ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikramjit Singh Majithia) ਨੇ ਸ਼ਨੀਵਾਰ ਉਨ੍ਹਾਂ ਖਿਲਾਫ NDPS ਕੇਸ ਦੀ ਜਾਂਚ ਕਰ ਰਹੀ ਐਸ.ਆਈ.ਟੀ ਨੂੰ ਦੱਸਿਆ ਕਿ ਉਹ ਜਾਂਚ ਏਜੰਸੀ ਅੱਗੇ ਪੇਸ਼ ਨਹੀਂ ਹੋ ਸਕਣਗੇ, ਕਿਉਂਕਿ ਉਹ ਉਨ੍ਹਾਂ ਖਿਲਾਫ ਸੁਪਰੀਮ ਕੋਰਟ ਵਿੱਚ ਉਨ੍ਹਾਂ ਦੀ ਰੈਗੂਲਰ ਜ਼ਮਾਨਤ ਰੱਦ ਕਰਵਾਉਣ ਲਈ ਦਾਇਰ ਵਿਸ਼ੇਸ਼ ਲੀਵ ਪਟੀਸ਼ਨ (SLP) ਦੇ ਮਾਮਲੇ ਵਿਚ ਵਕੀਲਾਂ ਦੀ ਸਹਾਇਤਾ ਲਈ ਦਿੱਲੀ ਪਹੁੰਚੇ ਹੋਏ ਹਨ। ਇਸ ਸਬੰਧ ਵਿਚ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਵਕੀਲ ਦਮਨਬੀਰ ਸਿੰਘ ਸੋਬਤੀ ਰਾਹੀਂ SIT ਨੂੰ ਸੂਚਨਾ ਭੇਜੀ ਗਈ ਹੈ।
ਸੂਚਨਾ ਵਿੱਚ ਦੱਸਿਆ ਗਿਆ ਕਿ ਐਸ.ਆਈ.ਟੀ. ਇਸ ਗੱਲ ਤੋਂ ਜਾਣੂ ਸੀ ਕਿ ਸੁਪਰੀਮ ਕੋਰਟ ਵਿਚ ਸੁਣਵਾਈ ਹੋਣੀ ਹੈ ਤੇ ਉਹ ਮਜੀਠੀਆ ਨੂੰ ਕਾਨੂੰਨ ਮੁਤਾਬਕ ਮਿਲੀ ਚਾਰਾਜੋਈ ਕਰਨ ਤੋਂ ਰੋਕਣ ਵਾਸਤੇ ਆਪਣੀਆਂ ਤਾਕਤਾਂ ਦੀ ਜਾਣ-ਬੁਝ ਕੇ ਦੁਰਵਰਤੋਂ ਕਰ ਰਹੀ ਹੈ। ਇਸ ਵਿੱਚ ਕਿਹਾ ਗਿਆ ਕਿ ਅਕਾਲੀ ਆਗੂ ਉਨ੍ਹਾਂ ਖਿਲਾਫ ਦਰਜ ਐਨਡੀਪੀਐਸ ਕੇਸ ਵਿੱਚ ਹੁਣ ਤੱਕ ਬਣਾਈਆਂ ਸਾਰੀਆਂ ਜਾਂਚ ਟੀਮਾਂ (ਐਸਆਈਟੀ) ਅੱਗੇ ਪੇਸ਼ ਹੁੰਦੇ ਰਹੇ ਹਨ ਅਤੇ ਹੁਣ ਅੱਜ ਉਨ੍ਹਾਂ ਦੀ ਐਸਆਈਟੀ ਅੱਗੇ ਪੇਸ਼ੀ ਇਸ ਵਾਸਤੇ ਰੱਖੀ ਗਈ ਸੀ ਤਾਂ ਜੋ ਉਹਨਾਂ ਦੇ ਕਾਨੂੰਨ ਤੱਕ ਪਹੁੰਚ ਦੇ ਅਧਿਕਾਰ ਨੂੰ ਤਾਰਪੀਡੋ ਕੀਤਾ ਜਾ ਸਕੇ।
ਇਸ ਵਿਚ ਕਿਹਾ ਗਿਆ ਕਿ ਮੁੱਖ ਮੰਤਰੀ ਦੇ ਕੰਟਰੋਲ ਹੇਠਲੀ ਐਸਆਈਟੀ ਤੋਂ ਕਿਸੇ ਨਿਰਪੱਖ ਜਾਂਚ ਦੀ ਆਸ ਨਹੀਂ ਰੱਖੀ ਜਾ ਸਕਦੀ। ਇਹ ਵੀ ਕਿਹਾ ਗਿਆ ਕਿ ਸਰਦਾਰ ਮਜੀਠੀਆ ਖਿਲਾਫ ਸਹਿਯੋਗ ਨਾ ਦੇਣ ਦੀ ਝੂਠੀ ਦਲੀਲ ਤਿਆਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਐਸ ਆਈ ਟੀ ਦੇ ਚੇਅਰਮੈਨ ਨੇ ਆਪ ਕਿਹਾ ਹੈ ਕਿ ਸਰਦਾਰ ਮਜੀਠੀਆ ਦੇ ਸਹਿਯੋਗ ਨਾ ਦੇਣ ਦੀ ਗੱਲ ਰੱਖੀ ਜਾਵੇਗੀ।
ਇਸ ਵਿਚ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਆਗੂ ਆਪਣੇ ਵਕੀਲਾਂ ਦੇ ਸਹਿਯੋਗ ਲਈ ਦਿੱਲੀ ਵਿਚ ਬਣਦੇ ਹੱਕ ਨਾਲ ਗਏ ਹਨ ਤੇ ਇਸੇ ਕਾਰਣ ਉਹ ਅੱਜ ਐਸਆਈਟੀ ਅੱਗੇ ਪੇਸ਼ ਨਹੀਂ ਹੋ ਸਕੇ।
– ACTION PUNJAB NEWS