Sri Akal Takht Sahib: ਸਿੱਖ ਧਰਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਇੱਕ ਸਿਧਾਂਤ ਅਤੇ ਇੱਕ ਸੰਕਲਪ ਦੇ ਰੂਪ ਵਿੱਚ ਹੋਈ ਹੈ । ਸ਼੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਸਮਝਣ ਤੋਂ ਪਹਿਲਾਂ ਅਕਾਲ ਪੁਰਖ ਦੇ ਸਰੂਪ, ਉਸਦੀ ਸ਼ਕਤੀ ਅਤੇ ਉਸਦੀ ਰਚਨਾ ਨੂੰ ਧਿਆਨ ਵਿੱਚ ਰੱਖਣਾ ਬਹੁਤ ਜਰੂਰੀ ਹੈ। ਅਕਾਲ ਪੁਰਖ ਇੱਕ ਨਿਰਲੇਪ, ਨਿਰਾਕਾਰ, ਨਿਰਭਉ ਤੇ ਨਿਰਵੈਰ ਸਰਬ ਵਿਆਪੀ ਸਰਵਕਾਲੀ ਹਸਤੀ ਹੈ। ਗੁਰੂ ਸਾਹਿਬ ਦਾ ਸਮੇਂ ਭਾਰਤ ਵਰਸ਼ ਵਿੱਚ ਸੱਚ ਧਰਮ ਤੇ ਨਿਆ ਨਾਂ ਦੀ ਕੋਈ ਚੀਜ਼ ਨਹੀਂ ਸੀ। ਜਬਰ, ਜ਼ੁਲਮ ਅਤੇ ਜ਼ੋਰ ਦਾ ਰਾਜ ਸੀ।
ਗੁਰੂ ਅਰਜਨ ਸਾਹਿਬ ਜੀ ਵਰਗੇ ਸ਼ਾਂਤੀ ਦੇ ਪੁੰਜ, ਇੱਕ ਸਰਬ ਸਾਂਝੇ ਧਰਮ ਦੇ ਰਹਿਬਰ ਅਤੇ ਜਗਤ ਜਲੰਦੇ ਦਾ ਭਲਾ ਮੰਗਣ ਵਾਲੇ ਪਰਉਪਕਾਰੀ ਮਹਾਂਪੁਰਖ ਨੂੰ ਬਿਨਾਂ ਕਿਸੇ ਦੋਸ਼ ਦੇ, ਬਿਨਾਂ ਕਿਸੇ ਸੁਣਵਾਈ ਦੇ ਲਾਹੌਰ ਵਿੱਚ ਅਨਮਨੁਖੀ ਕਸ਼ਟ ਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਅਜਿਹੇ ਅੰਧਕਾਰ ਭਰੇ ਰਾਜ ਵਿੱਚ ਆਮ ਮਨੁੱਖ ਨੂੰ ਇਨਸਾਫ ਕਿਵੇਂ ਮਿਲ ਸਕਦਾ ਸੀ । ਗੁਰੂ ਸਾਹਿਬ ਤੇ ਸਧਾਰਨ ਮਨੁੱਖ ਵਿੱਚ ਅੰਤਰ ਇਹ ਸੀ ਕਿ ਗੁਰੂ ਸਾਹਿਬ ਅਕਾਲ ਪੁਰਖ ਦੇ ਤਖਤ ਨਾਲ ਜੁੜੇ ਹੋਏ ਸਨ। ਉਹ ਜੋ ਵੀ ਕਰਦੇ ਸਨ ਅਕਾਲ ਪੁਰਖ ਦੇ ਹੁਕਮ ਅਤੇ ਉਸਦੀ ਰਜਾ ਵਿੱਚ ਰਹਿ ਕੇ ਕਰਦੇ ਸਨ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਉਸਦਾ ਭਾਣਾ ਮਿੱਠਾ ਕਰਕੇ ਮੰਨਦੇ ਹੋਏ ਸ਼ਾਂਤ ਅਤੇ ਅਡੋਲ ਰਹਿੰਦਿਆਂ ਆਪਣਾ ਆਪ ਕੁਰਬਾਨ ਕਰ ਦਿੱਤਾ।
ਸਮਾਂ ਆਇਆ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬੈਠਦੇ ਸਮੇਂ ਪੁਰਾਤਨ ਰੀਤਾਂ ਦੀ ਥਾਂ ਤਲਵਾਰਾਂ ਧਾਰਨ ਕੀਤੀਆਂ। ਉਹਨਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ।
