Union Budget 2024: ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਐਨਡੀਏ ਸਰਕਾਰ ਲਗਾਤਾਰ ਤੀਜੀ ਵਾਰ ਬਣੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਗੱਦੀ ਸੰਭਾਲੀ ਹੈ। ਇਸ ਗਠਜੋੜ ਵਿੱਚ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂਨਾਈਟਿਡ) ਅਤੇ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਪ੍ਰਮੁੱਖ ਪਾਰਟੀਆਂ ਬਣ ਕੇ ਉਭਰੀ। ਮੋਦੀ 3.0 ਸਰਕਾਰ ਦੇ ਪਹਿਲੇ ਬਜਟ ਵਿੱਚ ਸਰਕਾਰ ਨੇ ਬਿਹਾਰ ਅਤੇ ਆਂਧਰਾ ਪ੍ਰਦੇਸ਼ ਲਈ ਕਈ ਹਜ਼ਾਰ ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ ਹੈ।
ਸੰਸਦ ‘ਚ ਬਜਟ ਪੇਸ਼ ਕਰਦੇ ਹੋਏ ਨਿਰਮਲਾ ਸੀਤਾਰਮਨ ਨੇ ਬਿਹਾਰ ਲਈ 26 ਹਜ਼ਾਰ ਕਰੋੜ ਅਤੇ ਆਂਧਰਾ ਪ੍ਰਦੇਸ਼ ਲਈ 15 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਆਂਧਰਾ ਪ੍ਰਦੇਸ਼ ਲਈ ਘੋਸ਼ਣਾ ਕਰਦੇ ਹੋਏ, ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਕੇਂਦਰ ਦੀ ਐਨਡੀਏ ਸਰਕਾਰ ਪੋਲਾਵਰਮ ਸਿੰਚਾਈ ਪ੍ਰੋਜੈਕਟ ਨੂੰ ਫੰਡ ਦੇਣ ਅਤੇ ਜਲਦੀ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜੋ ਆਂਧਰਾ ਪ੍ਰਦੇਸ਼ ਅਤੇ ਇਸਦੇ ਕਿਸਾਨਾਂ ਲਈ ਜੀਵਨ ਰੇਖਾ ਮੰਨੀ ਜਾਂਦੀ ਹੈ।
ਉਨ੍ਹਾਂ ਕਿਹਾ, ‘ਸਾਡੀ ਸਰਕਾਰ ਨੇ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ਵਿੱਚ ਕੀਤੇ ਵਾਅਦੇ ਪੂਰੇ ਕਰਨ ਲਈ ਠੋਸ ਯਤਨ ਕੀਤੇ ਹਨ। ਅਸੀਂ ਸੂਬੇ ਦੀ ਰਾਜਧਾਨੀ ਦੀ ਲੋੜ ਨੂੰ ਸਮਝ ਰਹੇ ਹਾਂ। ਅਸੀਂ ਬਹੁਪੱਖੀ ਵਿਕਾਸ ਏਜੰਸੀਆਂ ਰਾਹੀਂ ਵਿਸ਼ੇਸ਼ ਵਿੱਤੀ ਸਹਾਇਤਾ ਦੀ ਸਹੂਲਤ ਦੇਵਾਂਗੇ। ਚਾਲੂ ਵਿੱਤੀ ਸਾਲ ਵਿੱਚ 15,000 ਕਰੋੜ ਰੁਪਏ ਦਾ ਉਪਬੰਧ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਾਲਾਂ ਵਿੱਚ ਵਾਧੂ ਰਾਸ਼ੀ ਦਿੱਤੀ ਜਾਵੇਗੀ।
ਵਿੱਤ ਮੰਤਰੀ ਸੀਤਾਰਮਨ ਨੇ ਅੱਗੇ ਕਿਹਾ ਕਿ ਆਂਧਰਾ ਪ੍ਰਦੇਸ਼ ਪੁਨਰਗਠਨ ਕਾਨੂੰਨ ਦੇ ਤਹਿਤ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪਾਣੀ, ਬਿਜਲੀ, ਰੇਲਵੇ ਅਤੇ ਸੜਕਾਂ ਵਰਗੇ ਜ਼ਰੂਰੀ ਬੁਨਿਆਦੀ ਢਾਂਚੇ ਅਤੇ ਰਾਇਲਸੀਮਾ, ਪ੍ਰਕਾਸ਼ਮ ਅਤੇ ਉੱਤਰੀ ਤੱਟਵਰਤੀ ਆਂਧਰਾ ਪ੍ਰਦੇਸ਼ ਲਈ ਫੰਡ ਉਪਲਬਧ ਕਰਵਾਏ ਜਾਣਗੇ। ਪਛੜੇ ਖੇਤਰਾਂ ਲਈ ਵੀ ਗ੍ਰਾਂਟਾਂ ਦਿੱਤੀਆਂ ਜਾਣਗੀਆਂ।
ਬਿਹਾਰ ਵਿੱਚ ਵੱਖ-ਵੱਖ ਸੜਕੀ ਪ੍ਰਾਜੈਕਟਾਂ ਲਈ 26 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਬਹੁਪੱਖੀ ਵਿਕਾਸ ਏਜੰਸੀਆਂ ਦੀ ਸਹਾਇਤਾ ਰਾਹੀਂ ਬਿਹਾਰ ਨੂੰ ਵਿੱਤੀ ਸਹਾਇਤਾ ਦਾ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਬਿਹਾਰ ਵਿੱਚ ਹਵਾਈ ਅੱਡਾ, ਮੈਡੀਕਲ ਕਾਲਜ ਅਤੇ ਖੇਡਾਂ ਨਾਲ ਸਬੰਧਤ ਬੁਨਿਆਦੀ ਢਾਂਚਾ ਵੀ ਸਥਾਪਿਤ ਕਰੇਗੀ। ਕੇਂਦਰ ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਸਰਵਪੱਖੀ ਵਿਕਾਸ ਲਈ ਪੂਰਵੋਦਿਆ ਯੋਜਨਾ ਵੀ ਲਿਆਏਗਾ।
ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਸਰਕਾਰ ਪੂਰਬੀ ਖੇਤਰ ਵਿੱਚ ਵਿਕਾਸ ਲਈ ਉਦਯੋਗਿਕ ਗਲਿਆਰੇ ਦਾ ਸਮਰਥਨ ਕਰੇਗੀ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਸਾਲ ਇਕ ਲੱਖ ਵਿਦਿਆਰਥੀਆਂ ਨੂੰ ਸਿੱਧੇ ਈ-ਵਾਉਚਰ ਮੁਹੱਈਆ ਕਰਵਾਏਗੀ, ਜਿਸ ਵਿਚ ਕਰਜ਼ੇ ਦੀ ਰਕਮ ‘ਤੇ ਤਿੰਨ ਫੀਸਦੀ ਵਿਆਜ ਸਬਸਿਡੀ ਵੀ ਸ਼ਾਮਲ ਹੋਵੇਗੀ।
– ACTION PUNJAB NEWS