Ropar News : ਪੰਜਾਬ ਦੀ ਰੋਪੜ ਜੇਲ੍ਹ ਸੁਰਖੀਆਂ ‘ਚ ਹੈ। ਜੇਲ੍ਹ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਨੌਜਵਾਨ ਚਰਨਪ੍ਰੀਤ ਸਿੰਘ ਐਨਡੀਪੀਐਸ ਮਾਮਲੇ ‘ਚ ਜੇਲ੍ਹ 14 ਮਹੀਨਿਆਂ ਤੋਂ ਬੰਦ ਸੀ।
ਚਰਨਪ੍ਰੀਤ ਸਿੰਘ ਦੀ ਮੌਤ ਪਿੱਛੋਂ ਜੇਲ੍ਹ ਵਿੱਚ ਹਵਾਲਾਤੀਆਂ ਤੇ ਕੈਦੀਆਂ ਵੱਲੋਂ ਭੁੱਖ ਹੜਤਾਲ ਕੀਤੇ ਜਾਣ ਦੀ ਸੂਚਨਾ ਵੀ ਹੈ। ਮੌਤ ਬਾਰੇ ਪਤਾ ਲੱਗਣ ‘ਤੇ ਚਰਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਇਸ ਮੌਕੇ ਪੁਲਿਸ ਪ੍ਰਸ਼ਾਸਨ ‘ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ, ਜਿਸ ਕਾਰਨ ਨੌਜਵਾਨ ਦੀ ਮੌਤ ਹੋਣ ਬਾਰੇ ਕਿਹਾ ਜਾ ਰਿਹਾ ਹੈ।
ਮ੍ਰਿਤਕ ਹਵਾਲਾਤੀ ਦੇ ਭਤੀਜੇ ਅਵਿਨਾਸ਼ ਨੇ ਜੇਲ੍ਹ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜੇਲ੍ਹ ਵਿੱਚ ਅਕਸਰ ਹੀ ਜੇਲ੍ਹ ਕਰਮਚਾਰੀਆਂ ਵੱਲੋਂ ਕੁੱਟਮਾਰ ਕੀਤੀ ਜਾਂਦੀ ਰਹਿੰਦੀ ਹੈ। ਉਸ ਨੇ ਜੇਲ੍ਹ ‘ਚ ਹੀ ਮੋਬਾਈਲ ਵੇਚਣ ਤੇ ਨਸ਼ਾ ਵੇਚਣ ਦੇ ਦੋਸ਼ ਵੀ ਲਾਏ।
ਮੌਕੇ ‘ਤੇ ਹੰਗਾਮਾ ਹੋਣ ‘ਤੇ ਵੱਡੀ ਗਿਣਤੀ ਜੇਲ੍ਹ ਪ੍ਰਸ਼ਾਸਨਿਕ ਅਧਿਕਾਰੀ ਵੀ ਪੁੱਜੇ। ਡੀਸੀ ਤੇ ਐਸਐਸਪੀ ਵੀ ਮੌਕੇ ‘ਤੇ ਮੌਜੂਦ ਸਨ। ਮੈਜਿਸਟ੍ਰੇਟ ਜਸਪ੍ਰੀਤ ਸਿੰਘ ਨੇ ਮੌਕੇ ‘ਤੇ ਜਾਂਚ ਆਪਣੇ ਹੱਥ ਵੱਚ ਲੈ ਲਈ ਹੈ।
ਉਧਰ, ਦੂਜੇ ਪਾਸੇ ਪੁਲਿਸ ਅਧਿਕਾਰੀ ਲਛਮਣ ਸਿੰਘ ਨੇ ਕਿਹਾ ਕਿ ਚਰਨਪ੍ਰੀਤ ਸਿੰਘ ਐਨਡੀਪੀਐਸ ਐਕਟ ਤਹਿਤ ਹਵਾਲਾਤੀ ਸੀ, ਜਿਸ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੇ ਦੱਸਣ ਅਨੁਸਾਰ ਚਰਨਪ੍ਰੀਤ ਸਿੰਘ ਨੂੰ ਅਟੈਕ ਹੋਇਆ, ਜਿਸ ਦੌਰਾਨ ਹਸਪਤਾਲ ਲਿਆਉਂਦੇ ਸਮੇਂ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਕਾਰਵਾਈ ਹੈ, ਉਹ ਮੈਜਿਸਟ੍ਰੇਟ ਜਸਪ੍ਰੀਤ ਸਿੰਘ ਕਰ ਰਹੇ ਹਨ ਅਤੇ ਜੋ ਉਨ੍ਹਾਂ ਦੀ ਰਿਪੋਰਟ ਹੋਵੇਗੀ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।
– ACTION PUNJAB NEWS