ਗੁਰੂ ਜੀ ਨੇ ਜ਼ੁਲਮ ਅਤੇ ਰਾਜ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਸ਼ਸਤਰ ਵਿਦਿਆ ਦੇਨੀ ਆਰੰਭ ਕਰ ਦਿੱਤੀ। ਸ਼ਬਦ ਦੀ ਪ੍ਰੀਤੀ ਤਾਂ ਸਿੱਖਾਂ ਵਿੱਚ ਪਹਿਲਾਂ ਹੀ ਕਾਇਮ ਹੋ ਚੁੱਕੀ ਸੀ ਹੁਣ ਸ਼ਸਤਰ ਦੀ ਰੀਤ ਵੀ ਸਿੱਖੀ ਦਾ ਅੰਗ ਬਣ ਗਈ ਸੀ। ਗੁਰੂ ਜੀ ਨੇ ਸ਼ਸਤਰ ਸ਼ਕਤੀ ਇਕੱਤਰ ਕਰਨ ਦੇ ਨਾਲ ਨਾਲ ਗੁਰੂ ਘਰ ਵਿੱਚ ਹੀ ਨਿਆ ਪ੍ਰਣਾਲੀ ਕਾਇਮ ਕਰ ਦਿੱਤੀ ਸੀ। ਸਿੱਖਾਂ ਨੂੰ ਮੁਗਲ ਰਾਜ ਦੀ ਸਰਕਾਰ, ਅਹਿਲਕਾਰ ਅਤੇ ਅਦਾਲਤਾਂ ਤੋਂ ਸੱਚ ਹੱਕ ਦੀ ਕੋਈ ਆਸ ਬਾਕੀ ਨਹੀਂ ਸੀ।
ਗੁਰੂ ਜੀ ਦੇ ਦਰਬਾਰ ਵਿੱਚ ਗੁਰਮਤਿ ਵਿਚਾਰਧਾਰਾ, ਸੰਗਤ ਦੀ ਆਵਾਜ਼, ਮਨੁੱਖਤਾ ਦੀ ਜਮੀਰ, ਧਰਮ ਨਿਆ ਦੇ ਅਨੁਸਾਰ ਸਿੱਖਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਫੈਸਲੇ ਹੋਣ ਲੱਗ ਗਏ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਦਿੱਲੀ ਦੇ ਤਖਤ ਦੇ ਮੁਕਾਬਲੇ ਹਰ ਪੱਖੋਂ ਉੱਚਾ ਸੁੱਚਾ ਤੇ ਸਦਾ ਕਾਇਮ ਰਹਿਣ ਵਾਲਾ ਅਕਾਲ ਦਾ ਤਖਤ ਸਿਰਜ ਕੇ ਦੁਨੀਆਂ ਅੰਦਰ ਇੱਕ ਅਜਬ ਅਤੇ ਵਿਲੱਖਣ ਕਾਰਜ ਕੀਤਾ।
ਤਖਤ ਫਾਰਸੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਅਰਥ ਹੈ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਨ। ਸਿੱਖ ਪਰੰਪਰਾ ਵਿੱਚ ਤਖਤ ਸੱਤਾ ਦੀ ਚੌਂਕੀ ਦਾ ਪ੍ਰਤੀਕ ਹੈ। ਜਿਸ ਵਿੱਚ ਰੂਹਾਨੀ ਅਤੇ ਦੁਨਿਆਵੀ ਪੱਖ ਦੋਵੇਂ ਸ਼ਾਮਿਲ ਹਨ। ਸਿੱਖ ਪੰਥ ਵਿੱਚ ਪੰਜ ਤਖਤਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਉੱਚਤਾ ਦਾ ਦਰਜਾ ਦਿੱਤਾ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਧੇਰੇ ਮਹੱਤਤਾ ਰੱਖਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਖਾਲਸਾ ਜੀ ਦੀ ਸ਼ਾਨ ਅਤੇ ਪ੍ਰਭੂ ਸੱਤਾ ਦਾ ਪ੍ਰਤੀਕ ਰਿਹਾ ਹੈ। ਸਮੁੱਚੀ ਸਿੱਖ ਕੌਮ ਨਾਲ ਜੁੜੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੀ ਵਿਚਾਰੇ ਜਾਂਦੇ ਹਨ। ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਗੁਰਮੱਤਿਆ ਦੇ ਰੂਪ ਵਿੱਚ ਲਏ ਗਏ ਫੈਸਲੇ ਸਾਰੇ ਸਿੱਖ ਕੌਮ ਉੱਪਰ ਲਾਗੂ ਕੀਤੇ ਜਾਂਦੇ ਹਨ।
