ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੰਗਲਵਾਰ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਵਰਗਾਂ ਲਈ ਸਰਕਾਰ ਵੱਲੋਂ ਸਕੀਮਾਂ ਦਾ ਜਿਥੇ ਐਲਾਨ ਕੀਤਾ ਗਿਆ। ਕਈ ਟੈਕਸ ਲਾਏ ਗਏ ਅਤੇ ਕਈ ਚੀਜ਼ਾਂ ਸਸਤੀਆਂ ਵੀ ਕੀਤੀਆਂ ਹਨ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਕਈ ਤੋਹਫੇ ਦਿੱਤੇ ਹਨ। ਪਰੰਤੂ ਵਿੱਤ ਮੰਤਰੀ ਵੱਲੋਂ ਪੰਜਾਬ ਅਤੇ ਕਿਸਾਨਾਂ ਲਈ ਕੋਈ ਵੀ ਐਲਾਨ ਨਹੀਂ ਕੀਤਾ ਗਿਆ। ਪੰਜਾਬ ਨੂੰ ਇਸ ਵਾਰ ਵੀ ਬਜਟ ਵਿਚੋਂ ਖਾਲੀ ਹੱਥ ਰਹਿਣਾ ਪਿਆ ਹੈ। ਵਿੱਤ ਮੰਤਰੀ ਨੇ ਬਿਹਾਰ ਲਈ ਨਵੇਂ ਹਵਾਈ ਅੱਡਿਆਂ, ਮੈਡੀਕਲ ਸਹੂਲਤਾਂ ਅਤੇ ਖੇਡ ਬੁਨਿਆਦੀ ਢਾਂਚੇ ਦਾ ਐਲਾਨ ਕੀਤਾ, ਪਰ ਪੰਜਾਬ ਨੂੰ ਸਪੈਸ਼ਲ ਪੈਕੇਜ ਦੀ ਮੰਗ ‘ਤੇ ਕੁਝ ਨਹੀਂ ਮਿਲਿਆ।
ਹੜ੍ਹ ਪੀੜਤ ਰਾਜਾਂ ਲਈ ਐਲਾਨ, ਪੰਜਾਬ ਨਹੀਂ ਦਿੱਤਾ ਵਿਖਾਈ
ਵਿੱਤ ਮੰਤਰੀ ਵੱਲੋਂ ਬਜਟ ‘ਚ ਹੜ੍ਹ ਪ੍ਰਭਾਵਿਤ ਰਾਜਾਂ ਲਈ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ। ਅਸਾਮ ਤੇ ਹਿਮਾਚਲ ਪ੍ਰਦੇਸ਼ ਨੂੰ ਹੜ੍ਹ ਪ੍ਰਬੰਧਨ ਲਈ ਮਦਦ ਭਰੋਸਾ ਦਿੱਤਾ ਗਿਆ ਹੈ। ਇਸਤੋਂ ਇਲਾਵਾ ਸਿੱਕਮ ਤੇ ਉਤਰਾਖੰਡ ਨੂੰ ਵੀ ਵਿੱਤੀ ਸਹਾਇਤਾ ਪੈਕੇਜ ਦੇਣ ਲਈ ਕਿਹਾ ਗਿਆ। ਵਿੱਤ ਮੰਤਰੀ ਨੇ ਕਿਹਾ ਕਿ ਕਿਉਂਕਿ ਬਿਹਾਰ ਹਰ ਸਾਲ ਹੜ੍ਹਾਂ ਦਾ ਸ਼ਿਕਾਰ ਹੁੰਦਾ ਹੈ, ਇਸਦੇ ਲਈ ਨੇਪਾਲ ਵਿੱਚ ਇੱਕ ਡੈਮ ਬਣਾਉਣਾ ਹੋਵੇਗਾ। ਕੇਂਦਰ ਸਰਕਾਰ ਇਸ ਲਈ 11500 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ। ਪਰ ਇਸ ਵਿੱਚ ਪੰਜਾਬ ਕਿਤੇ ਵੀ ਵਿਖਾਈ ਨਹੀਂ ਦਿੱਤਾ। ਵਿੱਤ ਮੰਤਰੀ ਨੂੰ ਇਸ ਦੌਰਾਨ ਇਨ੍ਹਾਂ ਰਾਜਾਂ ਦੇ ਹੜ੍ਹ ਹੀ ਵਿਖਾਈ ਦਿੱਤੇ, ਪਰ ਪੰਜਾਬ ਵਿੱਚ ਹਰ ਸਾਲ ਮੀਂਹ ਕਾਰਨ ਸਤਲੁਜ ਤੇ ਰਾਵੀ ਵੱਲੋਂ ਮਚਾਈ ਜਾਂਦੀ ਤਬਾਹੀ ਵੱਲ ਕੋਈ ਗੌਰ ਨਹੀਂ ਕੀਤਾ।
ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਬਚਾਓ ਬਜਟ ਦਿੱਤਾ ਕਰਾਰ
ਮੋਦੀ ਸਰਕਾਰ ਦੇ ਬਜਟ ‘ਚ ਪੰਜਾਬ ਲਈ ਕੋਈ ਐਲਾਨ ਨਾ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਵੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ- ਇਹ ਬਜਟ ‘ਸਰਕਾਰ ਬਚਾਓ’ ਬਜਟ ਹੈ, ਕਿਉਂਕਿ NDA ਗਠਜੋੜ ਤੋਂ ਅਕਾਲੀ ਦਲ ਦੇ ਬਾਹਰ ਹੋਣ ਮਗਰੋਂ ਲਗਾਤਾਰ 6ਵੇਂ ਬਜਟ ’ਚ ਪੰਜਾਬ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ BJP ’ਚ ਸ਼ਾਮਲ ਹੋਣ ਵਾਲਿਆਂ ਨੂੰ ਹੁਣ ਜਵਾਬ ਦੇਣਾ ਚਾਹੀਦਾ ਹੈ। ਕਿ ਸੂਬੇ ਨੂੰ ਕੇਂਦਰ ਦੇ ਹੱਥੋਂ ਭੇਦਭਾਵ ਦਾ ਸਾਹਮਣਾ ਕਿਉਂ ਕਰਨਾ ਪੈ ਰਿਹਾ ?
