Paris Olympics 2024 : ਪੈਰਿਸ ਓਲੰਪਿਕ 2024 ‘ਚ ਭਾਰਤ ਦੇ ਨੌਜਵਾਨ ਖਿਡਾਰੀਆਂ ਦਾ ਉਤਸ਼ਾਹ ਦੇਖਣ ਨੂੰ ਮਿਲੇਗਾ। 117 ਖਿਡਾਰੀਆਂ ਭਾਰਤੀ ਟੀਮ ‘ਚ 70 ਖਿਡਾਰੀ ਪਹਿਲੀ ਵਾਰ ਓਲੰਪਿਕ ‘ਚ ਹਿੱਸਾ ਲੈਣ ਜਾ ਰਹੇ ਹਨ। ਜਿਨ੍ਹਾਂ ‘ਚ 29 ਮਹਿਲਾ ਖਿਡਾਰਨਾਂ ਸ਼ਾਮਲ ਹਨ। ਮੁੱਕੇਬਾਜ਼ ਨਿਖਤ ਜ਼ਰੀਨ, ਪਹਿਲਵਾਨ ਅਨੰਤ ਪੰਘਾਲ, ਰਿਤਿਕਾ, ਅਥਲੀਟ ਜੋਤੀ ਯਾਰਾਜੀ, ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ, ਰਮਿਤਾ, ਰਿਦਮ ਸਾਂਗਵਾਨ ਅਜਿਹੀਆਂ ਧੀਆਂ ਹਨ ਜੋ ਪਹਿਲੀ ਵਾਰ ਖੇਡਦਿਆਂ ਦੇਸ਼ ਲਈ ਓਲੰਪਿਕ ਤਮਗਾ ਜਿੱਤਣ ਦੀ ਸਮਰੱਥਾ ਰੱਖਦੀਆਂ ਹਨ। ਨਾਲ ਹੀ ਪਹਿਲਵਾਨ ਅਮਨ ਸਹਿਰਾਵਤ, ਜੈਵਲਿਨ ਥਰੋਅਰ ਕਿਸ਼ੋਰ ਜੇਨਾ, ਨਿਸ਼ਾਨੇਬਾਜ਼ ਬੀ ਧੀਰਜ, ਮੁੱਕੇਬਾਜ਼ ਨਿਸ਼ਾਂਤ ਦੇਵ, ਨਿਸ਼ਾਨੇਬਾਜ਼ ਸਰਬਜੋਤ ਸਿੰਘ, ਸੰਦੀਪ ਸਿੰਘ, ਅਰਜੁਨ ਬਬੂਟਾ, ਅਰਜੁਨ ਚੀਮਾ, ਅਨੀਸ਼ ‘ਚ ਵੀ ਪਹਿਲੀ ਵਾਰ ਓਲੰਪਿਕ ਖੇਡਦਿਆਂ ਕੁਝ ਹਾਸਲ ਕਰਨ ਦੀ ਸਮਰੱਥਾ ਰੱਖਦੇ ਹਨ।
47 ਖਿਡਾਰੀਆਂ ਕੋਲ ਓਲੰਪਿਕ ਖੇਡਣ ਦਾ ਹੈ ਤਜਰਬਾ
117 ਖਿਡਾਰੀਆਂ ਦੀ ਟੀਮ ‘ਚੋਂ 47 ਖਿਡਾਰੀ ਅਜਿਹੇ ਹਨ, ਜਿਨ੍ਹਾਂ ਕੋਲ ਇੱਕ ਜਾਂ ਇੱਕ ਤੋਂ ਵੱਧ ਓਲੰਪਿਕ ਖੇਡਣ ਦਾ ਤਜਰਬਾ ਹੈ। ਇਨ੍ਹਾਂ ‘ਚ ਪੁਰਸ਼ ਹਾਕੀ ਟੀਮ ਸਮੇਤ ਪੰਜ ਤਗ਼ਮੇ ਜੇਤੂ ਖਿਡਾਰੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਭਾਰਤ ਨੇ ਟੋਕੀਓ ਓਲੰਪਿਕ ‘ਚ ਇੱਕ ਸੋਨ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਜਿੱਤੇ ਸਨ। ਇਨ੍ਹਾਂ ‘ਚ ਸੋਨ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਚਾਂਦੀ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ, ਕਾਂਸੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਲਵਲੀਨਾ, ਸ਼ਟਲਰ ਪੀਵੀ ਸਿੰਧੂ ਸ਼ਾਮਲ ਹਨ ਅਤੇ ਪੁਰਸ਼ ਹਾਕੀ ਟੀਮ ਇੱਕ ਵਾਰ ਫਿਰ ਤਗ਼ਮੇ ਲਈ ਸਖ਼ਤ ਕੋਸ਼ਿਸ਼ ਕਰੇਗੀ।
ਝੰਡਾਬਰਦਾਰ 42 ਸਾਲਾ ਸ਼ਰਤ ਦਾ ਪੰਜਵਾਂ ਓਲੰਪਿਕ
ਭਾਰਤੀ ਟੀਮ ‘ਚ ਤਜ਼ਰਬੇ ਦੀ ਕੋਈ ਕਮੀ ਨਹੀਂ ਹੈ। ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਆਪਣੀ ਪੰਜਵੀਂ ਓਲੰਪਿਕ ਖੇਡਣ ਜਾ ਰਹੀ ਹੈ। ਉਹ ਉਦਘਾਟਨ ਸਮਾਰੋਹ ‘ਚ ਭਾਰਤੀ ਦਲ ਦੇ ਝੰਡਾਬਰਦਾਰ ਵੀ ਹੋਣਗੇ। ਤੀਰਅੰਦਾਜ਼ ਤਰੁਣਦੀਪ ਰਾਏ, ਦੀਪਿਕਾ ਕੁਮਾਰੀ, ਹਾਕੀ ਖਿਡਾਰੀ ਪੀਆਰ ਸ਼੍ਰੀਜੇਸ਼ ਅਤੇ ਮਨਪ੍ਰੀਤ ਸਿੰਘ ਲਈ ਇਹ ਚੌਥੀ ਓਲੰਪਿਕ ਹੋਵੇਗੀ।