ਆਮ ਤੌਰ ਤੇ ਸਰਬੱਤ ਖਾਲਸੇ ਦਾ ਬੁਲਾਵਾ ਸ੍ਰੀ ਅਕਾਲ ਤਖਤ ਸਾਹਿਬ ਉਤੋਂ ਹੀ ਜਾਰੀ ਕੀਤਾ ਜਾਂਦਾ ਹੈ। ਬਾਕੀ ਦੇ ਚਾਰ ਤਖਤਾਂ ਉੱਪਰ ਸੰਬੰਧਿਤ ਇਲਾਕੇ ਦੇ ਸਿੱਖਾਂ ਨਾਲ ਜੁੜੇ ਮਸਲਿਆਂ ਉੱਪਰ ਹੀ ਵਿਚਾਰ ਕੀਤੀ ਜਾਂਦੀ ਹੈ ਅਤੇ ਫੈਸਲੇ ਲਏ ਜਾਂਦੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਧਾਰਮਿਕ ਉੱਚਤਾ ਦਾ ਮੁੱਢਲਾ ਤਖਤ ਹੈ ਅਤੇ ਸਿੱਖ ਰਾਜਸੀ ਸ਼ਕਤੀ ਦਾ ਕੇਦਰੀ ਸਥਾਨ ਹੈ। ਪਹਿਲਾ ਤਖਤ ਜਿਸਨੂੰ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਨ 1609 ਈਸਵੀ ਵਿੱਚ ਤਿਆਰ ਕਰਵਾਇਆ।
ਪਹਿਲਾ ਇਸਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ । ਇਸ ਤਖਤ ਦੇ ਦਰਸ਼ਨੀ ਡਿਉਢੀ ਵਾਲੇ ਪਾਸੇ ਗੁਰੂ ਹਰਿਗੋਬਿੰਦ ਸਾਹਿਬ ਸ਼ਾਮ ਵੇਲੇ ਆਪਣਾ ਸਿੰਘਾਸਨ ਲਗਾਉਂਦੇ ਅਤੇ ਖੁੱਲੇ ਮੈਦਾਨ ਵਿੱਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਅਤੇ ਨਾਲ ਸ਼ਸਤਰਾਂ ਦਾ ਅਭਿਆਸ ਵੀ ਕੀਤਾ ਜਾਂਦਾ। ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਗੁਰੂ ਸਾਹਿਬ ਦੀਵਾਨ ਲਗਾਉਂਦੇ ਜਿਸ ਵਿੱਚ ਢਾਡੀ ਬੀਰ ਰਸੀ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼ ਅਤੇ ਉਸ਼ਾਹ ਪੈਦਾ ਕਰਦੇ।
ਸ੍ਰੀ ਅਕਾਲ ਤਖਤ ਸਾਹਿਬ ਬਣਾਉਣ ਦਾ ਇੱਕੋ ਇੱਕ ਉਦੇਸ਼ ਅਧਿਆਤਮਿਕਤਾ ਦੇ ਨਾਲ ਨਾਲ ਸਿੱਖਾਂ ਨੂੰ ਆਤਮ ਰੱਖਿਆ ਲਈ ਵੀ ਤਿਆਰ ਕੀਤਾ ਜਾਣਾ ਸੀ। ਸ਼੍ਰੀ ਅਕਾਲ ਤਖਤ ਸਾਹਿਬ ਦੁਨੀਆਂ ਦੇ ਰਾਜਸੀ ਤਖਤਾਂ ਜਾਂ ਅਦਾਲਤਾਂ ਵਰਗਾ ਨਹੀਂ ਹੈ। ਇਸ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਸਨੇ ਗੁਰਬਾਣੀ ਦੀ ਵਿਚਾਰਧਾਰਾ ਉਪਦੇਸ਼ਾਂ ਦੀ ਰੋਸ਼ਨੀ ਵਿੱਚ ਹਰ ਕਿਸਮ ਦੇ ਪੰਥਕ ਅਤੇ ਸਿੱਖਾਂ ਦੇ ਮਸਲਿਆਂ ਨੂੰ ਨਜਿੱਠਣਾ ਹੈ। ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਿਆ ਗਿਆ ਹੈ। ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ ਦੇ ਵਿਚਕਾਰ ਦੋ ਨਿਸ਼ਾਨ ਸਾਹਿਬ ਝੁਲ ਰਹੇ ਹਨ ਜੋ ਮੀਰੀ ਅਤੇ ਪੀਰੀ ਦੇ ਸੰਕਲਪ ਨੂੰ ਉਜਾਗਰ ਕਰ ਰਹੇ ਹਨ। ਇਹਨਾਂ ਵਿੱਚੋਂ ਪੀਰੀ ਦਾ ਨਿਸ਼ਾਨ ਸਾਹਿਬ ਜੋ ਕਿ ਹਰਿਮੰਦਰ ਸਾਹਿਬ ਦੇ ਵੱਲ ਹੈ ਮੀਰੀ ਦਾ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲ ਹੈ।
ਮੀਰੀ ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ ਤੋਂ ਨੀਵਾਂ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਰਾਜ ਸ਼ਕਤੀ ਨੇ ਧਰਮ ਦੀ ਤਾਬਿਆ ਹੋ ਕੇ ਚਲਣਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਾਰੀ ਮਰਿਆਦਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਨਿਸ਼ਚਿਤ ਕੀਤੀ ਸੀ। ਇਨਾ ਹੀ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਵਿੱਚ ਕਿਸੇ ਰਾਜ ਮਿਸਤਰੀ ਦੀ ਸਹਾਇਤਾ ਨਹੀਂ ਲਈ ਗਈ ਸਗੋਂ ਸਿੱਖ ਪੰਥ ਦੇ ਮਹਾਨ ਸਤਿਕਾਰਤ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ । ਸ਼੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਦੀ ਨਿਯੁਕਤੀ ਕੀਤੀ ਅਤੇ ਉਹਨਾਂ ਨੂੰ ਤਖਤ ਦਾ ਸਾਰਾ ਕੰਮ ਕਾਜ ਸੌਂਪ ਦਿੱਤਾ। ਮੌਜੂਦਾ ਸਮੇਂ ਸਿੱਖ ਭਾਵੇਂ ਵਿਦੇਸ਼ ਚ ਬੈਠਾ ਤੇ ਭਾਵੇਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਹੋਵੇ ਉਹ ਹਮੇਸ਼ਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਸਮੁੱਚੇ ਪੰਥ ਨੂੰ ਸਮਰਪਿਤ ਹੈ।
ਇੱਥੇ ਇਹ ਵੀ ਦੱਸ ਦਈਏ ਕਿ ਗੁਰਬਾਣੀ ਤੇ ਪਾਵਨ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਥਾਂ ਉਹਨਾਂ ਨੂੰ ਸੇਵਾ ਲਾਈ ਜਾਂਦੀ ਹੈ। ਇਹ ਸੇਵਾ ਉਹਨਾਂ ਦੀ ਦੁਰਮਤ ਨੂੰ ਦੂਰ ਕਰਨ ਲਈ ਉਹਨਾਂ ਦੀ ਆਤਮਾ ਦਾ ਵਿਕਾਸ ਕਰਨ ਲਈ ਗੁਰਮਤ ਦ੍ਰਿੜ ਕਰਾਉਣ ਲਈ ਅਤੇ ਗੁਰੂ ਪੰਥ ਨਾਲ ਜੋੜਨ ਲਈ ਹੁੰਦੀ ਹੈ। ਇਸ ਦਾ ਦ੍ਰਿਸ਼ਟੀਕੋਣ ਜੀਵ ਦਾ ਸੁਧਾਰ ਕਰਨਾ ਹੁੰਦਾ ਹੈ ਉਸ ਤੋਂ ਕਿਸੇ ਗੁਨਾਹ ਦਾ ਬਦਲਾ ਲੈਣ ਦੀ ਭਾਵਨਾ ਨਹੀਂ ਹੁੰਦੀ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਗੁਰਬਾਣੀ ਦੇ ਆਦਰਸ਼ਾਂ ਅਨੁਸਾਰ ਮਨੁੱਖ ਦਾ ਕਲਿਆਣ ਕਰਨ ਵਾਲਾ ਹੁੰਦਾ ਹੈ।
ਸੋ ਆਓ ਅਸੀਂ ਆਪਣੀ ਸਮੁੱਚੀ ਜ਼ਿੰਦਗੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰਦੇ ਹੋਏ ਇੱਕ ਨਿਸ਼ਾਨ ਸਾਹਿਬ ਹੇਠਾਂ ਇਕੱਠੇ ਹੋ ਕੇ ਆਪਸੀ ਵੈਰ ਵਿਰੋਧ ਅਤੇ ਵੰਡੀਆਂ ਨੂੰ ਖਤਮ ਕਰਕੇ ਪੰਥ ਦੀ ਚੜ੍ਹਦੀ ਕਲਾ ਬਾਰੇ ਕਾਰਜ ਕਰੀਏ।
– ACTION PUNJAB NEWS