ਇਸਤੋਂ ਇਲਾਵਾ ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ਼ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕੀਤਾ। ਬਜਟ ਭਾਸ਼ਣ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਬਿਹਾਰ ਲਈ ਟੋਕਰਾ ਭਰ ਕੇ ਕੀਤੇ ਐਲਾਨ
ਦੱਸ ਦਈਏ ਕਿ ਨਿਰਮਲਾ ਸੀਤਾਰਮਨ ਨੇ ਬਿਹਾਰ ਵਿੱਚ ਕਈ ਐਕਸਪ੍ਰੈਸਵੇਅ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ 26000 ਕਰੋੜ ਰੁਪਏ ਦੀ ਲਾਗਤ ਨਾਲ ਪਟਨਾ-ਪੂਰਨੀਆ ਐਕਸਪ੍ਰੈਸਵੇਅ, ਬਕਸਰ-ਭਾਗਲਪੁਰ ਐਕਸਪ੍ਰੈਸਵੇਅ, ਬੋਧਗਯਾ ਰਾਜਗੀਰ, ਵੈਸ਼ਾਲੀ-ਦਰਭੰਗਾ ਐਕਸਪ੍ਰੈਸਵੇਅ ਅਤੇ ਬੋਧਗਯਾ ਵਿੱਚ 2 ਲੇਨ ਪੁਲ ਦਾ ਨਿਰਮਾਣ ਕੀਤਾ ਜਾਵੇਗਾ। ਬਜਟ ਵਿੱਚ ਬਿਹਾਰ ਵਰਗੇ ਪੂਰਬੀ ਰਾਜਾਂ ਵਿੱਚ ਪੂਰਵੋਦਿਆ ਯੋਜਨਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੰਮ੍ਰਿਤਸਰ-ਕੋਲਕਾਤਾ ਕੋਰੀਡੋਰ ਲਈ ਗਯਾ ਵਿੱਚ ਮੁੱਖ ਦਫ਼ਤਰ ਬਣਾਇਆ ਜਾਵੇਗਾ।
ਬਜਟ ਭਾਸ਼ਣ ਦੌਰਾਨ ਵਿੱਤ ਮੰਤਰੀ ਨੇ ਬਿਹਾਰ ਨੂੰ ਵਿਸ਼ੇਸ਼ ਤੋਹਫਾ ਦਿੰਦੇ ਹੋਏ ਕਿਹਾ ਕਿ ਵਿਸ਼ਨੂੰਪਦ ਮੰਦਿਰ ਕੋਰੀਡੋਰ, ਮਹਾਬੋਧੀ ਮੰਦਿਰ ਕੋਰੀਡੋਰ ਕਾਸ਼ੀ ਮੰਦਿਰ ਦੀ ਤਰ੍ਹਾਂ ਬਣਾਇਆ ਜਾਵੇਗਾ। ਇੱਥੇ ਵਿਸ਼ਵ ਪੱਧਰੀ ਸੈਰ ਸਪਾਟਾ ਸਥਾਨ ਬਣਾਇਆ ਜਾਵੇਗਾ। ਰਾਜਗੀਰ ਮੰਦਰ ਦਾ ਵੀ ਵਿਕਾਸ ਕੀਤਾ ਜਾਵੇਗਾ। ਗਰਮ ਪਾਣੀ ਦੇ ਛੱਪੜ ਦਾ ਸੁੰਦਰੀਕਰਨ ਕੀਤਾ ਜਾਵੇਗਾ। ਨਾਲੰਦਾ ਦਾ ਵੀ ਵਿਕਾਸ ਹੋਵੇਗਾ।
– ACTION PUNJAB NEWS