ਪੰਜਾਬੀ ਗਾਇਕ ਕਰਨ ਔਜਲਾ ਵੱਲੋਂ ਜਿਸ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਦੀ ਕਰਜ਼ੇ ਨੂੰ ਲੈ ਕੇ 9 ਲੱਖ ਰੁਪਏ ਦੀ ਮਦਦ ਕੀਤੀ ਗਈ ਸੀ, ਬੁੱਧਵਾਰ ਖਿਡਾਰੀ ਤਰੁਣ ਕੁਮਾਰ ਵੱਲੋਂ ਪੰਜਾਬ ਸਰਕਾਰ ‘ਤੇ ਵਾਅਦਾਖਿਲਾਫ਼ੀ ਨੂੰ ਲੈ ਕੇ ਭੜਾਸ ਕੱਢੀ ਗਈ। ਲੁਧਿਆਣਾ ਡਿਪਟੀ ਕਮਿਸ਼ਨਰ ਦੇ ਬਾਹਰ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰੁਣ ਸ਼ਰਮਾ ਨੇ ਬੂਟ ਪਾਲਿਸ਼ ਕਰਕੇ ਅਨੋਖੇ ਢੰਗ ਨਾਲ ਪ੍ਰਦਰਸ਼ਨ ਕਰਕੇ ਰੋਸ ਪ੍ਰਗਟਾਇਆ।
ਖੰਨਾ ਦੇ ਰਹਿਣ ਵਾਲੇ ਤਰੁਣ ਸ਼ਰਮਾ ਨਾਲ ਇਸ ਮੌਕੇ ਸਮਾਜ ਸੇਵੀ ਸੰਸਥਾ ਦੇ ਆਗੂ ਗੌਰਵ ਸੱਚਾ ਯਾਦਵ ਵੀ ਨਾਲ ਪਹੁੰਚੇ ਸਨ। ਉਨ੍ਹਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਤਰੁਣ ਕੁਮਾਰ ਦੀ ਮਦਦ ਦੀ ਗੁਹਾਰ ਲਾਈ। ਖਿਡਾਰੀ ਨੇ ਕਿਹਾ, ”ਮੈਂ ਕੋਈ ਭੀਖ ਨਹੀਂ ਮੰਗ ਰਿਹਾ, ਆਪਣਾ ਹੱਕ ਮੰਗ ਰਿਹਾ ਹਾਂ, ਮੈਂ 27 ਸਾਲ ਇਸ ਖੇਡ ‘ਤੇ ਲਾ ਦਿੱਤੇ, ਪੰਜਾਬ ‘ਤੇ ਲਗਾ ਦਿੱਤੇ ਹਨ। ਮੈਨੂੰ ਚਪੜਾਸੀ ਵੀ ਰੱਖ ਲਿਆ ਜਾਵੇ ਤਾਂ ਵੀ ਲਗ ਜਾਵਾਂਗਾ, ਮੈਂ ਉਸ ਵਿੱਚ ਵੀ ਖੁਸ਼ ਹਾਂ। ਕਿਉਂਕਿ ਮੇਰੇ ਘਰ ਦੇ ਹਾਲਾਤ ਇੰਨੇ ਮਾੜੇ ਹਨ ਕਿ ਕਈ ਵਾਰ ਇੱਕ ਟਾਇਮ ਦੀ ਰੋਟੀ ਵੀ ਮੁਸ਼ਕਿਲ ਨਾਲ ਬਣਦੀ ਹੈ।
ਪੰਜਾਬ ਸਰਕਾਰ ਵੱਲੋਂ ਸਹਾਇਤਾ ਦਿੱਤੇ ਜਾਣ ਬਾਰੇ ਤਰੁਣ ਨੇ ਕਿਹਾ ਕਿ ਅੱਜ ਮੈਨੂੰ 2 ਮਹੀਨੇ ਹੋ ਗਏ ਹਨ, ਸੜਕ ‘ਤੇ ਉਤਰਿਆਂ, ਅੱਜ ਹਲਕੇ ਦੇ ‘ਆਪ’ ਵਿਧਾਇਕ ਨੇ 11000 ਰੁਪਏ ਦੀ ਮਦਦ ਜ਼ਰੂਰ ਦਿੱਤੀ ਹੈ ਅਤੇ ਭਰੋਸਾ ਦਿੱਤਾ ਕਿ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕਰਵਾਂਗੇ, ਪਰ ਉਸ ਤੋਂ ਬਾਅਦ…।
ਉਸ ਨੇ ਕਿਹਾ ਕਿ ਇਹ ਸਾਰੇ ਮੈਡਲ ਉਸ ਨੇ ਆਪਣੇ ਖਰਚੇ ‘ਤੇ ਜਿੱਤੇ ਹਨ, ਉਹ 12 ਲੱਖ ਰੁਪਏ ਦਾ ਕਰਜ਼ਾ ਲੈ ਕੇ ਖੇਡਿਆ ਅਤੇ ਪੰਜਾਬ ਲਈ ਤਮਗੇ ਜਿੱਤੇ। ਉਸ ਨੇ ਕਿਹਾ ਕਿ ਇਹ ਪੰਜਾਬੀ ਗਾਇਕ ਕਰਨ ਔਜਲਾ ਨੇ ਜ਼ਰੂਰ ਉਸ ਦੀ ਸਹਾਇਤਾ ਕੀਤੀ ਅਤੇ 9 ਲੱਖ ਰੁਪਏ ਦਾ ਕਰਜ਼ਾ ਉਤਾਰਿਆ, ਜਦਕਿ ਬਾਕੀ ਕਰਜ਼ਾ ਐਨਆਰਆਈ ਅਤੇ ਪੰਜਾਬੀਆਂ ਨੇ ਮਿਲ ਕੇ ਉਤਾਰ ਦਿੱਤਾ ਹੈ।
ਖਿਡਾਰੀ ਨੇ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਆਖਿਆ ਕਿ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਉਸਦੇ ਨਾਲ ਪ੍ਰਦਰਸ਼ਨ ਦੇ ਵਿੱਚ ਖੜਦੇ ਸੀ, ਅਤੇ ਉਸ ਨੂੰ ਭਰੋਸਾ ਦਿੰਦੇ ਸੀ ਕਿ ਜਦੋਂ ਉਨ੍ਹਾਂ ਉਹਨਾਂ ਦੀ ਸਰਕਾਰ ਬਣੇਗੀ ਤਾਂ ਉਸ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ, ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰ ਅੱਜ ਪੰਜਾਬ ਦੇ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਇਸ ਦੇ ਬਾਵਜੂਦ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ।
ਤਰੁਣ ਸ਼ਰਮਾ ਨੇ ਨਿਰਾਸ਼ ਹੁੰਦਿਆਂ ਕਿਹਾ ਕਿ ਭਾਵੇਂ ਉਸ ਨੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਿਆ, ਪਰ ਸਰਕਾਰ ਵੱਲੋਂ ਬਾਂਹ ਨਾ ਫੜੇ ਜਾਣ ਕਾਰਨ ਖੰਨਾ ਦੇ ਵਿੱਚ ਸਬਜ਼ੀ ਵੇਚਣ ਦਾ ਕੰਮ ਕਰ ਰਿਹਾ ਹਾਂ। ਉਸ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਕੀਤੀ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਆਰਥਿਕ ਮਦਦ ਦਿੱਤੀ ਜਾਵੇ।
– ACTION PUNJAB NEWS