਸਬੰਧੀ ਕੇਂਦਰੀ ਮੰਤਰੀ ਮੰਡਲ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਝੋਨਾ, ਰਾਗੀ, ਬਾਜਰਾ, ਜਵਾਰ, ਮੱਕੀ ਅਤੇ ਕਪਾਹ ਸਮੇਤ 14 ਸਾਉਣੀ ਸੀਜ਼ਨ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (MSP) ਨੂੰ ਮਨਜ਼ੂਰੀ ਦੇ ਦਿੱਤੀ ਹੈ।
ਝੋਨੇ ਦਾ ਨਵਾਂ ਘੱਟੋ-ਘੱਟ ਸਮਰਥਨ ਮੁੱਲ 2300 ਰੁਪਏ
ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਅੱਜ ਕੈਬਨਿਟ ਵਿੱਚ ਕਿਸਾਨਾਂ ਦੀ ਭਲਾਈ ਲਈ ਇੱਕ ਬਹੁਤ ਹੀ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ, ਉਨ੍ਹਾਂ ਕਿਹਾ ਕਿ ਝੋਨੇ ਦਾ ਨਵਾਂ ਘੱਟੋ-ਘੱਟ ਸਮਰਥਨ ਮੁੱਲ 2300 ਰੁਪਏ ਕੀਤਾ ਗਿਆ ਹੈ, ਜੋ ਕਿ ਪਿਛਲੇ ਘੱਟੋ-ਘੱਟ ਸਮਰਥਨ ਮੁੱਲ ਨਾਲੋਂ 117 ਰੁਪਏ ਵੱਧ ਹੈ। ਇਸੇ ਤਰ੍ਹਾਂ ਕਪਾਹ ਦਾ ਨਵਾਂ ਘੱਟੋ-ਘੱਟ ਸਮਰਥਨ ਮੁੱਲ 7,121 ਰੁਪਏ ਅਤੇ ਇੱਕ ਹੋਰ ਕਿਸਮ ਲਈ 7,521 ਰੁਪਏ ਮਨਜ਼ੂਰ ਕੀਤਾ ਗਿਆ ਹੈ, ਜੋ ਕਿ ਪਿਛਲੇ ਘੱਟੋ-ਘੱਟ ਸਮਰਥਨ ਮੁੱਲ ਨਾਲੋਂ 501 ਰੁਪਏ ਵੱਧ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਅੱਜ ਦੇ ਫੈਸਲੇ ਨਾਲ, ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਵਜੋਂ ਲਗਭਗ 2 ਲੱਖ ਕਰੋੜ ਰੁਪਏ ਮਿਲਣਗੇ। ਇਹ ਪਿਛਲੇ ਸੀਜ਼ਨ ਨਾਲੋਂ 35,000 ਕਰੋੜ ਰੁਪਏ ਵੱਧ ਹੈ।
ਫਸਲਾਂ ਦੀ ਸੂਚੀ ਅਤੇ ਇਹਨਾਂ ਦਾ MSP ਹੇਠ ਲਿਖੇ ਅਨੁਸਾਰ
- ਝੋਨੇ ਦੀ MSP ਵਿੱਚ 117 ਰੁਪਏ ਦਾ ਵਾਧਾ, ਨਵਾਂ ਰੇਟ 2,300 ਰੁਪਏ ਪ੍ਰਤੀ ਕੁਇੰਟਲ
- ਜਵਾਰ ਲਈ ਨਵਾਂ MSP 3,371 ਰੁਪਏ ਪ੍ਰਤੀ ਕੁਇੰਟਲ, 191 ਰੁਪਏ ਦਾ ਵਾਧਾ
- ਰਾਗੀ ਲਈ ਨਵਾਂ ਰੇਟ 4,290 ਰੁਪਏ ਪ੍ਰਤੀ ਕੁਇੰਟਲ, 444 ਰੁਪਏ ਦਾ ਵਾਧਾ
- ਬਾਜਰੇ ਲਈ ਨਵਾਂ MSP 2,625 ਰੁਪਏ ਪ੍ਰਤੀ ਕੁਇੰਟਲ, 125 ਰੁਪਏ ਦਾ ਵਾਧਾ
- ਮੱਕੀ ਲਈ ਨਵਾਂ ਘੱਟੋ-ਘੱਟ ਸਮਰਥਨ ਮੁੱਲ 2,225 ਰੁਪਏ ਪ੍ਰਤੀ ਕੁਇੰਟਲ, 135 ਰੁਪਏ ਦਾ ਵਾਧਾ
- ਮੂੰਗੀ ਲਈ ਨਵਾਂ MSP 8,682 ਰੁਪਏ ਪ੍ਰਤੀ ਕੁਇੰਟਲ, 124 ਰੁਪਏ ਦਾ ਵਾਧਾ
- ਅਰਹਰ ਲਈ ਨਵਾਂ MSP 7,550 ਰੁਪਏ ਪ੍ਰਤੀ ਕੁਇੰਟਲ, 550 ਰੁਪਏ ਦਾ ਵਾਧਾ
- ਉੜਦ ਲਈ ਨਵਾਂ ਘੱਟੋ-ਘੱਟ ਸਮਰਥਨ ਮੁੱਲ 7,400 ਰੁਪਏ ਪ੍ਰਤੀ ਕੁਇੰਟਲ, 450 ਰੁਪਏ ਦਾ ਵਾਧਾ
- ਤਿਲ ਲਈ ਨਵਾਂ MSP 9,267 ਰੁਪਏ ਪ੍ਰਤੀ ਕੁਇੰਟਲ, 632 ਰੁਪਏ ਦਾ ਵਾਧਾ
- ਮੂੰਗਫਲੀ ਲਈ ਨਵਾਂ ਘੱਟੋ-ਘੱਟ ਸਮਰਥਨ ਮੁੱਲ 6,783 ਰੁਪਏ ਪ੍ਰਤੀ ਕੁਇੰਟਲ, 406 ਰੁਪਏ ਦਾ ਵਾਧਾ
- ਸਰੋਂ ਲਈ ਨਵਾਂ ਐਮਐਸਪੀ 8,717 ਰੁਪਏ ਪ੍ਰਤੀ ਕੁਇੰਟਲ, 983 ਰੁਪਏ ਦਾ ਵਾਧਾ
- ਸੂਰਜਮੁਖੀ ਲਈ ਨਵਾਂ ਘੱਟੋ-ਘੱਟ ਸਮਰਥਨ ਮੁੱਲ 7,280 ਰੁਪਏ ਪ੍ਰਤੀ ਕੁਇੰਟਲ, 520 ਰੁਪਏ ਦਾ ਵਾਧਾ
- ਸੋਇਆਬੀਨ ਲਈ ਨਵਾਂ ਘੱਟੋ-ਘੱਟ ਸਮਰਥਨ ਮੁੱਲ 4,892 ਰੁਪਏ ਪ੍ਰਤੀ ਕੁਇੰਟਲ, 292 ਰੁਪਏ ਦਾ ਵਾਧਾ
ਇਹ ਵੀ ਪੜ੍ਹੋ: ਪੰਜਾਬ ਦੇ ਲੋਕਾਂ ਲਈ ਖੁਸ਼ਖਬਰੀ, ਭਲਕੇ ਬੱਸਾਂ ਦੇ ਚੱਕਾ ਜਾਮ ਦਾ ਪ੍ਰੋਗਰਾਮ ਰੱਦ, ਜਾਣੋ ਕੀ ਬਣੀ ਸਹਿਮਤੀ
– ACTION PUNJAB NEWS