44 ਸਾਲਾ ਬੋਪੰਨਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ, ਦਿਨੀਧੀ 14 ਸਾਲ ਦੀ ਉਮਰ ਦਾ ਹੈ ਖਿਡਾਰੀ
ਭਾਰਤੀ ਟੀਮ ‘ਚ ਸਭ ਤੋਂ ਵੱਡੀ ਉਮਰ ਦਾ ਖਿਡਾਰੀ 44 ਸਾਲਾ ਰੋਹਨ ਬੋਪੰਨਾ ਹੋਵੇਗਾ, ਜਦਕਿ ਸਭ ਤੋਂ ਛੋਟੀ ਉਮਰ ਦਾ ਖਿਡਾਰੀ 14 ਸਾਲਾ ਤੈਰਾਕ ਦੀਨਿਧੀ ਦੇਸਿੰਘੂ ਹੋਵੇਗਾ। ਦਸ ਦਈਏ ਕਿ ਦਿਨਿਧੀ ਓਲੰਪਿਕ ਖੇਡਣ ਵਾਲੀ ਦੂਜੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਹੈ। ਇਸ ਤੋਂ ਪਹਿਲਾਂ 11 ਸਾਲ ਦੀ ਉਮਰ ‘ਚ ਤੈਰਾਕ ਆਰਤੀ ਸਾਹਾ ਨੇ 1952 ਦੇ ਓਲੰਪਿਕ ‘ਚ ਹਿੱਸਾ ਲਿਆ ਸੀ। ਟੀਮ ‘ਚ ਤਿੰਨ ਖਿਡਾਰੀ ਬੋਪੰਨਾ, ਸ਼ਰਤ ਕਮਲ ਅਤੇ ਤਰੁਣਦੀਪ ਰਾਏ ਅਜਿਹੇ ਹਨ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੈ। ਟਰੈਪ ਸ਼ੂਟਰ ਪ੍ਰਿਥਵੀਰਾਜ ਟੋਂਡੇਮਨ (37), ਹਾਕੀ ਗੋਲਕੀਪਰ ਪੀਆਰ ਸ਼੍ਰੀਜੇਸ਼ (36), ਗੋਲਫਰ ਗਗਨਜੀਤ ਭੁੱਲਰ (36), ਅਥਲੀਟ ਐਮਆਰ ਪੂਵੰਮਾ (34), ਸ਼ਟਲਰ ਅਸ਼ਵਨੀ ਪੋਨੱਪਾ (34), ਸ਼ਟਲਰ ਐਚਐਸ ਪ੍ਰਣਯ (32) ਹੋਰ ਬਜ਼ੁਰਗ ਖਿਡਾਰੀ ਹਨ।
ਹਾਕੀ ਟੀਮ ‘ਚ 12 ਓਲੰਪੀਅਨ
ਪੈਰਿਸ ਲਈ ਮੁੱਖ ਹਾਕੀ ਟੀਮ ‘ਚ 16 ਖਿਡਾਰੀ ਚੁਣੇ ਗਏ ਹਨ ਅਤੇ ਤਿੰਨ ਖਿਡਾਰੀਆਂ ਨੂੰ ਰਿਜ਼ਰਵ ਵਜੋਂ ਚੁਣਿਆ ਗਿਆ ਹੈ। ਜਿਨ੍ਹਾਂ ‘ਚ ਟੋਕੀਓ ਓਲੰਪਿਕ ‘ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ 12 ਖਿਡਾਰੀ ਹਨ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 27 ਜੁਲਾਈ ਨੂੰ ਨਿਊਜ਼ੀਲੈਂਡ ਖ਼ਿਲਾਫ਼ ਮੈਚ ਨਾਲ ਕਰੇਗਾ। ਇਸ ਤੋਂ ਬਾਅਦ ਟੀਮ 29 ਜੁਲਾਈ ਨੂੰ ਅਰਜਨਟੀਨਾ ਨਾਲ ਭਿੜੇਗੀ। ਫਿਰ ਅਗਲੇ ਦਿਨ ਭਾਰਤ ਦਾ ਸਾਹਮਣਾ ਆਇਰਲੈਂਡ ਨਾਲ ਅਤੇ 1 ਅਗਸਤ ਨੂੰ ਮੌਜੂਦਾ ਚੈਂਪੀਅਨ ਬੈਲਜੀਅਮ ਨਾਲ ਹੋਵੇਗਾ। ਭਾਰਤ ਨੇ 2 ਅਗਸਤ ਨੂੰ ਟੋਕੀਓ ਓਲੰਪਿਕ ਦੇ ਸੋਨ ਤਗ਼ਮਾ ਜੇਤੂ ਆਸਟਰੇਲੀਆ ਨਾਲ ਖੇਡਣਾ ਹੈ।
ਇਹ ਵੀ ਪੜ੍ਹੋ: Gold and Silver : ਬਜਟ 2024 ‘ਚ ਸੋਨੇ-ਚਾਂਦੀ ‘ਤੇ ਵੱਡਾ ਐਲਾਨ, ਸੋਨਾ ਹੋਇਆ 3700 ਰੁਪਏ ਸਸਤਾ
– ACTION PUNJAB NEWS